ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਜੰਗ ਦੇ ਸਖ਼ਤ ਵਿਰੁੱਧ ਹੈ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਬਣਨਗੇ ਅਤੇ ਸਿੱਖ ਕੌਮ ਜਿਸਦਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਜਾਂ ਮੁਲਕ ਆਦਿ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਤੇ ਦੁਸ਼ਮਣੀ ਨਹੀਂ ਹੈ, ਉਸਦੀ ਬਿਨ੍ਹਾਂ ਵਜਹ ਨਸ਼ਲਕੁਸੀ ਹੋ ਕੇ ਰਹਿ ਜਾਵੇਗੀ । ਦੂਸਰਾ ਜੰਗ ਵਰਗੀਆ ਲਾਹਨਤਾਂ ਸਭ ਇਨਸਾਨੀ ਕਦਰਾ-ਕੀਮਤਾ, ਜਮਹੂਰੀਅਤ ਅਤੇ ਅਮਨ-ਚੈਨ ਦਾ ਘਾਣ ਕਰ ਦਿੰਦੀ ਹੈ । ਇਸ ਲਈ ਅਸੀਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਅਜਿਹਾ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਵਰਤਾਰਾ ਬਿਲਕੁਲ ਨਹੀਂ ਹੋਣ ਦੇਵਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ-ਫੌ਼ਜ ਦੇ ਮੁੱਖੀ ਸ੍ਰੀ ਵਿਪਨ ਰਾਵਤ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਉਤੇ ਭਾਰਤੀ ਫ਼ੌਜਾਂ ਦੀਆਂ ਯੂਨਿਟਾਂ ਅਤੇ ਬ੍ਰਿਗੇਡਾਂ ਨੂੰ ਜੰਗ ਲਈ ਤਿਆਰ ਰਹਿਣ ਦੇ ਹੁਕਮਾਂ ਨੂੰ ਅਤਿ ਮੰਦਭਾਗਾਂ, ਸਿੱਖ ਅਤੇ ਮੁਸਲਿਮ ਕੌਮ ਵਿਰੋਧੀ ਸਾਜਿ਼ਸ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸਿੱਖ ਬਹੁ-ਵਸੋਂ ਵਾਲਾ ਸੂਬਾ ਹੈ ਅਤੇ ਜੰਮੂ-ਕਸ਼ਮੀਰ ਮੁਸਲਿਮ ਬਹੁ-ਵਸੋਂ ਵਾਲਾ ਸੂਬਾ ਹੈ । ਭਾਰਤੀ ਹੁਕਮਰਾਨ ਅਤੇ ਫ਼ੌਜ ਦੇ ਹਿੰਦੂਤਵ ਸੋਚ ਵਾਲੇ ਮੁੱਖੀ ਇਕ ਮੰਦਭਾਵਨਾ ਅਧੀਨ ਪੰਜਾਬੀਆਂ, ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਜੰਗ ਵਰਗੀ ਭਿਆਨਕ ਦੁਖਾਂਤ ਵੱਲ ਇਸ ਲਈ ਧਕੇਲਣ ਦੀ ਸਾਜਿ਼ਸ ਰਚ ਰਹੇ ਹਨ, ਕਿਉਂਕਿ ਇਹ ਦੋਵੇ ਕੌਮਾਂ ਘੱਟ ਗਿਣਤੀ ਕੌਮਾਂ ਹਨ । ਜਦੋਂਕਿ ਦੂਸਰੇ ਪਾਸੇ ਸ੍ਰੀ ਵਿਪਨ ਰਾਵਤ ਉਤਰਾਖੰਡ ਦੇ ਰਹਿਣ ਵਾਲੇ ਹਨ । ਉਤਰਾਖੰਡ ਦੇ ਜਿ਼ਲ੍ਹਾ ਚੰਮੋਲੀ ਜੋ ਚੀਨ ਦੀ ਸੀਨੋ-ਭਾਰਤ ਸਰਹੱਦ ਬਾਰਾਹੋਤੀ ਖੇਤਰ ਦੇ ਨਾਲ ਲੱਗਦਾ ਹੈ ਅਤੇ ਸਿੱਕਮ ਵਿਚ ਜਿਥੇ ਚੀਨੀ ਫ਼ੌਜਾਂ ਉਥੇ ਪੂਰੇ ਲਾਮ-ਲਸ਼ਕਰ ਨਾਲ ਦਾਖਲ ਹੋ ਚੁੱਕੀਆ ਹਨ ਅਤੇ ਇਸ ਇਲਾਕੇ ਵਿਚ ਆਪਣੀਆਂ ਫ਼ੌਜੀ ਸਰਗਰਮੀਆਂ ਕਰ ਰਹੀਆਂ ਹਨ, ਉਥੇ ਇਹ ਹਿੰਦੂ ਹੁਕਮਰਾਨ ਅਤੇ ਫ਼ੌਜ ਦੇ ਮੁੱਖੀ ਸ੍ਰੀ ਰਾਵਤ ਉੱਧਰ ਮੂੰਹ ਇਸ ਕਰਕੇ ਨਹੀਂ ਕਰਦੇ, ਕਿਉਂਕਿ ਇਹ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਹਨ ਅਤੇ ਚੀਨ ਨਾਲ ਜੰਗ ਲੱਗਣ ਦੀ ਸੂਰਤ ਵਿਚ ਵੱਡੀ ਗਿਣਤੀ ਵਿਚ ਹਿੰਦੂ ਮੌਤ ਦੇ ਮੂੰਹ ਵਿਚ ਜਾਣਗੇ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਮਨੁੱਖਤਾ ਦੇ ਖੂਨ ਨੂੰ ਅਜਾਈ ਡੋਲਣ ਦੇ ਵਿਰੁੱਧ ਹੈ ।
ਸ. ਮਾਨ ਨੇ ਕਿਹਾ ਕਿ ਜੋ ਭਾਰਤ ਇਥੇ ਬੋਫਰ ਤੋਪਾ ਤਿਆਰ ਕਰ ਰਿਹਾ ਹੈ, ਉਸ ਵਿਚ ਜੋ ਸਪੇਅਰ-ਪਾਰਟਸ ਲਗਾਇਆ ਜਾ ਰਿਹਾ ਹੈ, ਉਹ ਦੱਸਿਆ ਜਰਮਨ ਦਾ ਜਾ ਰਿਹਾ ਹੈ, ਜਦੋਕਿ ਇਹ ਸਪੇਅਰ ਪਾਰਟਸ ਚੀਨ ਦੇ ਹਨ । ਆਪਣੇ ਦੁਸ਼ਮਣ ਮੁਲਕ ਦੇ ਸਪੇਅਰ ਪਾਰਟਸ ਇਨ੍ਹਾਂ ਤੋਪਾ ਵਿਚ ਲਗਾਕੇ ਕੀ ਨਤੀਜਾ ਕੱਢੇਗਾ, ਉਹ ਸਪੱਸਟ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਭਾਰਤ ਦੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਸ੍ਰੀ ਐਸ.ਐਸ. ਧਨੋਆ ਆਪਣੀ ਹਵਾਈ ਫ਼ੌਜ ਵਿਚ ਲੋੜੀਦੇ ਤਾਕਤ ਵਾਲੇ ਜਹਾਜ਼ ਅਤੇ ਹੋਰ ਜੰਗੀ ਸਮਾਨ ਦੀ ਘਾਣ ਹੋਣ ਦੀ ਬਦੌਲਤ ਸਪੱਸਟ ਰੂਪ ਵਿਚ ਕਹਿ ਰਹੇ ਹਨ ਕਿ ਅਸੀਂ ਜੰਗ ਤਾਂ ਲੜਾਂਗੇ, ਲੇਕਿਨ ਅਸੀਂ ਦੋ-ਮੋਰਚਿਆਂ ਪਾਕਿਸਤਾਨ ਜਾਂ ਚੀਨ ਨਾਲ ਇਕੱਠੇ ਲੜਨ ਦੀ ਸਮਰੱਥਾਂ ਨਹੀਂ ਰੱਖਦੇ, ਦੀ ਗੱਲ ਤੋਂ ਸ੍ਰੀ ਵਿਪਨ ਰਾਵਤ ਅਤੇ ਭਾਰਤੀ ਹੁਕਮਰਾਨਾਂ ਦੇ ਗੁਆਂਢੀ ਮੁਲਕਾਂ ਨਾਲ ਜੰਗ ਲੜਨ ਦੀਆਂ ਭਬਕੀਆ ਦੀ ਅਸਲ ਖੋਖਲੀ ਤਸਵੀਰ ਸਾਹਮਣੇ ਆ ਜਾਂਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤੀ ਹੁਕਮਰਾਨਾਂ ਤੇ ਭਾਰਤੀ ਫ਼ੌਜ ਦੇ ਮੁੱਖੀ ਨੂੰ ਇਹ ਇਨਸਾਨੀਅਤ ਪੱਖੀ ਅਤੇ ਅਮਨ-ਚੈਨ ਪੱਖੀ ਸਲਾਹ ਦੇਣੀ ਚਾਹਵੇਗਾ ਕਿ ਉਹ ਮੁਤੱਸਵੀ ਸੋਚ ਅਧੀਨ ਮੁਸਲਿਮ ਅਤੇ ਸਿੱਖ ਕੌਮ ਦੇ ਇਲਾਕਿਆ ਨੂੰ ਜੰਗ ਵੱਲ ਧਕੇਲਣ ਅਤੇ ਉਨ੍ਹਾਂ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਬਿਲਕੁਲ ਗੁਸਤਾਖੀ ਨਾ ਕਰੇ । ਕਿਉਂਕਿ ਇਕ ਤਾਂ ਭਾਰਤ ਕੋਲ ਚੀਨ ਨਾਲ ਲੜਨ ਦੀ ਸਮਰੱਥਾਂ ਹੀ ਨਹੀਂ । ਦੂਸਰਾ ਜਿਥੇ ਚੀਨ ਪੂਰੇ ਹੌਸਲੇ ਨਾਲ ਆਪਣੇ ਅਮਲੇ-ਫੈਲੇ ਤੇ ਜੰਗੀ ਸਮਾਨ ਨਾਲ ਦਾਖਲ ਹੋ ਰਿਹਾ ਹੈ, ਉਧਰ ਹੁਕਮਰਾਨ ਤੇ ਫ਼ੌਜਾਂ ਮੂੰਹ ਹੀ ਨਹੀਂ ਕਰ ਰਹੀਆ । ਤੀਸਰਾ ਪਾਕਿਸਤਾਨ ਦੀਆਂ ਸਰਹੱਦਾਂ ਜੋ ਪੰਜਾਬ ਸੂਬੇ ਅਤੇ ਜੰਮੂ-ਕਸ਼ਮੀਰ ਨਾਲ ਲੱਗਦੀਆ ਹਨ, ਉਥੇ ਜੰਗੀ ਮਾਹੌਲ ਪੈਦਾ ਕਰਕੇ ਉਪਰੋਕਤ ਦੋਵੇ ਘੱਟ ਗਿਣਤੀ ਕੌਮਾਂ ਲਈ ਮੰਦਭਾਵਨਾ ਭਰੇ ਅਮਲ ਕਰਨਾ ਚਾਹੁੰਦੇ ਹਨ ਜਿਸ ਨੂੰ ਸਿੱਖ ਵਸੋਂ ਵਾਲੇ ਇਲਾਕੇ ਅਤੇ ਜੰਮੂ-ਕਸ਼ਮੀਰ ਦੇ ਮੁਸਲਿਮ ਵਸੋਂ ਵਾਲੇ ਇਲਾਕਿਆ ਦੇ ਨਿਵਾਸੀ ਕਾਮਯਾਬ ਨਹੀਂ ਹੋਣ ਦੇਣਗੇ ।