ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਵਾਂ ਪ੍ਰਕਾਸ਼ ਪੁਰਬ ਨਵੰਬਰ 2019 ਵਿਚ ਆ ਰਿਹਾ ਹੈ। ਇਹ ਪਾਵਨ ਦਿਵਸ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸਿੱਖ ਸੰਸਥਾਂਵਾਂ ਤੇ ਪੰਜਾਬ ਸਰਕਾਰ ਨੂੰ ਹੁਣੇ ਤੋਂ ਵਿਸ਼ੇਸ਼ ਯੋਜਨਾਵਾਂ ਤੇ ਪ੍ਰੋਗਰਾਮ ਬਣਾ ਕੇ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਵਿਦੇਸ਼ ਵਿਚ ਰਹਿੰਦੇ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਆਪਣੇ ਤੌਰ ਤੇ ਪ੍ਰੋਗਰਾਮ ਮਨਾਉਣੇ ਚਾਹੀਦੇ ਹਨ।
ਗੁਰੂ ਸਾਹਿਬ ਦਾ ਪਾਵਨ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਜੋਤੀ ਜੋਤਿ ਸਮਾਉਣ ਦਾ ਸਥਾਨ ਕਰਤਾਰਪੁਰ ਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਪ੍ਰਮੁੱਖ ਗੁਰਦੁਆਰੇ ਜਿਵੇਂ ਕਿ ਸੱਚਾ ਸੌਦਾ, ਪੰਜਾ ਸਾਹਿਬ, ਚੱਕੀ ਸਾਹਿਬ ਤੇ ਕਈ ਹੋਰ ਗੁਰਧਾਮ ਪਾਕਿਸਤਾਨ ਵਿੱਚ ਹਨ, ਇਸ ਲਈ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾ ਸਭਨਾਂ ਗੁਰਧਾਮਾਂ ਦਾ ਵਿਸਥਾਰ ਤੇ ਸੁੰਦਰੀਕਰਨ ਲਈ ਸਲਾਹ ਦੇਣੀ ਚਾਹੀਦੀ ਹੈ। ਪਿੱਛਲੇ ਕਈ ਸਾਲਾਂ ਤੋ ਪਾਕਿਸਤਾਨ ਸਰਕਾਰ ਨਨਕਾਣਾ ਸਹਿਬ ਵਿਖੇ ਗੁਰੂ ਨਾਨਕ ਇੰਟਨੈਸ਼ਨਲ ਯੂਨੀਵਰਸਿਟੀ ਤੇ ਏਮਜ਼ ਵਰਗਾ ਸੁਪਰ ਸਪੈਸ਼ਲਟੀ ਇਕ ਬਹੁਤ ਵਡਾ ਹਸਪਤਾਲ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ, ਇਸ ਨੂੰ ਹੁਣ ਉਸ ਦਿਹਾੜੇ ਤੋਂ ਪਹਿਲਾਂ ਪਹਿਲਾਂ ਸਥਾਪਤ ਕਰ ਦੇਣਾ ਚਾਹੀਦਾ ਹੈ।
ਭਾਰਤ ਵਿਚ ਦੇਸ਼ ਪੱਧਰ ਤੇ ਇਹ ਇਤਿਹਾਸਿਕ ਦਿਹਾੜਾ ਧੂਮ ਧਾਮ ਨਾਲ ਮਨਾੲਿਆ ਜਾਵੇ। ਇਸ ਸਾਲ ਜਨਵਰੀ ਮਹੀਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ 350-ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਦੇਸ਼ ਭਰ ਵਿਚ ਮਨਾੲਆ ਗਿਆ, ਮੁੱਖ ਸਮਾਗਮ ਪਟਨਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਮਿਲ ਹੋਏ ਸਨ, ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਸਾਰੇ ਪ੍ਰਬੰਧ ਬਹੁਤ ਹੀ ਸੁੱਚਜੇ ਢੰਗ ਨਾਲ ਕੀਤੇ ਸਨ, ਜਿਸ ਦੀ ਸਭ ਪਾਸਿਓ ਸ਼ਲਾਘਾ ਕੀਤੀ ਗਈ। ਹੁਣ ਵੀ ਕੇਂਦਰੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550-ਵੇਂ ਪ੍ਰਕਾਸ਼ ਪੁਰਬ ਲਈ ਸਬ-ਕਮੇਟੀ ਗਠਿਤ ਕਰਨ ਅਤੇ 2019 ਦੇ ਕੇਂਦਰੀ ਬਜਟ ਵਿਚ ਮਾਇਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਸਾਲ ਮਈ ਵਿਚ ਲੋਕ ਸਭਾ ਦੀਆ ਚੋਣਾਂ ਵੀ ਹੋਣੀਆਂ ਹਨ, ਇਸ ਲਈ ਸਬ-ਕਮੇਟੀ ਆਦਿ ਦੇ ਕਾਰਜ ਚੋਣਾਂ ਤੋਂ ਪਹਿਲਾਂ ਕਰਨੇ ਪੈਣਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 500-ਵਾ ਪ੍ਰਕਾਸ਼ ਦਿਵਸ ਬਹੁਤ ਸੁਹਣੇ ਢੰਗ ਨਾਲ ਮਨਾਇਅ ਗਿਆ ਸੀ। ਉਸ ਸਮੇਂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲਾ ਸਿੱਖਿਆ ਮੰਤਰੀ ਸਨ। ਇਸ ਸਮੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕੀਤੀ ਗਈ ਸੀ, ਜੋ ਅੱਜ ਇਕ ਆਪਣੀ ਪਛਾਣ ਬਣਾ ਚੁੱਕੀ ਹੈ। ਉਸ ਸਮੇਂ ਸ੍ਰੋਮਣੀ ਕਮੇਟੀ ਨੇ ਨਾਮਵਰ ਚਿਤ੍ਰਕਾਰ ਸੋਭਾ ਸਿੰਘ ਤੋਂ ਗਰੂ ਜੀ ਦਾ ਚਿਤਰ ਬਣਵਾ ਕੇ ਅਤੇ ਪ੍ਰਕਾਸਿਤ ਕਰਵਾ ਕੇ ਲਾਗਤ ਕੀਮਤ ਤੇ ਸੰਗਤਾਂ ਨੂੰ ਦਿੱਤਾ ਸੀ, ਜੋ ਬਹੁਤ ਹੀ ਹਰਮਨ ਪਿਆਰਾ ਹੋਇਆ। ਪਹਿਲੀ ਵਾਰ ਇਕ ਪੰਜਾਬੀ ਧਾਰਮਿਕ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਬਣੀ, ਜੋ ਬਹੁਤ ਹੀ ਮਕਬੂਲ ਹੋਈ ਤੇ ਇਸ ਪਿੱਛੋਂ ਲਗਾਤਾਰ ਕਈ ਧਾਰਮਿਕ ਫਿਲਮਾਂ ਬਣੀਆਂ।
ਪੰਜਾਬ ਵਿਚ ਗੁਰੂ ਨਨਕ ਸਾਹਿਬ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਸਥਾਨ ਸੁਲਤਾਨਪੁਰ ਲੋਧੀ ਹੈ। ਇਸ ਸ਼ਹਿਰ ਦਾ ਨਾਂਦੇੜ ਸ਼ਹਿਰ ਵਾਂਗ ਬਹੁਤ ਸੁਚੱਜੇ ਢੰਗ ਨਾਲ ਵਿਕਾਸ ਹੋਣਾ ਚਾਹੀਦਾ ਹੈ। ਸਾਲ 2019 ਵਿਚ ਵੀ ਕੈਪਟਨ ਸਰਕਾਰ ਹੀ ਸੱਤਾ ਵਿਚ ਹੋਵੇਗੀ, ਇਸ ਦੇ ਵਿਕਾਸ ਦੇ ਲਈ ਕੋਈ ਪ੍ਰਤਿਸ਼ਟ ਸੰਸਥਾ ਸਥਾਪਤ ਕਰਨ ਲਈ ਮਾਹਿਰਾਂ ਦੀ ਕੋਈ ਸਬ-ਕਮੇਟੀ ਗਠਿਤ ਕਰ ਦੇਣੀ ਚਾਹੀਦੀ ਹੈ।
ਗੁਰੂ ਜੀ ਦੀ ਬਾਣੀ ਘਟੋ ਘੱਟ ਜਪੁ ਜੀ ਸਾਹਿਬ ਦੇਸ਼ ਦੀਆਂ ਸਭ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਵਿਦਵਾਨਾਂ ਪਾਸ ਪਹੁੰਚਣਾ ਚਾਹੀਦਾ ਹੈ।
ਇਸ ਸਮੇਂ ਸ਼੍ਰੋਮਣੀ ਕਮੇਟੀ, ਦਿੱਲੀ ਗੁ. ਕਮੇਟੀ ਤੇ ਬਾਕੀ ਸਿੱਖ ਸੰਸਥਾਵਾਂ ਨੂੰ ਮੱਧ ਭਾਰਤ ( ਮੱਧ ਪ੍ਰਦੇਸ਼, ਛਤੀਸਗੜ੍ਹ,ਆਂਧਰਾ ਪ੍ਰਦੇਸ਼ ਤੇ ਮਹਾਂਰਾਸ਼ਟਰ) ਵਿਚ ਆਪਣੇ ਭੁਲੇ ਵਿਸਰੇ ਸਿਕਲੀਗਰ ਵਣਜਾਰੇ ਭਰਾਵਾਂ ਨੂੰ ਆਪਣੇ ਨਾਲ ਜੋੜ ਕੇ ਸਿੱਖ ਪੰਥ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।
ਵਿਦਵਾਨ ਤੇ ਚਿੰਤਕ ਇਸ ਸਮਾਗਮ ਲਈ ਆਪਣੇ ਆਪਣੇ ਵੱਡਮੁਲੇ ਸੁਝਾਓ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਦੇ ਸਕਦੇ ਹਨ। ਸਮਾਂ ਬਹੁਤ ਥੋੜਾ ਰਹਿ ਗਿਆ ਹੈ, ਆਪਣੇ ਤੌਰ ਤੇ ਤਿਆਰੀਆ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ।