ਪਟਿਆਲਾ : ਪੰਜਾਬੀਆਂ ਦੀ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਉਹ ਆਪਣੀ ਵਿਰਾਸਤ ਨੂੰ ਭੁਲਦੇ ਜਾ ਰਹੇ ਹਨ। ਉਹ ਕੌਮਾਂ ਹਮੇਸ਼ਾ ਤਰੱਕੀ ਕਰਦੀਆਂ ਰਹਿੰਦੀਆਂ ਹਨ ਜਿਹੜੀਆਂ ਆਪਣੀ ਵਿਰਾਸਤ ਉਪਰ ਪਹਿਰਾ ਦੇ ਕੇ ਉਨ੍ਹਾਂ ਦੇ ਅਸੂਲਾਂ ਨੂੰ ਅਪਣਾ ਲੈਂਦੀਆਂ ਹਨ। ਪੰਜਾਬੀਆਂ ਨਾਲੋਂ ਬਹੁਤਾ ਕਸੂਰ ਪੰਜਾਬ ਦੇ ਇਤਿਹਾਸਕਾਰਾਂ ਅਤੇ ਵਿਦਵਾਨਾ ਦਾ ਹੈ ਜਿਨ੍ਹਾਂ ਆਪਣੀ ਕੌਮ ਦਾ ਇਤਿਹਾਸ ਲਿਖਣ ਵਿਚ ਅਣਗਹਿਲੀ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਦਵਾਨ ਡਾ.ਤਾਰਾ ਸਿੰਘ ਸੰਧੂ ਨੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਅਰਬਨ ਅਸਟੇਟ ਦੀ ਮਾਸਕ ਮੀਟਿੰਗ ਵਿਚ ਬੋਲਦਿਆਂ ਕੀਤਾ। ਉਹ ਪੰਜਾਬ ਦੀ ਬਹੁਪੱਖੀ ਪੁਰਾਤਨ ਵਿਰਾਸਤ ਵਿਸ਼ੇ ਤੇ ਭਾਸ਼ਣ ਦੇ ਰਹੇ ਸਨ। ਉਨ੍ਹਾਂ ਅੱਗੋਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਪਰਦੇਸ ਵਿਚ ਵਸ ਰਹੇ ਪੰਜਾਬੀ ਅਤੇ ਇਥੋਂ ਤੱਕ ਕਿ ਵਿਦੇਸ਼ੀ ਵੀ ਅਪਣਾ ਰਹੇ ਹਨ। ਇਸਦਾ ਕਾਰਨ ਇਹ ਵੀ ਹੈ ਕਿ ਪੰਜਾਬੀਆਂ ਵਿਚ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ। ਉਨ੍ਹਾਂ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੀਆਂ ਪੁਸਤਕਾਂ ਪੜ੍ਹਕੇ ਆਪਣੀ ਵਿਰਾਸਤ ਨਾਲ ਬਾਵਾਸਤਾ ਰਹਿਣ ਲਈ ਕੋਸ਼ਿਸਾਂ ਕਰਨ।ਇਸ ਮੌਕੇ ਤੇ ਸੋਸਾਇਟੀ ਵੱਲੋਂ ਤਾਰਾ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ ਕਿਉਂਕਿ ਉਹ ਸੀਨੀਅਰ ਸਿਟੀਜ਼ਨਜ਼ ਨੂੰ ਸੰਬੋਧਨ ਕਰਨ ਲਈ ਵਿਸ਼ੇਸ ਤੌਰ ਤੇ ਮੋਗੇ ਤੋਂ ਆਏ ਸਨ। ਜੁਲਾਈ ਮਹੀਨੇ ਵਿਚ ਜਿਹੜੇ ਸੀਨੀਅਰ ਸਿਟੀਜ਼ਨਜ਼ ਦੇ ਜਨਮ ਦਿਵਸ ਸਨ ਉਨ੍ਹਾਂ ਨੂੰ ਤੋਹਫੇ ਦੇ ਕੇ ਸੋਸਾਇਟੀ ਵੱਲੋਂ ਮੁਬਾਰਕਬਾਦ ਦਿੱਤੀ ਗਈ। ਸੋਸਾਇਟੀ ਨੇ ਬਜ਼ੁਰਗਾਂ ਦੀਆਂ ਖੇਡਾਂ ਵਿਚ ਨਾਮਣਾ ਖੱਟਣ ਵਾਲੇ ਸੋਸਾਇਟੀ ਦੇ ਸੀਨੀਅਰ ਮੈਂਬਰ ਅਜੀਤ ਸਿੰਘ ਨੂੰ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ। ਰਣਜੀਤ ਸਿੰਘ ਭਿੰਡਰ ਪ੍ਰਧਾਨ ਨੇ ਤਾਰਾ ਸਿੰਘ ਸੰਧੂ ਦਾ ਧੰਨਵਾਦ ਕੀਤਾ।