ਫ਼ਤਹਿਗੜ੍ਹ ਸਾਹਿਬ – “ਪਹਿਲੇ 10 ਨਵੰਬਰ 2015 ਨੂੰ ਸਮੁੱਚੀ ਸਿੱਖ ਕੌਮ ਨੇ ‘ਸਰਬੱਤ ਖ਼ਾਲਸਾ’ ਦੇ ਕੌਮੀ ਮਿਸ਼ਨ ਨੂੰ ਵੱਡਾ ਹੁੰਗਾਰਾ ਦੇ ਕੇ ਅਤੇ 7 ਲੱਖ ਸਿੱਖਾਂ ਦੇ ਇਕੱਠ ਵਿਚ ਸਰਬਸੰਮਤੀ ਨਾਲ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਕੇ ਅਤੇ ਹੋਰ ਕੌਮ ਪੱਖੀ ਫੈਸਲੇ ਕਰਕੇ ਵੱਡਾ ਉਦਮ ਕੀਤਾ ਸੀ । ਲੇਕਿਨ ਹੁਣ ਦੂਸਰੀ ਵਾਰ ਜਦੋਂ ਸਿੱਖ ਕੌਮ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵੱਲੋਂ 22 ਜੂਨ 2017 ਫਿਰੋਜ਼ਪੁਰ ਜਿ਼ਲ੍ਹੇ ਤੋਂ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਸੁਰੂ ਕੀਤੀ ਗਈ ਸੀ । ਇਹ ਸੁਧਾਰ ਲਹਿਰ ਤਕਰੀਬਨ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਹੋ ਚੁੱਕੀ ਹੈ । ਇਕ ਦੋ ਜਿ਼ਲ੍ਹੇ ਹੀ ਬਾਕੀ ਹਨ । ਪਰ ਇਨ੍ਹਾਂ ਜਿ਼ਲ੍ਹਿਆਂ ਵਿਚ ਜਿਸ ਤਰ੍ਹਾਂ ਗ੍ਰੰਥੀ ਸਿੰਘਾਂ, ਕਥਾਂਵਾਚਕਾ, ਪ੍ਰਚਾਰਕਾਂ ਅਤੇ ਧਾਰਮਿਕ ਖਿਆਲਾਤਾ ਨਾਲ ਲਿਬਰੇਜ਼ ਬੁੱਧੀਜੀਵੀਆਂ ਅਤੇ ਸਿੱਖ ਕੌਮ ਨੇ ਉਪਰੋਕਤ ਤਿੰਨੇ ਜਥੇਦਾਰ ਸਾਹਿਬਾਨ ਨੂੰ ਆਪਣੇ ਖਿਆਲਾਤਾਂ ਰਾਹੀ ਅਤੇ ਵੱਡੀ ਗਿਣਤੀ ਵਿਚ ਇਕੱਠ ਕਰਕੇ ਸਹਿਯੋਗ ਦਿੱਤਾ ਹੈ, ਉਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਸਿੱਖ ਕੌਮ ਦੀ ਬਹੁਗਿਣਤੀ ਹੁਣ ਮੀਰੀ-ਪੀਰੀ ਦੇ ਸਿਧਾਤ ਤੇ ਪਹਿਰਾ ਦਿੰਦੀ ਹੋਈ ਜਿਥੇ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੇ ਮੌਜੂਦਾ ਦੋਸ਼ਪੂਰਨ ਪ੍ਰਬੰਧ ਨੂੰ ਹਰ ਕੀਮਤ ਤੇ ਬਦਲਣ ਲਈ ਤਤਪਰ ਹੈ, ਉਥੇ ਸਿਆਸੀ ਤੌਰ ਤੇ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਵੀ ਦ੍ਰਿੜ ਹੋਈ ਪਈ ਹੈ । ਇਨ੍ਹਾਂ ਇਕੱਠਾਂ ਨੇ ਕੇਵਲ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜੀ ਦੇ ਕੌਮ ਪੱਖੀ ਉਦਮਾਂ ਨੂੰ ਪ੍ਰਵਾਨਗੀ ਦੇ ਕੇ ਹੀ ਨਹੀਂ ਸਹਲਾਇਆ, ਬਲਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਮਿੱਥੇ ਨਿਸ਼ਾਨੇ ਨੂੰ ਵੀ ਇਨ੍ਹਾਂ ਇਕੱਠਾ ਨੇ ਪੂਰਨ ਬਹੁਮੱਤ ਨਾਲ ਪ੍ਰਵਾਨਗੀ ਦਿੰਦੇ ਹੋਏ ਇਸ ਕੌਮੀ ਮੰਜਿ਼ਲ ਨੂੰ ਪ੍ਰਾਪਤ ਕਰਨ ਦੇ ਸਾਰੇ ਜਿ਼ਲ੍ਹਿਆਂ ਨੇ ਪ੍ਰਣ ਕੀਤੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਉਪਰੋਕਤ ਸਤਿਕਾਰਯੋਗ ਜਥੇਦਾਰ ਸਾਹਿਬਾਨ ਵੱਲੋਂ ਗੁਰੂਘਰਾਂ ਦੇ ਪ੍ਰਬੰਧ ਵਿਚ ਆਈਆ ਤਰੁੱਟੀਆਂ ਨੂੰ ਦੂਰ ਕਰਨ ਹਿੱਤ ਅਤੇ ਕੌਮ ਨੂੰ ਧਾਰਮਿਕ ਅਤੇ ਸਿਆਸੀ ਤੌਰ ਤੇ ਜਾਗੂਰਕ ਕਰਨ ਹਿੱਤ 22 ਜੂਨ ਤੋਂ ਵਿੱਢੇ ਗਏ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਦੇ ਕੀਤੇ ਗਏ ਉਦਮਾਂ ਅਤੇ ਸਿੱਖ ਕੌਮ ਵੱਲੋਂ ਵੱਡੇ ਪੱਧਰ ਤੇ ਦਿੱਤੇ ਗਏ ਸਹਿਯੋਗ ਲਈ ਜਥੇਦਾਰ ਸਾਹਿਬਾਨ ਅਤੇ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਮੁੱਚੇ ਭਾਰਤ ਵਿਚ ਬੀਜੇਪੀ, ਆਰ.ਐਸ.ਐਸ, ਸਿ਼ਵ ਸੈਨਾ, ਹਿੰਦੂ ਸੁਰੱਖਸਾ ਸੰਮਤੀ, ਵਿਸ਼ਵ ਹਿੰਦੂ ਪਰਿਸ਼ਦ ਆਦਿ ਕੱਟੜਵਾਦੀ ਸੰਗਠਨਾਂ ਵੱਲੋਂ ਜਮਹੂਰੀਅਤ ਪੱਖੀ ਵਿਧਾਨਿਕ ਲੀਹਾਂ ਨੂੰ ਕੁੱਚਲਕੇ ਹਿੰਦੂਤਵ ਸੋਚ ਅਧੀਨ ਦੂਸਰੇ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਅਤੇ ਘੱਟ ਗਿਣਤੀ ਕੌਮਾਂ ਨੂੰ ਤਾਕਤ ਦੀ ਧੋਸ ਨਾਲ ਜਾਂ ਦੁਨਿਆਵੀ ਲਾਲਚਾਵਾਂ ਅਧੀਨ ਜ਼ਬਰੀ ਧਰਮ ਤਬਦੀਲ ਕਰਨੇ, ਉਨ੍ਹਾਂ ਉਤੇ ਹਮਲੇ ਕਰਕੇ ਦਹਿਸਤ ਪਾਉਣ, ਬੱਚਿਆ ਦੇ ਸਿਲੇਬਸ ਅਤੇ ਕਿਤਾਬਾ ਵਿਚ ਹਿੰਦੂ ਧਰਮ ਨੂੰ ਜ਼ਬਰੀ ਠੋਸਣ, ਦੂਸਰੀਆ ਕੌਮਾਂ ਤੇ ਧਰਮਾਂ ਦੇ ਨਿਯਮਾਂ ਤੇ ਅਸੂਲਾਂ ਨੂੰ ਮੰਦਭਾਵਨਾ ਅਧੀਨ ਗਲਤ ਦਿਸ਼ਾ ਦੇਣ ਦੇ ਪ੍ਰੋਗਰਾਮ ਹੋ ਰਹੇ ਹਨ, ਉਸ ਸਮੇਂ ਜਥੇਦਾਰ ਸਾਹਿਬਾਨ ਵੱਲੋਂ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਤਹਿਤ ਕੇਵਲ ਧਾਰਮਿਕ ਤੌਰ ਤੇ ਹੀ ਸਭ ਕੌਮਾਂ, ਧਰਮਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ, ਬਲਕਿ ਮੀਰੀ-ਪੀਰੀ ਦੇ ਸਿਧਾਤ ਨੂੰ ਮੁੱਖ ਰੱਖਕੇ ਇਨ੍ਹਾਂ ਇਕੱਤਰਤਾਵਾਂ ਵਿਚ ਗ੍ਰੰਥੀਆਂ ਅਤੇ ਹੋਰ ਪ੍ਰਚਾਰਕਾਂ ਨੂੰ ਕੌਮੀ ਸਿਆਸੀ ਮਿਸ਼ਨ ਦੀ ਜਾਣਕਾਰੀ ਵੀ ਖੁੱਲ੍ਹੇ ਰੂਪ ਵਿਚ ਦਿੱਤੀ ਜਾ ਰਹੀ ਹੈ । ਕਿਉਂਕਿ ਸਿੱਖ ਕੌਮ ਦੀ ਧਰਮ ਅਤੇ ਰਾਜਨੀਤੀ ਗੁਰੂ ਸਾਹਿਬਾਨ ਨੇ ਬਹੁਤ ਸਦੀਆ ਪਹਿਲੇ ਹੀ ਮੀਰੀ-ਪੀਰੀ ਦੇ ਸਿਧਾਤ ਰਾਹੀ ਇਕੱਤਰ ਕਰ ਦਿੱਤੀ ਸੀ । ਉਸ ਸਮੇਂ ਤੋਂ ਹੀ ਸਿੱਖ ਕੌਮ ਦੇ ਧਾਰਮਿਕ ਅਤੇ ਸਿਆਸੀ ਪ੍ਰੋਗਰਾਮ ਨਾਲੋ-ਨਾਲ ਇਕ ਦੂਸਰੇ ਦੇ ਪੂਰਕ ਬਣਕੇ ਚੱਲਦੇ ਆ ਰਹੇ ਹਨ । ਜੋ ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਇਨ੍ਹਾਂ ਇਕੱਤਰਤਾਵਾਂ ਦੀ ਰੂਪ ਰੇਖਾ ਨੂੰ ਯੋਜਨਾਬੰਦ ਢੰਗ ਰਾਹੀ ਸੁਰੂ ਕੀਤਾ ਅਤੇ ਸਮੁੱਚੇ ਪੰਜਾਬ ਦੀਆਂ ਇਕੱਤਰਤਾਵਾ ਵਿਚ ਘੱਟ ਗਿਣਤੀ ਕੌਮਾਂ ਅਤੇ ਦੂਸਰੇ ਧਰਮਾਂ ਦੀ ਮੁਕੰਮਲ ਸੁਰੱਖਿਆ, ਮਾਣ-ਸਤਿਕਾਰ ਕਾਇਮ ਕਰਨ ਲਈ ਅਤੇ ਸਿੱਖੀ ਪ੍ਰੰਪਰਾਵਾਂ ਤੇ ਮਰਿਯਾਦਾ ਨੂੰ ਸਹੀ ਰੂਪ ਵਿਚ ਪ੍ਰਚੱਲਿਤ ਕਰਨ ਹਿੱਤ ਪ੍ਰੋਗਰਾਮ ਤੇ ਸੰਦੇਸ਼ ਦਿੱਤੇ ਹਨ, ਉਹ ਕੇਵਲ ਇਕੱਤਰਤਾਵਾਂ ਵਿਚ ਹਾਜਰੀਨ ਗ੍ਰੰਥੀ ਅਤੇ ਪ੍ਰਚਾਰਕ ਸਿੰਘਾਂ ਨੇ ਹੀ ਨਹੀਂ ਪ੍ਰਸੰਸਾਂ ਨਹੀਂ ਕੀਤੀ, ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਸਿੰਘ ਸਾਹਿਬਾਨ ਦੇ ਧਰਮੀ ਅਤੇ ਸਿਆਸੀ ਕੀਤੇ ਜਾ ਰਹੇ ਉਦਮਾਂ ਦੀ ਭਰਪੂਰ ਪ੍ਰਸੰਸਾਂ ਕਰਦਾ ਹੈ ਅਤੇ ਸਿੱਖ ਕੌਮ ਨੂੰ ਇਨ੍ਹਾਂ ਜਥੇਦਾਰ ਸਾਹਿਬਾਨ ਵੱਲੋਂ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਵਿੱਢੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਇਮਾਨਦਾਰੀ ਨਾਲ ਸਹਿਯੋਗ ਕਰਨ ਅਤੇ ਕਾਮਯਾਬ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ ।
ਇਸ ਦੇ ਨਾਲ ਹੀ ਸਿੱਖ ਕੌਮ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਹਰ ਗੁਰਸਿੱਖ ਪਰਿਵਾਰ ਦੇ ਹਰ ਮੈਂਬਰ ਵੱਲੋਂ ਸ. ਜਸਜੀਤ ਸਿੰਘ, ਕਵੀ ਰਾਜ, ਜੈ ਖੰਨਾ ਵੱਲੋਂ ਬਣਾਈ ਗਈ ਅਤੇ ਸ੍ਰੀ ਕਵੀ ਰਾਜ ਵੱਲੋਂ ਨਿਰਦੇਸਿਤ ਕੀਤੀ ਗਈ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਦਰਸਾਉਣ ਵਾਲੀ ਆਈ ਫਿਲਮ ‘ਦ ਬਲੈਕ ਪ੍ਰਿੰਸ’ ਜ਼ਰੂਰ ਦੇਖੀ ਜਾਵੇ ਅਤੇ ਫਿਰ ਉਸ ਫਿਲਮ ਵਿਚ ਦਿੱਤੇ ਗਏ ਸੱਚ ਨੂੰ ਮੁੱਖ ਰੱਖਦੇ ਹੋਏ ਹਰ ਗੁਰਸਿੱਖ ਆਪਣੀ ਖੋਹੀ ਹੋਈ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਨੂੰ ਫਿਰ ਤੋਂ ਬਹਾਲ ਕਰਨ ਲਈ ਹਰ ਖੇਤਰ ਵਿਚ ਤਤਪਰ ਰਹੇ ।