ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ੍ਹ ਕੇਂਦਰ ਸਰਕਾਰ ਵੱਲੋਂ ‘‘ ਅੰਗਰੇਜੋ ਭਾਰਤ ਛੱਡੋ’’ ਅੰਦੋਲਨ ਦੀ 75 ਵੀ ਵਰੇਗੰਢ ਸਮੇਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਪਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣ ਵਿੱਚ ਦੇਸ਼ ਦੀ ਅਾਜਾਦੀ ਵਿੱਚ 93 ਫੀਸਦੀ ਹਿੱਸਾ ਪਾਉਣ ਵਾਲੇ ਸਿੱਖਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਪੂਰੀ ਤਰ੍ਹਾਂ ਪੱਖਪਾਤ ਕਰਦਿਆਂ ਸਿਰਫ ਉਹਨਾਂ ਲੋਕਾਂ ਦੀਆਂ ਘੋੜੀਆਂ ਗਾਈਆਂ ਹਨ ਜਿਹਨਾਂ ਦਾ ਅਜਾਦੀ ਦੀ ਲੜਾਈ ਵਿੱਚ ਯੋਗਦਾਨ ਸਿਰਫ ਸੰਕੇਤਕ ਹੀ ਰਿਹਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍. ਸਰਨਾ ਨੇ ਕਿਹਾ ਕਿ ਅਜਾਦੀ ਦੀ ਲੜਾਈ ਵਿੱਚ ਸਿੱਖ ਕੌਮ ਨੇ ਬਹੁਤ ਵੱਡਾ ਹਿੱਸਾ ਪਾਇਆ ਤੇ ਪੰਜਾਬ ਦੀ ਅਜਾਦੀ ਦੀ ਲੜਾਈ ਸਿੱਖਾਂ ਨੇ ਭਾਰਤ ਦੀ ਅਜਾਦੀ ਵਿੱਚ ਤਬਦੀਲ ਕਰਕੇ ਜਿਹੜਾ ਯੋਗਦਾਨ ਪਾਇਆ ਉਹ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਕਿ 121 ਫਾਂਸੀ ਤੇ ਚੜੇ ਅਜਾਦੀ ਪਰਵਾਨਿਆਂ ਵਿੱਚੋਂ 93 ਸਿੱਖ ਸਨ। ਉਹਨਾਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਵੀ ਉਸ ਵੇਲੇ ਪਰਖਿਆ ਗਿਆ ਜਦੋਂ ਸਿੱਖਾਂ ਨੇ ਗਾਂਧੀ ਦੀ ਅਹਿੰਸਾ ਦੀ ਵਿਚਾਰਧਾਰਾ ਨੂੰ ਪਾਰ ਕਰਦਿਆਂ ਗੁਰੂ ਕਾ ਬਾਗ ਮੋਰਚਾ ਦੀ ਅੰਦੋਲਨ ਪੂਰੀ ਸ਼ਾਂਤਮਈ ਰੱਖਿਆ ਤੇ ਅੰਗਰੇਜ਼ ਪੁਲੀਸ ਵੱਲੋਂ ਸਿੱਖਾਂ ਤੇ ਤਸ਼ੱਦਦ ਕੀਤਾ ਜਾਂਦਾ ਤੇ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪੈਂਦੇ ਤਾਂ ਉਹਨਾਂ ਨੂੰ ਘੋੜਿਆਂ ਦੇ ਸੁੰਮਾਂ ਥੱਲੇ ਦਰੜਿਆ ਜਾਂਦਾ ਪਰ ਸਿੱਖ ਸ਼ਾਂਤਮਈ ਅੰਦੋਲਨ ਜਾਰੀ ਰੱਖਦੇ ਸਨ। ਗੁਰੂ ਕੇ ਬਾਗ ਦੇ ਮੋਰਚੇ ਦੀ ਹੋਈ ਜਿੱਤ ਤੋਂ ਬਾਅਦ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸਿੱਖਾਂ ਦੇ ਇਸ ਜਿੱਤ ਨਾਲ ਅਸੀਂ ਅਜਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਉਹਨਾਂ ਕਿਹਾ ਕਿ ਅਜਾਦੀ ਦੀ ਲੜਾਈ ਵਿੱਚ ਗਦਰੀ ਬਾਬਿਆਂ, ਕੂਕਾ ਲਹਿਰ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਾਬਾ ਖੜਕ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਵਰਗੀਆਂ ਸ਼ਖਸ਼ੀਅਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਪਰ ਮੋਦੀ ਜੀ ਨੂੰ ਆਪਣੇ ਭਾਸ਼ਣ ਵਿੱਚ ਇਹਨਾਂ ਅਜਾਦੀ ਪ੍ਰਵਾਨਿਆਂ ਨੂੰ ਅਣਗੌਲਿਆ ਕਰਕੇ ਬੱਜਰ ਗੱਲਤੀ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਜਿਹੜਾ ਇੱਕ ਬੁਲਾਰਾ ਬੋਲਿਆ ਵੀ ਉਸ ਨੇ ਮੋਦੀ ਖੁਸ਼ਾਮਦ ਤੇ ਲਾਲਾ ਲਾਜਪਤ ਰਾਏ ਦੇ ਗੁਣ ਗਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਮਹਾਂਰਾਸ਼ਟਰ ਤੇ ਗੁਜਰਾਤ ਦੇ ਲੋਕਾਂ ਦਾ ਅਜਾਦੀ ਦੇ ਘੋਲ ਵਿੱਚ ਕੋਈ ਵੀ ਯੋਗਦਾਨ ਨਹੀ ਰਿਹਾ ਤੇ ਸਭ ਤੋਂ ਵੱਧ ਨੁਕਸਾਨ ਪੰਜਾਬ ਤੇ ਬੰਗਾਲ ਨੂੰ ਉਠਾਉਣਾ ਪਿਆ। ਵਿਸ਼ੇਸ਼ ਕਰਨਾ ਸਿੱਖਾਂ ਨੂੰ ਉਠਾਉਣਾ ਪਿਆ ਜਿਹਨਾਂ ਦੇ 175 ਧਾਰਮਿਕ ਅਸਥਾਨ ਪਾਕਿਸਤਾਨ ਵਿੱਚ ਰਹਿ ਗਏ ਪਰ ਫਿਰ ਵੀ ਸਿੱਖਾਂ ਨੇ ਹਿੰਦੋਸਤਾਨ ਨਾਲ ਰਹਿਣਾ ਕਬੂਲ ਕੀਤਾ ਪਰ ਮੋਦੀ ਜੀ ਨੇ ਆਰ.ਐਸ.ਐਸ ਦੇ ਪਦਚਿੰਨ੍ਹਾਂ ਤੇ ਚੱਲਦਿਆਂ ਸਿਰਫ ਉਹਨਾਂ ਲੋਕਾਂ ਦਾ ਹੀ ਗਾਇਨ ਕੀਤਾ ਜਿਹਨਾਂ ਦਾ ਅਜਾਦੀ ਦੀ ਲੜਾਈ ਵਿੱਚ ਕੋਈ ਯੋਗਦਾਨ ਨਹੀਂ ਸੀ ਤੇ ਉਹ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਬਣਦੇ ਰਹੇ। ਉਹਨਾਂ ਕਿਹਾ ਕਿ ਮੋਦੀ ਜੀ ਭਾਂਵੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਪਰ ਦੇਸ਼ ਦੀ ਜਨਤਾ ਸਿੱਖਾਂ ਬਾਰੇ ਭਲੀਭਾਂਤ ਜਾਣਦੀ ਹੈ ਕਿ ਅਜਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਜਦੋਂ ਵੀ ਦੇਸ਼ ਤੇ ਕਿਸੇ ਵੀ ਕਿਸਮ ਦੀ ਭੀੜ ਬਣੀ ਸਿੱਖਾਂ ਨੇ ਪਹਿਲੀ ਕਤਾਰ ਵਿੱਚ ਖਲੋ ਕੇ ਆਪਣਾ ਯੋਗਦਾਨ ਪਾਇਆ ਹੈ ਪਰ ਦੇਸ਼ ਦੀ ਪ੍ਰਭਸੱਤਾ ਨੂੰ ਆਂਚ ਤੱਕ ਨਹੀਂ ਆਉਣ ਦਿੱਤੀ।