ਅੱਜ-ਕੱਲ੍ਹ ਮੀਡੀਆ ਕਾਰਨ ਘਰਾਂ ਵਿੱਚ ਮਨੋਰੰਜਨ ਦੇ ਸਾਧਨ ਕਾਫ਼ੀ ਹੋ ਗਏ ਨੇ ਪਰ ਪਿੰਡਾਂ ਵਿੱਚ ਅੱਜ ਵੀ ਲੋਕ ਸਾਂਝੀ ਥਾਵੀਂ ਜਾਂ ਸੱਥਾਂ ‘ਚ ਬੈਠ ਕੇ ਗੱਲਾਂ ਕਰਕੇ ਟਾਇਮ ਪਾਸ ਕਰਦੇ ਹਨ। ਸਾਡੇ ਪਿੰਡ ਦੇ ਚੌਂਕ ‘ਚ ਬਹੁਤ ਵੱਡਾ ਪਿੱਪਲ ਹੋ। ਪਿੰਡ ਦੇ ਬਜ਼ੁਰਗ ਬੈਠ ਕੇ ਗੱਪਾਂ ਮਾਰਦੇ ਹਨ। ਪਰ ਸਭ ਤੋਂ ਵੱਧ ਗੱਲਾਂ ਤਾਇਆ ਬਖ਼ਤੋਰ ਸਿੰਓ ਦੀਆਂ ਹੀ ਸੁਣੀਆਂ ਜਾਂਦੀਆਂ ਨੇ। ਜਿਸ ਨੂੰ ਸਾਰਾ ਪਿੰਡ ਸਕੀਮੀ ਤਾਇਆ ਕਹਿ ਕੇ ਬੁਲਾਉਂਦਾ ਏ। ਪਿੰਡ ਦੇ ਲੋਕ ਤਾਏ ਤੋਂ ਹੀ ਸਲਾਹਾਂ ਲੈਂਦੇ ਨੇ। ਸਕੀਮੀ ਤਾਏ ਦੀ ਗੱਲ ਵਿੱਚ ਤੰਤ ਹੁੰਦਾ ਤੇ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਏ।
ਇੱਕ ਦਿਨ ਅਸੀਂ ਸਾਰੇ ਮੁੰਡਿਆਂ ਨੇ ਪੁੱਛਿਆ, “ਤਾਇਆ ਤੈਨੂੰ ਸਕੀਮੀ ਤਾਇਆ ਕਿਉਂ ਕਹਿੰਦੇ ਨੇ?” ਅੱਗੋਂ ਤਾਇਆ ਬੋਲਿਆ, “ਇਸ ਵਿੱਚ ਇੱਕ ਰਾਜ ਹੈ”। ਅਸੀਂ ਤਾਏ ਤੋਂ ਰਾਜ ਜਾਨਣਾ ਚਾਹਿਆ। ਤਾਇਆ ਕਹਿੰਦਾ, “ਮੁੰਡਿਓ, ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਐ। ਗਰਮੀਆਂ ਦੇ ਦਿਨਾਂ ‘ਚ ਅੱਤ ਦੀ ਗਰਮੀ ਪੈ ਰਹੀ ਸੀ। ਕਣਕ ਕੱਢਦਿਆਂ ਚਲਦੀ-ਚਲਦੀ ਡਰਮੀ ਖਰਾਬ ਹੋ ਗਈ। ਮੈਂ ਸੋਚਿਆ ਸਿਖਰ ਦੁਪਹਿਰੇ ਘਰ ਜਾਵਾਂ ਤੇ ਪਸ਼ੂਆਂ ਲਈ ਹਰਾ ਲੈ ਜਾਵਾਂ। ਮਿਸਤਰੀ ਨੂੰ ਲਿਆ ਕੇ ਡਰਮੀ ਠੀਕ ਕਰਵਾ ਕੇ ਕੰਮ ਨਬੇੜੀਏ। ਪਰ ਹੋਣੀ ਨੂੰ ਮਨਜ਼ੂਰ ਗਰਮੀ ਕਰਕੇ ਆਥਣ ਨੂੰ ਬਲਦ ਬਿਮਾਰ ਹੋ ਗਿਆ। ਉਦੋਂ ਕਿਹੜਾ ਕੋਈ ਡਾਕਟਰ ਹੁੰਦਾ ਸੀ। ਬਲਦ ਮਰ ਗਿਆ। ਕੁੱਝ ਦਿਨ ਪਹਿਲਾਂ ਸਾਡੀ ਇੱਕ ਮੱਝ ਗਈ ਸੀ, ਫਿਰ ਸਾਡੀ ਬੇਬੇ ਰੌ-ਰੌ ਬੁਰਾ ਗਲ ਕਰ ਲਿਆ। ਪਿੰਡ ਦੀਆਂ ਬੁੜੀਆਂ-ਤੀਵੀਆਂ ਪਤਾ ਲੈਣ ਆਉਂਦੀਆਂ, ਉਹ ਬੇਬੇ ਨੂੰ ਦਿਲਸਾ ਘੱਟ ਤੇ ਸਲਾਹ ਜ਼ਿਆਦਾ ਦਿੰਦੀਆਂ। ਉਹ ਬੇਬੇ ਨੂੰ ਪਿੰਡ ਦੀਆਂ ਕਹਿੰਦੀਆਂ ਘਰ ਕਿਸੇ ਨੇ ਕੁੱਝ ਕਰਾ ਨਾ ਦਿੱਤਾ ਹੋਵੇ ਤੇ ਕੋਈ ਕਹਿੰਦੀ ਵੱਡ-ਵੱਡੇਰਿਆਂ ਦੀ ਨਾ ਹੋਵੇ, ਉਹ ਕਹਿ ਕੇ ਚਲੀਆਂ ਜਾਂਦੀਆਂ ਪਰ ਮੇਰੀ ਜਾਨ ਨੂੰ ਕੜੀਆਂ ਬਣ ਗਿਆ। ਬੇਬੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਕਿ ਪਿੰਡ ਜਾ ਕੇ ਪੁੱਛਾਂ ਲੈ ਕੇ ਆਵਾਂ ਤੇ ਉਪਰੋਂ ਤੇਰੀ ਤਾਈ ਵੀ ਕਹਿਣ ਲੱਗੀ ਕਿਉਂਕਿ ਵੱਡੇ ਮੁੰਡੇ ਨੂੰ ਬੁਖਾਰ ਰਹਿੰਦਾ ਸੀ। ਉਸ ਨੂੰ ਵਹਿਮ ਹੋ ਗਿਆ ਮੁੰਡਾ ਗੁੰਮ ਕਿਉਂ ਹੋ ਜਾਂਦਾ ਏ। ਸੱਚੀ ਕਿਸੇ ਨੇ ਕੁੱਝ ਕਰਾ ਨਾ ਕਰ ਦਿੱਤਾ ਹੋਵੇ। ਮੈਂ ਬੇ-ਮਨ ਤੁਰ ਪਿਆ। ਜਦੋਂ ਉੱਥੇ ਪਹੁੰਚਿਆ ਤਾਂ ਪਹਿਲਾਂ ਹੀ ਬਹੁਤ ਲੋਕ ਬੈਠੇ ਸੀ। ਜਦੋਂ ਮੇਰੀ ਵਾਰੀ ਆਈ ਤਾਂ ਬਾਬਾ ਸਿਰ ਹਿਲਾ ਕੇ ਕਹਿਣ ਲੱਗਾ, “ਭਗਤਾ ਤੁਹਾਡੇ ਤਾਂ ਘਰ ਵੱਡ-ਵਡੇਰਿਆਂ ਦੀ ਰੂਹ ਐ। ਉਹ ਰੁੱਸੇ ਹੋਏ ਨੇ”। ਮੈਂ ਪੁੱਛਿਆ, “ਬਾਬਾ ਜੀ ਕਿਵੇਂ ਮਨਾਈਏ”। ਬਾਬਾ ਕਹਿੰਦਾ, “ਇਹ ਬਹੁਤ ਗੁੱਸੇ ਨੇ, ਨਹੀਂ ਮੰਨਦੇ। ਮੈਂ ਕਿਹਾ ਬਾਬਾ ਕੋਈ ਤਰੀਕਾ ਦੱਸੋ ਮੁੱਧੈ ਪੈ-ਪੈ ਮੰਨਾਂਗੇ ਪਰ ਬਾਬਾ ਜੀ ਦਾ ਸਿਰ ਨਾਂਹ ਵਿੱਚ ਢੋਲ ਵਾਂਗ ਹਿਲਦਾ ਰਿਹਾ, ਇਹ ਨਹੀਂ ਮੰਨਦੇ। ਮੈਨੂੰ ਚੜਿਆ ਗੁੱਸਾ, ਮੈਂ ਬਾਬੇ ਤੇ ਵੱਡ-ਵੱਡਰਿਆਂ ਨੂੰ ਕੱਢੀ ਕਰਾਰੀ ਜਿਹੀ ਗਾਲ਼ ਕਿ ਨਾ ਮੰਨਣ ਜੇ ਨਹੀਂ ਮੰਨਦੇ। ਬਾਬਾ ਵੀ ਭਮੰਤਰ ਗਿਆ ਤੇ ਸਿਰ ਹਿਲਣਾ ਬੰਦ ਹੋ ਗਿਆ। ਮੈਂ ਚੱਕੇ ਉਹ ਪੈਸੇ ਘਰ ਬੱਚਿਆਂ ਲਈ ਦਰਜਨ ਕੇਲਿਆਂ ਦੀ ਲੈ ਆਇਆ ਤੇ ਘਰ ਤੇਰੀ ਅੰਮਾ ਤੇ ਤੇਰੀ ਤਾਈ ਦਾ ਮਨ ਖੜਾਉਣ ਲਈ ਕਹਿ ਦਿੱਤਾ ਕਿ ਖੇਤ ਵਾਲੇ ਬਾਬੇ ਦਾ ਨਾਂ ਲੈ ਕੇ ਘਰ ਪੰਜ ਦਿਨ ਜੋਤ ਲਾ ਦਿਉ ਤੇ ਉਹਨਾਂ ਦਾ ਮਨ ਖੜ੍ਹ ਗਿਆ।
ਜਦੋਂ ਸਭ ਕੁੱਝ ਠੀਕ ਹੋ ਗਿਆ ਫਿਰ ਮੈਂ ਘਰਦਿਆਂ ਨੂੰ ਇਹ ਗੱਲ ਦੱਸੀ। ਉਹ ਦਿਨ ਤੇ ਆਹ ਦਿਨ ਫਿਰ ਨਹੀਂ ਘਰ ਵਿੱਚ ਕਦੇ ਨੇ ਬਾਬੇ ਦਾ ਨਾਂ ਨਹੀਂ ਆ ਕੇ ਲਿਆ।
ਮੈਂ ਕਿਹਾ ਵਾਹ ਤਾਇਆ ਚੰਗੀ ਸਕਮੀ ਘੜੀ। ਮੈਂ ਸੋਚਣ ਲੱਗਿਆ ਕਿ ਅਨਪੜ੍ਹ ਤਾਏ ਨੇ ਤਾਂ ਆਪਣੇ ਪਰਿਵਾਰ ਨੂੰ ਸਮਝਾ ਲਿਆ। ਪਰ ਅਸੀਂ ਪੜ੍ਹੇ-ਲਿਖੇ ਨੂੰ ਕਿਵੇਂ ਸਮਝਾਈਏ ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ‘ਚ ਆਪਣੀ ਰਾਸ਼ੀ ਦੇਖਦੇ ਆ। ਮੈਨੂੰ ਲੱਗਦਾ ਕਿ ਅਸੀਂ ਅੱਜ ਬਹੁਤ ਪਿੱਛੇ ਆਂ ਸਾਨੂੰ ਵੀ ਤਾਏ ਵਾਂਗੂ ਆਪਣੀ ਸੋਚ ਬਦਲਣ ਦੀ ਲੋੜ ਆ।