ਬੀਜਿੰਗ – ਚੀਨ ਨੇ ਅਫ਼ਰੀਕਾ ਦੇ ਦੇਸ਼ ਦਜੀਬੂਤੀ ਵਿੱਚ ਅੱਜ ਆਪਣਾ ਪਹਿਲਾ ਵਿਦੇਸ਼ੀ ਸੈਨਿਕ ਅੱਡਾ ਰਸਮੀ ਤੌਰ ਤੇ ਖੋਲ੍ਹ ਦਿੱਤਾ ਹੈ। ਅੱਜ ਹੀ ਦੇ ਦਿਨ ਚੀਨੀ ਸੈਨਾ ਆਪਣਾ ਸਥਾਪਨਾ ਦਿਵਸ ਵੀ ਮਨਾਉਂਦੀ ਹੈ। ਇਸ ਸਮਾਗਮ ਵਿੱਚ 300 ਤੋਂ ਵੱਧ ਲੋਕ ਸ਼ਾਮਿਲ ਹੋਏ। ਦਜੀਬੂਤੀ ਦੇ ਰੱਖਿਆ ਮੰਤਰੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਵਰਨਣਯੋਗ ਹੈ ਕਿ ਰਣਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਦਜੀਬੂਤੀ ਹਿੰਦ ਮਹਾਂਸਾਗਰ ਦੇ ਉਤਰ-ਪੱਛਮੀ ਕਿਨਾਰੇ ਤੇ ਸਥਿਤ ਹੈ।ਇੱਥੇ ਚੀਨੀ ਸੈਨਿਕਾਂ ਦੀ ਮੌਜੂਦਗੀ ਨਾਲ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਹੋ ਸਕਦਾ ਹੈ। ਅਸਲ ਵਿੱਚ ਇਹ ਉਹ ਇਲਾਕਾ ਹੈ, ਜਿਸ ਸਥਾਨ ਤੋਂ ਭਾਰਤ ਦੇ ਵਪਾਰਿਕ ਜਹਾਜ਼ ਵੱਡੀ ਸੰਖਿਆਂ ਵਿੱਚ ਗੁਜ਼ਰਦੇ ਹਨ। ਪਿੱਛਲੇ ਸਾਲ ਚੀਨ ਨੇ ਦਜੀਬੂਤੀ ਵਿੱਚ ਰਸਦ ਪਹੁੰਚਾਉਣ ਦਾ ਅੱਡਾ ਵਿਕਸਤ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਇਸ ਸਥਾਨ ਤੋਂ ਹੀ ਚੀਨ ਦੀ ਯਮਨ ਅਤੇ ਸੋਮਾਲੀਆ ਨੂੰ ਮਨੁੱਖੀ ਸਹਾਇਤਾ ਉਪਲੱਭਦ ਕਰਵਾਉਣ ਅਤੇ ਜਰੂਰੀ ਵਸਤੂਆਂ ਦੀ ਅਪੂਰਤੀ ਦੀ ਯੋਜਨਾ ਹੈ। ਦੋਵਾਂ ਹੀ ਦੇਸ਼ਾਂ ਦਰਮਿਆਨ ਸਬੰਧ ਸੁਖਾਲੇ ਨਹੀਂ ਹਨ। ਚੀਨ ਦਾ ਕਹਿਣਾ ਹੈ ਕਿ ਉਹ ਇਸ ਅੱਡੇ ਦਾ ਇਸਤੇਮਾਲ ਵਪਾਰਿਕ ਕਾਰਜਾਂ ਅਤੇ ਮਨੁੱਖੀ ਭਲਾਈ ਦੇ ਕੰਮਾਂ ਲਈ ਕਰੇਗਾ।