ਲੁਧਿਆਣਾ – ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨਾਲ਼ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਦੀ ਨਿਜੀ ਪ੍ਰੋਗਰਾਮ ਦੌਰਾਨ ਭੇਂਟ ਵਾਰਤਾ ਹੋਈ ਇਸ ਭੇਂਟ ਵਾਰਤ ਦੌਰਾਨ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਹਰਿਆਣੇ ਵਿੱਚ ਕਤਲ ਕੀਤੇ 79 ਸਿੱਖਾਂ ਦਾ ਵੇਰਵਾ ਸਿੰਘ ਸਹਿਬਾਨ ਨਾਲ਼ ਸਾਝਾ ਕੀਤਾ। ਉਹਨਾਂ ਦੱਸਿਆ ਕਿ ਵਹਿਸ਼ੀ ਲੋਕਾਂ ਵਲੋਂ ਕਿਸ ਤਰਾਂ ਪੂਰੇ ਦੇ ਪੂਰੇ ਪਿੰਡ ਨੂੰ ਤਬਾਹ ਕੀਤਾ ਅਤੇ 26 ਸਾਲਾਂ ਤੱਕ ਉਸ ਪਿੰਡ ਦੀ ਕੋਈ ਉੱਘ-ਸੁੱਘ ਹੀ ਨਹੀਂ ਨਿਕਲਣ ਦਿੱਤੀ। ਉਹਨਾਂ ਵਲੋਂ 2011 ਤੋਂ ਲਗਾਤਾਰ ਏਸ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ। ਏਸ ਪਿੰਡ ਵਿੱਚ 3 ਸਾਲ ਦੇ ਬੱਚਿਆਂ ਨੂੰ ਕੰਧਾਂ ਨਾਲ਼ ਪਟਕਾ-ਪਟਕਾ ਕੇ ਮਾਰਿਆ ਸੀ। ਵਹਿਸੀ ਭੀੜ ਨੇ 70 ਸਾਲ ਦੇ ਬਜੁਰਗ ਤੱਕ ਨੂੰ ਵੀ ਨਹੀਂ ਬਖਸਿਆ। ਇੱਕ ਫੌਜੀ ਜਵਾਨ ਇੰਦਰਜੀਤ ਸਿੰਘ ਜੋ ਪਿੰਡ ਪਨਾਹ ਲੈਣ ਪੁੱਜਾ ਸੀ ਉਸ ਨੂੰ ਵੀ ਫੌਜੀ ਵਰਦੀ ਪਾਈ ਹੋਣ ਦੇ ਬਾਵਜੂਦ ਜਿੰਦਾ ਜਲਾ ਦਿੱਤਾ ।ਉਹਨਾਂ ਦੀ ਟੀਮ ਦੀਆਂ ਕੋਸ਼ਿਸ਼ਾ ਸਦਕਾ ਪੀੜਤਾਂ ਨੂੰ 22.6 ਕਰੋੜ ਦੀ ਰਾਸ਼ੀ 32 ਸਾਲਾਂ ਬਾਅਦ ਨਸੀਬ ਹੋਈ ਹੈ। ਹੁਣ ਉਹਨਾਂ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦੋਸ਼ੀ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਰਿੱਟ ਪਾ ਕੇ ਕਾਰਵਾਈ ਕਰਨ ਨੂੰ ਕਿਹਾ ਹੈ ਜਿਸ ਤੇ ਅਦਾਲਤ ਵਲੋਂ ਦੋਸ਼ੀਆਂ ਖਿਲਾਫ ਨੋਟਿਸ ਵੀ ਜਾਰੀ ਹੋ ਚੁੱਕੇ ਹਨ ਜਿਸ ਦੀ ਅਗਲੀ ਤਰੀਕ 26 ਸਤੰਬਰ ਹੈ।
ਉਹਨਾਂ ਅੱਗੇ ਦੱਸਿਆ ਕਿ 2011 ਵਿੱਚ ਜਦੋਂ ਇਹ ਮਸਲਾ ਸਾਹਮਣੇ ਆਇਆ ਤਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਏਸ ਪਿੰਡ ਵਿੱਚ ਯਾਦਗਾਰ ਬਣਾਉਣ ਲਈ ਨੀਂਹ ਪੱਥਰ ਵੀ ਰੱਖਿਆ ਗਿਆ ਸੀ । ਸ੍ਰੋਮਣੀ ਕਮੇਟੀ ਵਲੋਂ ਹੋਦ ਚਿੱਲੜ ਪਿੰਡ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਨੂੰ ਉਸਾਰਨ ਲਈ 2013 ਵਿੱਚ ਮਤਾ ਨੰ 584 ਮਿਤੀ 05/08/2013 ਵੀ ਪਾਇਆ ਗਿਆ ਸੀ ਪਰ ਅਜੇ ਤੱਕ ਉਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ । ਦਿੱਲੀ ਕਮੇਟੀ ਵਲੋਂ ਬਣਾਈ ਸੱਚ ਦੀ ਦੀਵਾਰ ਤੇ ਹੋਦ ਚਿੱਲੜ ਵਿੱਚ ਕਤਲ ਕੀਤੇ ਸ਼ਹੀਦਾਂ ਦੇ ਨਾਮ ਵੀ ਦਿੱਲੀ ਕਮੇਟੀ ਵਲੋਂ ਨਹੀਂ ਲਿਖੇ, ਪਤਾ ਨਹੀਂ ਕਿਉਂ ਸਾਡੀਆਂ ਆਪਣੀਆਂ ਕਮੇਟੀਆਂ ਹੋਦ ਚਿੱਲੜ ਦੇ ਸ਼ਹੀਦਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ । ਇਸ ਸਬੰਧੀ ਵੀ ਆਪ ਆਦੇਸ਼ ਜਾਰੀ ਕਰੋ ।
ਪੰਜਾਂ ਸਿੰਘਾਂ ਵਲੋਂ ਇਸ ਅਣਮਨੁੱਖੀ ਕਾਰੇ ਸਬੰਧੀ ਵਿਸਥਾਰਿਤ ਰਿਪੋਰਟ ਨੂੰ ਸੁਣ ਭਾਵੁਕ ਹੁੰਦਿਆਂ ਕਿਹਾ ਕਿ ਪੂਰੇ ਦੇ ਪੂਰੇ ਪਿੰਡ ਨੂੰ ਜਲ਼ਾ ਦੇਣਾ ਅਤੇ ਉਹਨਾਂ ਅੱਧ ਜਲੀਆਂ ਲਾਸ਼ਾ ਨੂੰ ਖੂਹ ਵਿਚ ਸੁੱਟ ਦੇਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ । ਸਿੱਖਾਂ ਨੂੰ ਮੁਆਵਜਾ ਤਾਂ ਮਿਲ਼ ਚੁੱਕਿਆ ਹੈ ਪਰ ਅਜੇ ਇੰਨਸਾਫ ਮਿਲਣਾ ਬਾਕੀ ਹੈ ਏਸ ਲਈ ਅਦਾਲਤ ਨੂੰ ਚਾਹੀਦਾ ਹੈ ਕਿ ਉਹ ਸਬੰਧਿਤ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ । ਉਹਨਾਂ ਕਿ ਜੀਹਨਾਂ ਨੇ ਜੋ ਵਾਅਦੇ ਕੀਤੇ ਹਨ ਉਹ ਵਾਅਦੇ ਉਹਨਾਂ ਨੂੰ ਨਿਭਾਉਣੇ ਚਾਹੀਦੇ ਹਨ, ਉਹ ਭਾਵੇਂ ਯਾਦਗਾਰ ਦਾ ਹੋਵੇ ਜਾਂ ਸੱਚ ਦੀ ਦੀਵਾਰ ਤੇ ਸ਼ਹੀਦਾਂ ਦੇ ਨਾਮ ਲਿਖਣ ਦਾ । ਉਹਨਾਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲ਼ੀਆ ਦੀ ਸਲਾਘਾ ਕਰਦਿਆ ਕਿਹਾ ਕਿ ਜੋ ਕੰਮ ਇਹਨਾਂ ਨੌਜਵਾਨਾ ਨੇ ਕਰ ਦਿਖਾਇਆ ਉਹ ਵੱਡੀਆਂ-ਵੱਡੀਆਂ ਸੰਸਥਾਵਾ ਨੀ ਨਹੀਂ ਕਰ ਸਕੀਆਂ । ਪੰਜ ਸਾਲ ਦੇ ਅਰਸੇ ਵਿੱਚ ਇਹਨਾਂ ਨੇ ਪੀੜਤਾਂ ਨੂੰ ਜੋ ਮੁਆਵਜਾ ਦਿਲਵਾਇਆ ਓਨਾ ਮੁਆਵਜਾ ਹੋਰ ਕੋਈ ਵੀ ਨਹੀਂ ਦਿਲਵਾ ਸਕਿਆਂ ਅਤੇ ਹੁਣ ਏਹਨਾਂ ਵਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਡਟਣਾ ਕਾਬਲੇ ਤਾਰੀਫ ਹੈ । ਉਹਨਾਂ ਸਮੂੰਹ ਨਾਨਕ ਨਾਲ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਦ ਚਿੱਲੜ ਤਾਲਮੇਲ ਕਮੇਟੀ ਦਾ ਏਸ ਨਿਆਂ ਦੀ ਪ੍ਰਾਪਤੀ ਲਈ ਵੱਧ ਵੱਧ ਸਹਿਯੋਗ ਦੇਣ ।