ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਹਰਿਆਣੇ ਦੇ ਪਿਹੋਵਾ ਸ਼ਹਿਰ ਵਿਚੋਂ ਤਿੰਨ ਸਿੱਖ ਨੌਜ਼ਵਾਨਾਂ ਨੂੰ ਜੋ ਪੰਜਾਬ ਦੀ ਫਿਰੋਜ਼ਪੁਰ ਜਿ਼ਲ੍ਹੇ ਦੀ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਸਰਚ ਜਾਂ ਗ੍ਰਿਫ਼ਤਾਰੀ ਵਰੰਟਾਂ ਦੇ ਅਤੇ ਹਰਿਆਣਾ ਪੁਲਿਸ ਅਤੇ ਸਰਕਾਰ ਨੂੰ ਜਾਣਕਾਰੀ ਤੋਂ ਬਿਨ੍ਹਾਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਕੇ ਤਸੱਦਦ ਢਾਹੁਣ ਦੇ ਅਮਲ ਅੱਜ ਵੀ ਪੰਜਾਬ ਪੁਲਿਸ ਦੇ ਗੈਰ-ਕਾਨੂੰਨੀ ਜ਼ਬਰ-ਜੁਲਮਾਂ ਅਤੇ ਇਥੋ ਦੇ ਨਿਵਾਸੀਆਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਦੀ ਕਾਰਵਾਈ ਨੂੰ ਪ੍ਰਤੱਖ ਕਰਦੇ ਹਨ । ਜੋ ਕਿ ਹਰਿਆਣਾ ਪੁਲਿਸ ਦੇ ਮੁੱਖੀ ਅਤੇ ਸ੍ਰੀ ਖੱਟਰ ਹਕੂਮਤ ਦੇ ਅਧਿਕਾਰਾਂ ਅਤੇ ਪ੍ਰਬੰਧਾਂ ਨੂੰ ਚੁਣੋਤੀ ਦੇਣ ਦੇ ਤੁੱਲ ਅਮਲ ਹਨ । ਅਜਿਹਾ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਸਿੱਖ ਕੌਮ ਵਿਚ ਦਹਿਸਤ ਪਾਉਣ, ਪੰਜਾਬ-ਹਰਿਆਣਾ ਸੂਬਿਆਂ ਦੇ ਮਾਹੌਲ ਨੂੰ ਗੰਧਲਾ ਕਰਕੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਲਈ ਕੀਤੇ ਜਾ ਰਹੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰਨਗੇ । ਅਜਿਹੇ ਦੁੱਖਦਾਇਕ ਅਮਲ ਹਰਿਆਣੇ ਦੀ ਸ੍ਰੀ ਖੱਟਰ ਸਰਕਾਰ ਦੇ ਪ੍ਰਬੰਧ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹਨ। ਜਿਸ ਜਿੰਮੇਵਾਰੀ ਤੋਂ ਸ੍ਰੀ ਖੱਟਰ ਸਰਕਾਰ ਨਹੀਂ ਬਚ ਸਕਦੀ । ਇਸੇ ਤਰ੍ਹਾਂ ਜੋ ਚੰਡੀਗੜ੍ਹ ਵਿਖੇ ਇਕ ਆਈ.ਏ.ਐਸ. ਅਧਿਕਾਰੀ ਦੀ ਸਪੁੱਤਰੀ ਨੂੰ ਸ਼ਰੇਆਮ ਕੁੱਝ ਬਦਮਾਸਾਂ ਵੱਲੋਂ ਗੱਡੀ ਵਿਚ ਘੇਰਨ ਅਤੇ ਕਿਸੇ ਮੰਦਭਾਵਨਾ ਅਧੀਨ ਕੋਈ ਕਾਰਵਾਈ ਕਰਨ ਦੇ ਦੁੱਖਦਾਇਕ ਅਮਲ ਹੋਏ ਹਨ, ਇਹ ਵੀ ਖੱਟਰ ਸਰਕਾਰ ਲਈ ਇਸ ਲਈ ਅਤਿ ਸ਼ਰਮਨਾਕ ਹਨ ਕਿਉਂਕਿ ਸ੍ਰੀ ਖੱਟਰ ਸਰਕਾਰ ਨੇ ਉਸ ਲੜਕੀ ਨੂੰ ਅਗਵਾਹ ਕਰਨ ਦੀ ਸਾਜਿ਼ਸ ਅਧੀਨ ਦੋਸ਼ੀ ਪਾਏ ਜਾਣ ਵਾਲੇ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਸਿਆਸੀ ਪ੍ਰਭਾਵ ਅਧੀਨ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਹੈ । ਜਦੋਂਕਿ ਅਜਿਹੇ ਦੋਸ਼ੀ ਵਿਰੁੱਧ ਖੱਟਰ ਸਰਕਾਰ ਅਤੇ ਭਾਜਪਾ ਦੇ ਪ੍ਰਧਾਨ ਜਿਸਦਾ ਉਹ ਸਪੁੱਤਰ ਹੈ, ਗਲਤ ਪਿਰਤਾ ਪਾਉਣ ਤੋਂ ਰੋਕਣ ਹਿੱਤ ਕਾਨੂੰਨੀ ਕਾਰਵਾਈ ਹੋਣ ਲਈ ਸਹਿਯੋਗ ਕਰਨਾ ਚਾਹੀਦਾ ਸੀ ਨਾ ਕਿ ਆਪਣੇ ਸਿਆਸੀ ਪ੍ਰਭਾਵ ਦੀ ਦੁਰਵਰਤੋਂ ਕਰਕੇ ਆਪਣੇ ਪੁੱਤਰ ਨੂੰ ਬਚਾਉਣ ਦੇ ਅਮਲ ਕਰਨੇ ਚਾਹੀਦੇ ਸਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਤੇ ਚੰਡੀਗੜ੍ਹ ਵਿਚ ਬੀਤੇ ਦਿਨੀਂ ਹੋਏ ਦੋਵੇ ਅਤਿ ਦੁੱਖਦਾਇਕ ਅਤੇ ਸ਼ਰਮਨਾਕ ਅਮਲਾਂ ਲਈ ਸੈਟਰ ਦੇ ਮੌਜੂਦਾ ਹੁਕਮਰਾਨਾਂ, ਬੀਜੇਪੀ ਜਮਾਤ ਤੇ ਸ੍ਰੀ ਖੱਟਰ ਹਕੂਮਤ ਦੇ ਕੰਮਜੋਰ ਪ੍ਰਬੰਧ ਨੂੰ ਦੋਸ਼ੀ ਠਹਿਰਾਉਂਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦਾ ਵਿਧਾਨ ਇਹ ਸਪੱਸਟ ਕਰਦਾ ਹੈ ਕਿ ਇਕ ਸਟੇਟ ਦੀ ਪੁਲਿਸ ਦੂਜੇ ਸਟੇਟ ਦੀ ਪੁਲਿਸ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਤਾਂ ਕੋਈ ਛਾਪਾ ਮਾਰ ਸਕਦੀ ਹੈ ਨਾ ਹੀ ਉਸ ਸੰਬੰਧਤ ਸਟੇਟ ਦੇ ਕਿਸੇ ਨਿਵਾਸੀ ਨੂੰ ਬਿਨ੍ਹਾਂ ਜਾਣਕਾਰੀ ਦੇਣ ਤੋਂ ਗ੍ਰਿਫ਼ਤਾਰ ਕਰ ਸਕਦੀ ਹੈ, ਫਿਰ ਪੰਜਾਬ ਦੀ ਫਿਰੋਜ਼ਪੁਰ ਜਿ਼ਲ੍ਹੇ ਦੀ ਪੁਲਿਸ ਵੱਲੋਂ ਪਿਹੋਵਾ ਦੇ ਤਿੰਨ ਸਿੱਖ ਨੌਜ਼ਵਾਨਾਂ ਨੂੰ ਕਿਸ ਅਧਿਕਾਰ ਅਤੇ ਕਾਨੂੰਨ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਤਸੱਦਦ ਢਾਹਿਆ ਜਾ ਰਿਹਾ ਹੈ ? ਇਹ ਕਾਰਵਾਈ ਇਹ ਵੀ ਸਪੱਸਟ ਕਰਦੀ ਹੈ ਕਿ ਮੌਜੂਦਾ ਸੈਟਰ ਦੀ ਸ੍ਰੀ ਮੋਦੀ ਹਕੂਮਤ, ਹਰਿਆਣੇ ਦੀ ਖੱਟਰ ਹਕੂਮਤ ਆਪਣੇ ਫਿਰਕੂ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਘੱਟ ਗਿਣਤੀ ਕੌਮਾਂ ਨੂੰ ਜ਼ਲੀਲ ਤੇ ਜ਼ਬਰ ਕਰਨ ਲਈ ਅਜਿਹਾ ਕਰ ਰਹੀ ਹੈ । ਤਾਂ ਕਿ ਸਿੱਖ ਕੌਮ ਵਿਚ ਦਹਿਸਤ ਪਾ ਕੇ ਦਬਾਇਆ ਜਾ ਸਕੇ ਅਤੇ ਸਿੱਖ ਕੌਮ ਆਪਣੇ ਕੌਮੀ ਆਜ਼ਾਦੀ ਦੇ ਮਿਸ਼ਨ ਦੀ ਪ੍ਰਾਪਤੀ ਲਈ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਨਾਲ ਸੰਘਰਸ਼ ਨਾ ਕਰ ਸਕੇ । ਜਦੋਂਕਿ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਕਦੀ ਵੀ ਗੈਰ-ਇਨਸਾਨੀਅਤ ਜਾਂ ਗੈਰ-ਕਾਨੂੰਨੀ ਕਾਰਵਾਈ ਨਹੀਂ ਕੀਤੀ । ਜੋ ਅਮਲ ਕੀਤੇ ਹਨ, ਉਹ ਮਨੁੱਖਤਾ ਦੀ ਬਿਹਤਰੀ ਲਈ ਤੇ ਸਮਾਜ ਦੀ ਬਿਹਤਰੀ ਲਈ ਕੀਤੇ ਹਨ । ਜੋ ਚੰਡੀਗੜ੍ਹ ਵਿਖੇ ਇਕ ਬੀਬਾ ਨਾਲ ਬਦਮਾਸ਼ਾਂ ਵੱਲੋਂ ਦੁਰਵਿਹਾਰ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ, ਇਹ ਵੀ ਸਿਆਸਤਦਾਨਾਂ ਦੀ ਸਹਿ ਅਤੇ ਗੈਗਸਟਰਾਂ ਦੀ ਸਰਪ੍ਰਸਤੀ ਦੀ ਬਦੌਲਤ ਅਜਿਹੀਆ ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਕਾਰਵਾਈਆ ਹੋ ਰਹੀਆ ਹਨ । ਜੋ ਸੰਬੰਧਤ ਬੀਬਾ ਅਤੇ ਪਰਿਵਾਰ ਨਾਲ ਦੁੱਖਦਾਇਕ ਮਾਨਸਿਕ ਪੀੜਾ ਦੇਣ ਵਾਲਾ ਵਰਤਾਰਾ ਹੋਇਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਆਪਣੇ ਕੌਮੀ ਤੇ ਇਨਸਾਨੀ ਫਰਜਾ ਨੂੰ ਪਹਿਚਾਨਦੀ ਹੋਈ ਉਸ ਪਰਿਵਾਰ ਨਾਲ ਪੂਰਨ ਹਮਦਰਦੀ ਰੱਖਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਨ੍ਹਾਂ ਨਾਲ ਹਰ ਪੱਖੋ ਖੜੀ ਹੈ । ਅਸੀ ਪੂਰਨ ਉਮੀਦ ਕਰਦੇ ਹਾਂ ਕਿ ਸੰਬੰਧਤ ਪੀੜਤ ਪਰਿਵਾਰ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਤੇ ਸਜ਼ਾ ਦਿਵਾਉਣ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣਗੇ ਅਤੇ ਅੱਗੋ ਲਈ ਅਜਿਹੇ ਬਦਮਾਸ਼ਾਂ ਅਤੇ ਮੰਦਭਾਵਨਾ ਰੱਖਣ ਵਾਲਿਆ ਨੂੰ ਚੁਣੌਤੀ ਦੇਣਗੇ ।