ਲਾਹੌਰ – ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਆਰਫਾ ਟਾਵਰ ਦੇ ਨਜ਼ਦੀਕ ਸਬਜੀ ਮਾਰਕਿਟ ਵਿੱਚ ਜਬਰਦਸਤ ਆਤਮਘਾਤੀ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਜਖਮੀ ਹੋਏ ਹਨ। ਘਟਨਾ ਸਥਾਨ ਦੇ ਕੋਲ ਹੀ ਪਾਕਿਸਤਾਨੀ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਘਰ ਹੈ। ਬਚਾਅ ਅਤੇ ਰਾਹਤ ਦਲ ਤੁਰੰਤ ਮੌਕੇ ਤੇ ਪਹੁੰਚ ਕੇ ਪੀੜਤ ਲੋਕਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰ ਰਹੇ ਹਨ।
ਸਥਾਨਕ ਪੁਲਿਸ ਨੇ ਇਸ ਨੂੰ ਇੱਕ ਆਤਮਘਾਤੀ ਹਮਲਾ ਦੱਸਿਆ ਹੈ। ਡੀਆਈਜੀ ਪੁਲਿਸ ਦਾ ਕਹਿਣਾ ਹੈ ਕਿ ਬਲਾਸਟ ਦੁਆਰਾ ਬਾਜ਼ਾਰ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਹੈ। ਜਖਮੀਆਂ ਅਤੇ ਮਰਨ ਵਾਲਿਆਂ ਵਿੱਚ ਕੁਝ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ। ਧਮਾਕੇ ਦੇ ਸਮੇਂ ਮੁੱਖਮੰਤਰੀ ਸ਼ਾਹਬਾਜ਼ ਮਾਡਲ ਟਾਊਨ ਸਥਿਤ ਆਪਣੇ ਦਫ਼ਤਰ ਵਿੱਚ ਇੱਕ ਮੀਟਿੰਗ ਕਰ ਰਹੇ ਸਨ। ਮੁੱਖਮੰਤਰੀ ਸ਼ਾਹਬਾਜ਼ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ। ਮੁੱਖਮੰਤਰੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ‘ਇਸ ਘਟਨਾ ਤੇ ਦੁੱਖ ਪ੍ਰਗਟ ਕਰਨ ਦੇ ਲਈ ਸ਼ਬਦ ਨਹੀਂ ਹਨ, ਵਿਸਫੋਟ ਨੇ ਕਈ ਪ੍ਰੀਵਾਰਾਂ ਨੂੰ ਨਸ਼ਟ ਕਰ ਦਿੱਤਾ ਹੈ, ਲੇਕਿਨ ਅੱਤਵਾਦੀ ਸਾਡੇ ਸੰਕਲਪ ਨੂੰ ਨਸ਼ਟ ਨਹੀਂ ਕਰ ਸਕਣਗੇ।’
No words can express the grief which grips my heart right now. Blast destroyed many families, but terrorists can never destroy our resolve..
— Shehbaz Sharif (@CMShehbaz)
ਪ੍ਰਧਾਨੰਤਰੀ ਨਵਾਜ਼ ਸ਼ਰੀਫ਼ ਨੇ ਵੀ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਜਖਮੀਆਂ ਦੇ ਬੇਹਤਰ ਇਲਾਜ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ। ਅੰਦਰੂਨੀ ਸੁਰੱਖਿਆ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਖਮੀਆਂ ਵਿੱਚ ਕਈਆਂ ਦੀ ਹਾਲਤ ਗੰਭੀਰ ਹੈ।
ਧਮਾਕੇ ਤੋਂ ਬਾਅਦ ਘਟਨਾ ਵਾਲੀ ਜਗ੍ਹਾ ਤੇ ਅਫੜਾਤਫੜੀ ਮੱਚ ਗਈ। ਜਖਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੰਨ੍ਹਾਂ ਵਿੱਚ ਕਈ ਲੋਕਾਂ ਦੀ ਹਾਲਤ ਸੀਰੀਅਸ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪ੍ਰਭਾਵਿਤ ਏਰੀਏ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।