ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫ਼ਤਹਿਗੜ੍ਹ ਜ਼ਿਲ੍ਹੇ ਦੇ ਅਮਰਾਲਾ ਪਿੰਡ ਅਤੇ ਲੁਧਿਆਣਾ ਜ਼ਿਲ੍ਹੇ ਦੇ ਘੁੰਗਰਾਲੀ ਸਿੱਖਾਂ ਪਿੰਡ ਵਿਖੇ ਸਾਂਭੋ ਧਰਤੀ ਅੰਬਰ ਨਾਟਕ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਸਕੂਲੀ ਬੱਚੇ ਸ਼ਾਮਿਲ ਹੋਏ। ਇਹ ਨਾਟਕ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਅਤੇ ਵੇਰਕਾ ਵੱਲੋਂ ਸਾਂਝੇ ਉਪਰਾਲਿਆਂ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੇਰਕਾ ਦੇ ਡਾਇਰੈਕਟਰ ਸ. ਗੁਰਚਰਨ ਸਿੰਘ ਬਾਠ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਸੁਭਾਸ਼ ਚੰਦਰ ਸ਼ਰਮਾ ਵੇਰਕਾ ਦੇ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ, ਕੇਂਦਰ ਦੇ ਵਿਗਿਆਨੀ ਡਾ. ਦਵਿੰਦਰ ਤਿਵਾੜੀ, ਡਾ. ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਸ ਮੌਕੇ ਸ. ਬਾਠ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਮਿੱਟੀ ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਅ ਸਕੀਏ। ਉਨ੍ਹਾਂ ਕਿਹਾ ਕਿ ਇਸ ਸੰਦਰਭ ਅਜਿਹੇ ਨਾਟਕ ਪਿੰਡ-ਪਿੰਡ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਚੌਗਿਰਦੇ ਦੀ ਸੰਭਾਲ ਸੰਬੰਧੀ ਇੱਕ ਅਪੀਲ ਜਨ-ਸਮੂਹ ਨੂੰ ਕੀਤੀ ਜਾ ਸਕੇ। ਡਾ. ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਕਈ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਲਗਾਏ ਜਾਂਦੇ ਹਨ ਜਿਸ ਨਾਲ ਅਸੀਂ ਕੁਦਰਤੀ ਸੋਮਿਆਂ ਦੀ ਸੁਚੱਜੀ ਸਾਂਭ-ਸੰਭਾਲ ਕਰ ਸਕਦੇ ਹਾਂ। ਡਾ. ਸੁਰਜੀਤ ਸਿੰਘ ਭਦੌੜ ਨੇ ਵੇਰਕਾ ਵੱਲੋਂ ਆਰੰਭੇ ਪ੍ਰੋਗਰਾਮਾਂ ਸੰਬੰਧੀ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਰਸਾਇਣਾਂ ਦੀ ਅੰਧਾ-ਧੁੰਦ ਵਰਤੋਂ ਨਾਲ ਖਾਣ ਵਾਲੇ ਪਦਾਰਥ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੇ ਹਨ ਜੋ ਸਿੱਧੇ ਅਤੇ ਅਸਿੱਧੇ ਤੌਰ ਤੇ ਮਨੁੱਖੀ ਸਿਹਤ ਲਈ ਘਾਤਕ ਹੁੰਦੇ ਹਨ ।
ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਹ ਨਾਟਕ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵੱਲੋਂ ਜਾਰੀ ਪ੍ਰੋਜੈਕਟ ਅਧੀਨ ਖੇਡੇ ਜਾ ਰਹੇ ਹਨ ਜਿਸ ਵਿੱਚ ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਸੰਬੰਧੀ ਵਡਮੁੱਲਾ ਸੁਨੇਹਾ ਪ੍ਰਦਾਨ ਕੀਤਾ ਗਿਆ ਹੈ। ਨਾਟਕ ਉਪਰੰਤ ਸਕੂਲੀ ਬੱਚਿਆਂ ਅਤੇ ਕਿਸਾਨ ਵੀਰਾਂ ਨੂੰ ਸਹੀ ਰਾਹ ਦਿਖਾਉਣ ਦਾ ਸਾਹਿਤ ਵੀ ਵੰਡਿਆ ਗਿਆ ਜਿਸ ਵਿੱਚ ਛੋਟੇ-ਛੋਟੇ ਕਿਤਾਬਚੇ, ਪੱਤਾ-ਰੰਗ ਚਾਰਟ ਅਤੇ ਸਾਲ 2017-18 ਦਾ ਕੈਲੰਡਰ ਵੀ ਸ਼ਾਮਲ ਸੀ। ਨਾਟਕ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਵਿਚੋਂ ਹਰਜੀਤ, ਪਲਵਿੰਦਰ, ਸੁਰਿੰਦਰ, ਅਭਿਸ਼ੇਕ, ਅਸ਼ੀਸ਼, ਗੁਰਪ੍ਰੀਤ, ਜਸਵੰਤ ਪ੍ਰਮੁੱਖ ਸਨ ਅਤੇ ਹਰਜੀਤ ਨੇ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਕਿਸਾਨਾਂ ਤੱਕ ਇਹ ਸੁਨੇਹਾ ਨਾਟਕ ਰਾਹੀਂ ਪਹੁੰਚਾ ਕੇ ਉਹ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੇ ਹਨ ।