ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਨਤੀਸ਼ ਦੇ ਮਹਾਂਗਠਬੰਧਨ ਸਰਕਾਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਸ ਤੇ ਜਮ ਕੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸੰਘਮੁਕਤ ਭਾਰਤ ਦੀ ਗੱਲ ਕਰਨ ਵਾਲੇ ਹੁਣ ਉਸੇ ਹੀ ਬੀਜੇਪੀ ਦੀ ਗੋਦ ਵਿੱਚ ਜਾ ਬੈਠੇ ਹਨ। ਮੋਦੀ ਵੱਲੋਂ ਕੀਤੇ ਗਏ ਟਵੀਟ ਦਾ ਹਵਾਲਾ ਦਿੰਦੇ ਹੋਏ ਲਾਲੂ ਜੀ ਨੇ ਕਿਹਾ ਕਿ ਇਹ ਪੂਰਾ ਮਾਮਲਾ ਪਹਿਲਾਂ ਤੋਂ ਹੀ ਸੈਟ ਸੀ, ਇਸੇ ਲਈ ਨਤੀਸ਼ ਦੇ ਅਸਤੀਫ਼ਾ ਦਿੰਦੇ ਹੀ ਮੋਦੀ ਨੇ ਉਸ ਨੂੰ ਵਧਾਈ ਵੀ ਦੇ ਦਿੱਤੀ।
ਲਾਲੂ ਪ੍ਰਸਾਦ ਯਾਦਵ ਨੇ ਨਤੀਸ਼ ਦੇ ਖਿਲਾਫ਼ 1991 ਵਿੱਚ ਪੰਡਾਰਕ ਥਾਣੇ ਵਿੱਚ ਦਰਜ਼ ਇੱਕ ਹੱਤਿਆ ਦੇ ਮਾਮਲੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਵੀ ਵੱਡਾ ਅਪਰਾਧ ਅੱਤਿਆਚਾਰ ਹੈ। ਤੇਜਸਵੀ ਦੇ ਖਿਲਾਫ਼ ਤਾਂ ਕੇਵਲ ਭ੍ਰਿਸ਼ਟਾਚਾਰ ਦਾ ਆਰੋਪ ਹੈ, ਪਰ ਨਤੀਸ਼ ਤਾਂ ਹੱਤਿਆ ਦਾ ਮੁੱਖ ਆਰੋਪੀ ਹੈ। ਇਸ ਵਿੱਚ ਉਸ ਨੂੰ ਉਮਰ ਕੈਦ ਜਾਂ ਫਾਂਸੀ ਵੀ ਹੋ ਸਕਦੀ ਹੈ। ਫਿਰ ਉਹ ਸੀਐਮ ਕਿਵੇਂ ਬਣ ਗਏ? ਲਾਲੂ ਜੀ ਨੇ ਦਾਅਵਾ ਕੀਤਾ ਕਿ ਨਤੀਸ਼ ਨੇ ਆਪਣੇ ਰਸੂਖ ਨਾਲ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਉਨ੍ਹਾਂ ਨੇ ਮੀਡੀਆ ਨੂੰ ਨਤੀਸ਼ ਦੇ ਖਿਲਾਫ਼ ਹੱਤਿਆ ਦੇ ਪੇਪਰ ਵੀ ਵਿਖਾਏ।
ਉਨ੍ਹਾਂ ਨੇ ਨਤੀਸ਼ ਦੀ ‘ਜੀਰੋ ਟਾਲਰੈਂਸ’ ਨੀਤੀ ਨੂੰ ਵਿਖਾਵਾ ਕਰਾਰ ਦਿੱਤਾ। ਲਾਲੂ ਪ੍ਰਸਾਦ ਨੇ ਕਿਹਾ ਕਿ ਇਹ ਪੁੱਤਰ ਮੋਹ ਦੀ ਨਹੀਂ ਸਗੋਂ ਸਿਧਾਂਤਾਂ ਦੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਨਤੀਸ਼ ਹੁਣ ਤੱਕ ਆਪਣੇ ਅਹੁਦੇ ਦਾ ਇਸਤੇਮਾਲ ਕਰਕੇ ਹੱਤਿਆ ਦੇ ਮਾਮਲੇ ਤੋਂ ਬਚਦੇ ਆ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਹ ਇਸ ਕੇਸ ਵਿੱਚ ਫਸਣ ਵਾਲੇ ਹਨ, ਇਸੇ ਲਈ ਉਨ੍ਹਾਂ ਨੇ ਬੀਜੇਪੀ ਨਾਲ ਪਹਿਲਾਂ ਤੋਂ ਹੀ ਸੈਟਿੰਗ ਕਰ ਲਈ ਸੀ।