ਮੁੰਬਈ – ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਦਾਮੋਦਰ ਪਾਰਕ ਦੇ ਕੋਲ ਇੱਕ ਇਮਾਰਤ ਦੇ ਡਿੱਗਣ ਦੇ ਮਾਮਲੇ ਵਿੱਚ ਸਿ਼ਵਸੈਨਾ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਬਿਲਡਿੰਗ ਵਿੱਚ ਇਹ ਹਾਦਸਾ ਹੋਇਆ, ਉਸ ਵਿੱਚ ਸਿ਼ਵਸੈਨਾ ਨੇਤਾ ਦਾ ਨਰਸਿੰਗ ਹੋਮ ਸੀ। ਸਿ਼ਵਸੈਨਾ ਤੇ ਇਹ ਆਰੋਪ ਹੈ ਕਿ ਨਰਸਿੰਗ ਹੋਮ ਵਿੱਚ ਮੁਰੰਮਤ ਦੇ ਦੌਰਾਨ ਤੋੜਫੋੜ ਕਰਨ ਕਰਕੇ ਇਮਾਰਤ ਡਿੱਗ ਗਈ। ਸਿ਼ਵਸੈਨਾ ਨੇਤਾ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਹਾਦਸੇ ਵਿੱਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 30 ਤੋਂ ਵੱਧ ਜਖਮੀ ਹੋਏ ਹਨ। ਮਲਬੇ ਵਿੱਚ ਦੱਬੇ ਗਏ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।
‘ਸਿੱਧ – ਸਾਂਈ ਕੋਆਪਰੇਟਿਵ ਹਾਊਸਿੰਗ ਸੁਸਾਇਟੀ’ ਦੇ ਨਿਵਾਸੀਆਂ ਅਨੁਸਾਰ ਗਰਾਊਂਡ ਫਲੋਰ ਵਿੱਚ ਸਥਿਤ ਨਰਸਿੰਗ ਹੋਮ ਵਿੱਚ ਮੁਰੰਮਤ ਦਾ ਕੰ ਚੱਲ ਰਿਹਾ ਸੀ, ਜਿਸ ਕਰਕੇ ਇਮਾਰਤ ਦੇ ਖੰਭੇ ਕਮਜ਼ੋਰ ਹੋ ਗਏ ਸਨ। 15 ਫਲੈਟਾਂ ਵਾਲੀ ਇਹ ਬਿਲਡਿੰਗ ਢਹਿ ਗਈ। ਇਹ ਨਰਸਿੰਗ ਹੋਮ ਸਿ਼ਵਸੈਨਾ ਦੇ ਸਥਾਨਕ ਨੇਤਾ ਸੁਨੀਲ ਸਿ਼ਤਪ ਦਾ ਦੱਸਿਆ ਜਾ ਰਿਹਾ ਹੈ। ਸਿ਼ਤਪ ਦੇ ਖਿਲਾਫ਼ ਆਈਪੀਸੀ ਦੀ ਧਾਰਾ 304, 336 ਅਤੇ 338 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ ਸਿ਼ਤਪ ਨੂੰ ਬੀਤੀ ਰਾਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾ ਦੀ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ, ਜੋ 15 ਦਿਨਾਂ ਵਿੱਚ ਰਿਪੋਰਟ ਦੇਵੇਗੀ।