ਫ਼ਤਹਿਗੜ੍ਹ ਸਾਹਿਬ – “ਜਦੋਂ ਪਹਿਲੇ 1947 ਵਿਚ ਮੁਲਕ ਦੀ ਵੰਡ ਹੋਈ, ਤਾਂ ਸਿੱਖ ਕੌਮ ਇਸ ਵੰਡ ਨੂੰ ਬਿਲਕੁਲ ਵੀ ਨਹੀਂ ਸਨ ਚਾਹੁੰਦੇ ਬਲਕਿ ਯੂਨਾਈਟਡ ਇੰਡੀਆਂ ਦੇ ਹੱਕ ਵਿਚ ਸਨ । ਤਾਂ ਕਿ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੇ ਮੁਸਲਿਮ ਕੌਮ ਨਾਲ ਬਣੇ ਅੱਛੇ ਸੰਬੰਧਾਂ ਦੀ ਬਦੌਲਤ ਦੋਵਾਂ ਪੰਜਾਬਾਂ ਦਾ ਵਪਾਰ, ਜਿੰਮੀਦਾਰਾਂ ਦੀਆਂ ਫ਼ਸਲਾਂ, ਟਰਾਸਪੋਰਟ ਅਤੇ ਹੋਰ ਕਾਰੋਬਾਰ ਇਸ ਵੱਡੇ ਖੇਤਰ ਵਿਚ ਵੱਧ ਫੁੱਲ ਸਕਣ ਅਤੇ ਉਨ੍ਹਾਂ ਦੀ ਮਾਲੀ ਹਾਲਤ ਚੰਗੇਰੀ ਬਣੀ ਰਹੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਸਮੇਂ ਦੇ ਹਿੰਦੂ ਆਗੂਆਂ ਨਹਿਰੂ ਅਤੇ ਗਾਂਧੀ ਅਤੇ ਮੁਸਲਿਮ ਕੌਮ ਦੇ ਆਗੂ ਜਿਨਾਹ ਨੇ ਆਪੋ-ਆਪਣੀਆਂ ਕੌਮਾਂ ਅਤੇ ਮੁਲਕਾਂ ਦੇ ਲਈ ਤਾਂ ਕੰਮ ਕੀਤਾ, ਪਰ ਜੋ ਤੀਜੀ ਧਿਰ ਸਿੱਖ ਕੌਮ ਸੀ, ਉਸ ਦੇ ਦਰਦ ਨੂੰ ਨਾ ਹਿੰਦੂ ਆਗੂਆਂ ਨੇ ਅਤੇ ਨਾ ਹੀ ਸ੍ਰੀ ਜਿਨਾਹ ਨੇ ਮਹਿਸੂਸ ਕੀਤਾ । ਉਸ ਸਮੇਂ ਉਪਰੋਕਤ ਹਿੰਦੂ ਆਗੂ ਆਪਣਾ ਮੁਲਕ ਹਿੰਦੂਸਤਾਨ ਪ੍ਰਾਪਤ ਕਰ ਗਏ ਅਤੇ ਮੁਸਲਿਮ ਕੌਮ ਨੂੰ ਪਾਕਿਸਤਾਨ ਆਜ਼ਾਦ ਮੁਲਕ ਮਿਲ ਗਿਆ ਅਤੇ ਸਿੱਖ ਕੌਮ ਦੋਵੇ ਸਥਾਨਾਂ ਤੇ ਗੁਲਾਮਾਂ ਵਾਲਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋਈ । ਜਦੋਂਕਿ ਉਸ ਸਮੇਂ ਸਿੱਖਾਂ ਵੱਲੋਂ ਦਿੱਤੀਆ ਵੱਡੀਆ ਕੁਰਬਾਨੀਆਂ ਜਿਵੇ ਫ਼ਾਂਸੀਆਂ, ਬਜਬਜ ਘਾਟ ਉਤਾਰਨ, ਕਾਲੇ ਪਾਣੀ ਦੀ ਸਜ਼ਾ ਆਦਿ ਵਿਚ ਸਿੱਖਾਂ ਦੀ ਗਿਣਤੀ 90% ਇਸ ਕਰਕੇ ਰਹੀ ਕਿਉਂਕਿ ਸਿੱਖ ਕੌਮ ਵੀ ਆਪਣਾ ਆਜ਼ਾਦ ਮੁਲਕ ਚਾਹੁੰਦੀ ਸੀ । ਉਸ ਸਮੇਂ ਸਿੱਖ ਕੌਮ ਦੀ ਹੁਕਮਰਾਨਾਂ ਵੱਲੋਂ ਨਸ਼ਲਕੁਸੀ ਅਤੇ ਕਤਲੇਆਮ ਹੋਇਆ, ਨਾ ਕਿ ਉਨ੍ਹਾਂ ਨੂੰ ਮੰਦਭਾਵਨਾ ਅਧੀਨ ਅੰਗਰੇਜ਼ਾਂ ਨੇ ਵੀ ਪੂਰਨ ਆਜ਼ਾਦੀ ਨਾ ਦਿੱਤੀ । ਜੋ ਗੈਰ-ਇਨਸਾਨੀਅਤ ਦੁੱਖਦਾਇਕ ਅਮਲ ਹੋਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਦੇ ਵਾਪਰੇ ਇਨਸਾਨੀਅਤ ਵਿਰੋਧੀ ਦੁਖਾਤ ਨੂੰ ਪਾਕਿਸਤਾਨ ਦੇ ਨਵੇ ਬਣੇ ਵਿਦੇਸ਼ ਵਜ਼ੀਰ ਨਾਲ ਇਕ ਪ੍ਰੈਸ ਬਿਆਨ ਰਾਹੀ ਸਾਂਝੇ ਕਰਦੇ ਹੋਏ ਅਤੇ ਉਨ੍ਹਾਂ ਦੀ ਇਸ ਵਿਸ਼ੇਸ਼ ਮਹੱਤਵਪੂਰਨ ਅਹੁਦੇ ਉਤੇ ਪੱਕੇ ਤੌਰ ਤੇ ਹੋਈ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਅਤੇ ਸਿੱਖ ਕੌਮ ਵੱਲੋਂ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1982 ਵਿਚ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਦਿੱਲੀ ਵਿਖੇ ਹੋਣ ਵਾਲੀਆ ਏਸੀਅਨ ਖੇਡਾਂ ਵਿਚ ਜਾਣ ਤੋਂ ਸਿੱਖਾਂ ਨੂੰ ਕੇਵਲ ਜਬਰੀ ਹੀ ਨਹੀਂ ਰੋਕਿਆ, ਬਲਕਿ ਸਿੱਖ ਕੌਮ ਦੀ ਤੋਹੀਨ ਕਰਨ ਦੀ ਗੁਸਤਾਖੀ ਵੀ ਕੀਤੀ ਸੀ । ਪੰਜਾਬ ਵਿਚ 40 ਲੱਖ ਦੇ ਕਰੀਬ ਬੇਰੁਜ਼ਗਾਰੀ ਹੈ, ਪੰਜਾਬ ਸੂਬੇ ਦੀ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ਤੇ ਤਿੰਨ ਪ੍ਰਮਾਣੂ ਮੁਲਕਾਂ ਦੀ ਤ੍ਰਿਕੋਣ ਦੇ ਵਿਚਕਾਰ ਬਫ਼ਰ ਸਟੇਟ ‘ਆਜ਼ਾਦ ਸਿੱਖ ਬਾਦਸ਼ਾਹੀ ਰਾਜ’ ਕਾਇਮ ਕਰਨ ਲਈ ਸੰਜ਼ੀਦਾ ਉਦਮ ਕੀਤੇ ਜਾਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹੁਣੇ ਇੰਡੀਅਨ ਨੈਸ਼ਨਲ ਲੋਕ ਦਲ ਜੋ ਹਰਿਆਣੇ ਦੀ ਰਾਜਸੀ ਪਾਰਟੀ ਹੈ, ਨੇ ਰਾਜ ਸ਼ਾਹ ਮਾਰਗ ਜੀ.ਟੀ. ਰੋਡ ਨੂੰ ਜ਼ਬਰੀ ਬੰਦ ਕਰ ਦਿੱਤਾ । ਜਦੋਂਕਿ ਪੰਜਾਬ ਸੂਬੇ, ਇਥੋ ਦੇ ਵਪਾਰੀ, ਜਿੰਮੀਦਾਰ, ਟਰਾਸਪੋਰਟ ਇਥੋ ਤੱਕ ਇਥੋ ਦੀ ਮਾਲੀ ਹਾਲਤ ਕਿਸਾਨੀ ਅਤੇ ਵਪਾਰੀ ਵਸਤਾਂ ਦੇ ਵਪਾਰ ਤੇ ਨਿਰਭਰ ਹੈ । ਕਿਉਂਕਿ ਪੰਜਾਬ ਨੂੰ ਕੇਵਲ ਮੁੰਬਈ ਦੀ ਬੰਦਰਗਾਹ ਪੈਦੀ ਹੈ । ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਤਾਂ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਆਪਣੀਆ ਉਤਪਾਦ ਵਸਤਾਂ ਕਿਸ ਬੰਦਰਗਾਹ ਤੇ ਲਿਜਾਣ? ਉਨ੍ਹਾਂ ਨੂੰ ਫਿਰ ਕਰਾਚੀ ਹੀ ਸਭ ਤੋ ਨੇੜੇ ਬੰਦਰਗਾਹ ਪੈਦੀ ਹੈ । ਇਸ ਲਈ ਜਦੋਂ ਆਪ ਜੀ ਪਾਕਿਸਤਾਨ ਦੇ ਵਿਦੇਸ਼ ਵਜ਼ੀਰ ਦੇ ਅਹੁਦੇ ਤੇ ਬਿਰਾਜਮਾਨ ਹੋਏ ਹੋ, ਤਾਂ ਪੰਜਾਬੀਆਂ ਅਤੇ ਸਿੱਖ ਕੌਮ ਦੀ ਜੋ ਲੰਮੇ ਸਮੇਂ ਤੋਂ ਮੰਦੀ ਮਾਲੀ ਹਾਲਤ ਚੱਲਦੀ ਆ ਰਹੀ ਹੈ, ਉਸ ਨੂੰ ਸਹੀ ਕਰਨ ਲਈ ਹੁਸੈਨੀਵਾਲਾ ਅਤੇ ਵਾਹਗਾ ਦੀਆਂ ਸਰਹੱਦਾਂ ਖੁੱਲਣੀਆ ਅਤਿ ਜ਼ਰੂਰੀ ਹਨ ਤਾਂ ਕਿ ਸਿੱਖ ਕੌਮ ਤੇ ਪੰਜਾਬੀ ਆਪਣੀਆ ਵਸਤਾ ਇਰਾਕ, ਇਰਾਨ, ਪਾਕਿਸਤਾਨ, ਅਫਗਾਨੀਸਤਾਨ, ਚੀਨ, ਰੂਸ ਆਦਿ ਮੁਲਕਾਂ ਵਿਚ ਭੇਜ ਸਕਣ। ਪਾਕਿਸਤਾਨ ਦੀ ਹਕੂਮਤ ਵੱਲੋਂ ਅਜਿਹੇ ਉਦਮ ਕਰਨ ਦੀ ਬਦੌਲਤ ਜਿਥੇ ਪਾਕਿਸਤਾਨ, ਦੋਵਾਂ ਪੰਜਾਬਾਂ ਅਤੇ ਗੁਆਂਢੀ ਮੁਲਕਾਂ ਦੇ ਆਪਸੀ ਵਪਾਰ ਵਿਚ ਵਾਧਾ ਹੋਵੇਗਾ, ਉਥੇ ਇਨ੍ਹਾਂ ਮੁਲਕਾਂ ਦੇ ਬਸਿੰਦਿਆ ਦੇ ਆਪਸੀ ਸੰਬੰਧਾਂ ਵਿਚ ਵੀ ਢੇਰ ਸਾਰੀ ਮਜ਼ਬੂਤੀ ਆਵੇਗੀ । ਜਦੋਂ ਬਫ਼ਰ ਸਟੇਟ ਕਾਇਮ ਹੋ ਗਿਆ ਤਾਂ ਤਿੰਨ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਦੇ ਵਿਚਕਾਰ ਦੁਸ਼ਮਣੀ ਵੀ ਖ਼ਤਮ ਹੋਣ ਵੱਲ ਵੱਧੇਗੀ ਤੇ ਇਸ ਖਿੱਤੇ ਵਿਚ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਹੋਣ ਦੀ ਵੱਡੀ ਸੰਭਾਵਨਾ ਬਣ ਜਾਵੇਗੀ । ਸ. ਮਾਨ ਨੇ ਇਸ ਹੋਈ ਨਿਯੁਕਤੀ ਦੀ ਮੁਬਾਰਕਬਾਦ ਦਿੰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਖਵਾਜਾ ਆਸਿਫ਼ ਦੋਨਾਂ ਪੰਜਾਬਾਂ ਦੇ ਨਿਵਾਸੀਆਂ ਦੀ ਬਿਹਤਰੀ ਲਈ ਜਿਥੇ ਵਾਹਗਾ ਤੇ ਹੁਸੈਨੀਵਾਲਾ ਬਾਰਡਰ ਖੋਲਕੇ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਖੁੱਲ੍ਹ ਦੇਣਗੇ, ਉਥੇ ਵੀਜਾ ਪ੍ਰਣਾਲੀ ਨੂੰ ਸਿੱਖਾਂ ਲਈ ਖ਼ਤਮ ਕਰਕੇ ਆਉਣ-ਜਾਣ ਦੀ ਇਜ਼ਾਜਤ ਦੇਣਗੇ ।