ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ਰੱਫ਼ ਨੇ ਕਿਹਾ ਹੈ ਕਿ ਆਰਮੀ ਹਰ ਵਾਰ ਦੇਸ਼ ਨੂੰ ਟਰੈਕ ਤੇ ਲਿਆਉਂਦੀ ਹੈ, ਪਰ ਲੋਕਤਾਂਤਿਰਕ ਸਰਕਾਰਾਂ ਉਸ ਨੂੰ ਪਟੜੀ ਤੋਂ ਉਤਾਰ ਦਿੰਦੀਆਂ ਹਨ। ਜਨਰਲ ਮੁਸ਼ਰੱਫ਼ ਨੇ ਇੱਕ ਇੰਟਰਵਿਯੂ ਦੌਰਾਨ ਦੇਸ਼ ਦੇ ਸਾਬਕਾ ਡਿਕਟੇਟਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਤਾਨਾਸ਼ਾਹ ਸਦਾ ਪਾਕਿਸਤਾਨ ਨੂੰ ਸਹੀ ਰਸਤੇ ਤੇ ਲਿਆਉਂਦੇ ਹਨ, ਜਦੋਂ ਕਿ ਸਰਕਾਰਾਂ ਉਸ ਨੂੰ ਬਰਬਾਦ ਕਰ ਦਿੰਦੀਆਂ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਮਿਲਟਰੀ ਸਾਸ਼ਨ ਦੇ ਦੌਰਾਨ ਪਾਕਿਸਤਾਨ ਵਿੱਚ ਹਮੇਸ਼ਾਂ ਤਰੱਕੀ ਹੋਈ ਹੈ। ਉਨ੍ਹਾਂ ਅਨੁਸਾਰ ਪਾਕਿਸਤਾਨ ਵਿੱਚ ਮਾਰਸ਼ਲ ਲਾਅ ਲਾਗੂ ਕਰਨਾ ਉਸ ਸਮੇਂ ਵਕਤ ਦੀ ਜਰੂਰਤ ਸੀ।
ਜਨਰਲ ਮੁਸ਼ਰੱਫ਼ ਨੇ ਦੁਬੱਈ ਵਿੱਚ ਦਿੱਤੀ ਗਈ ਇੱਕ ਇੰਟਰਵਿਯੂ ਵਿੱਚ ਕਿਹਾ ਕਿ ਸਾਰੇ ਏਸਿ਼ਆਈ ਦੇਸ਼ਾਂ ਵਿੱਚ ਤਾਨਾਸ਼ਾਹੀ ਸ਼ਾਸਨ ਦੌਰਾਨ ਉਨਤੀ ਹੋਈ ਹੈ। ਜਦੋਂ ਤੱਕ ਦੇਸ਼ ਵਿੱਚ ਤਰੱਕੀ ਅਤੇ ਖੁਸ਼ਹਾਲੀ ਰਹਿੰਦੀ ਹੈ ਤਦ ਤੱਕ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੇਸ਼ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਰਾਜ ਕਰ ਰਹੀ ਹੈ ਜਾਂ ਇੱਕ ਡਿਕਟੇਟਰ। ਉਨ੍ਹਾਂ ਨੇ ਕਿਹਾ, ‘ਚੋਣਾਂ ਕਰਵਾਉਣ ਅਤੇ ਜਨਤਾ ਨੂੰ ਆਜ਼ਾਦੀ ਦੇਣ ਦਾ ਅਰਥ ਕੀ ਹੈ, ਅਗਰ ਦੇਸ਼ ਦੀ ਤਰੱਕੀ ਹੀ ਨਾ ਹੋਵੇ?’
ਉਨ੍ਹਾਂ ਨੇ ਸਾਬਕਾ ਤਾਨਾਸ਼ਾਹ ਫੀਲਡ ਮਾਰਸ਼ਲ ਅਯੂਬ ਖਾਨ ਅਤੇ ਜਨਰਲ ਜਿਆ-ਉਲ-ਹੱਕ ਦੀ ਬਹੁਤ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ, ‘ਅਯੂਬ ਖਾਨ ਨੇ ਦੇਸ਼ ਵਿੱਚ ਤਰੱਕੀ ਲਿਆਉਣ ਦਾ ਰਿਕਾਰਡ ਕਾਇਮ ਕੀਤਾ।’ ਜਨਰਲ ਜਿਆ ਦੇ ਕਾਰਜਕਾਲ ਦੀਆਂ ਸਿਫ਼ਤਾਂ ਕਰਦੇ ਹੋਏ ਮੁਸ਼ਰੱਫ਼ ਨੇ ਕਿਹਾ, ‘ਅਫ਼ਗਾਨਿਸਤਾਨ ਦੇ ਹਮਲੇ ਦੇ ਸਮੇਂ ਸੋਵੀਅਤ ਯੂਨੀਅਨ ਦੇ ਖਿਲਾਫ਼ ਅਮਰੀਕਾ ਅਤੇ ਮੁਜਾਹਿਦੀਨ ਦੀ ਮੱਦਦ ਦਾ ਤਾਨਾਸ਼ਾਹ ਦਾ ਫੈਂਸਲਾ ਸਹੀ ਸੀ।’
ਨਵਾਜ਼ ਸ਼ਰੀਫ਼ ਦੀ ਇੰਡੀਆ ਨੀਤੀ ਸਬੰਧੀ ਭਾਰਤ ਤੇ ਆਰੋਪ ਲਗਾਉਂਦੇ ਹੋਏ ਮੁਸ਼ਰੱਫ਼ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਵਿਕੀ ਹੋਈ ਸੀ। ਉਨ੍ਹਾ ਨੇ ਆਰੋਪ ਲਗਾਉਂਧੇ ਹੋਏ ਕਿਹਾ, ਭਾਰਤ ਦਾ ਬਲੋਚਿਸਤਾਨ ਵਿੱਚ ਦਖ਼ਲ ਹੈ ਅਤੇ ਦੇਸ਼ ਦੇ ਖਿਲਾਫ਼ ਹੈ। ਜੋ ਵੀ ਦੇਸ਼ ਦੇ ਖਿਲਾਫ਼ ਕੰਮ ਕਰ ਰਿਹਾ ਹੈ, ਉਸ ਨੂੰ ਮਾਰ ਦੇਣਾ ਚਾਹੀਦਾ ਹੈ।’ ਉਨ੍ਹਾਂ ਅਨੁਸਾਰ ਪਾਕਿਸਤਾਨ ਦੇ ਲੋਕਾਂ ਨੂੰ ਚੁਣੀ ਹੋਈ ਸਰਕਾਰ ਨੂੰ ਬੇਦਖ਼ਲ ਕਰਨ ਦਾ ਹੱਕ ਹੋਣਾ ਚਾਹੀਦਾ ਹੈ।