ਪਟਿਆਲਾ – ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤਕ ਕੇਂਦਰ ਸਰਕਾਰ ਦਾ ਰਵੱਈਆ ਸਿੱਖ ਕੌਮ ਪ੍ਰਤੀ ਹਮੇਸ਼ਾ ਵਿਤਕਰੇ ਵਾਲਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਸਿੱਖਾਂ ਨਾਲ ਪੱਖਪਾਤ ਕੀਤਾ ਹੈ ਅਤੇ ਸਿੱਖਾਂ ਨੂੰ ਰਾਹਤ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਅੰਦਰ ਵੱਖ-ਵੱਖ ਘੱਟ ਗਿਣਤੀ ਕੌਮਾਂ ਹਨ ਜਿਨ੍ਹਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਨੇ ਘੱਟ ਗਿਣਤੀ ਕਮਿਸ਼ਨ ਵਿਚ ਮੈਂਬਰ ਲਿਆ ਹੈ ਪਰੰਤੂ ਕਿਸੇ ਸਿੱਖ ਨੂੰ ਘੱਟ ਗਿਣਤੀ ਕਮਿਸ਼ਨ ਦਾ ਨੁਮਾਇੰਦਾ ਨਾ ਲੈਣਾ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਦੇ ਇਸ ਨਜ਼ੱਰੀਏ ਨਾਲ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਰਹੀ ਹੈ ਉਥੇ ਅਸੁਰੱਖਿਆ ਦੀ ਭਾਵਨਾ ਵੀ ਵੱਧ ਰਹੀ ਹੈ, ਜਦਕਿ ਆਜ਼ਾਦੀ ਦੀ ਲੜਾਈ ਵਿਚ ਸਿੱਖ ਕੌਮ ਦਾ ਅਹਿਮ ਯੋਗਦਾਨ ਰਿਹਾ। ਇਕ ਸਵਾਲ ਦੇ ਜਵਾਬ ਵਿਚ ਪ੍ਰੋ:ਬਡੂੰਗਰ ਨੇ ਕਿਹਾ ਕਿ ਬੇਸ਼ੱਕ ਅੱਜ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਘੱਟ ਗਿਣਤੀਆਂ ਦੀ ਅਸੁਰੱਖਿਆ ਦਾ ਮਾਮਲਾ ਚੁੱਕਿਆ ਹੈ ਪਰੰਤੂ ਅਹੁਦੇ ‘ਤੇ ਤਾਇਨਾਤ ਹੋਣ ਸਮੇਂ ਕਦੇ ਵੀ ਸਿੱਖ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਨਹੀਂ ਵਿਖਾਈ, ਪਰ ਫਿਰ ਵੀ ਅਸੀਂ ਉਨ੍ਹਾਂ ਦੇ ਇਸ ਬਿਆਨ ਦਾ ਸਵਾਗਤ ਕਰਦੇ ਹਾਂ।
ਪ੍ਰੋ: ਬਡੂੰਗਰ ਨੇ ਇਕ ਵਾਰ ਫਿਰ ਜੀ.ਐਸ.ਟੀ. ਮਾਮਲੇ ਉਤੇ ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਵੱਖ-ਵੱਖ ਧਾਰਮਿਕ ਅਸਥਾਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਪਰੰਤੂ ਫਿਰ ਵੀ ਇਨ੍ਹਾਂ ਅਸਥਾਨਾਂ ਉਪਰ ਜੀ.ਐਸ.ਟੀ. ਲਾਗੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਨੋਟਬੰਦੀ ਤੇ ਜੀ.ਐਸ.ਟੀ. ਨਾਲ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਹੁਣ ਅਧਾਰ ਕਾਰਡ ਵਿਚੋਂ ਪੰਜਾਬੀ ਭਾਸ਼ਾ ਨੂੰ ਹਟਾਉਣ ਦਾ ਮੰਦਭਾਗਾ ਫੈਸਲਾ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰ ਦੇ ਅਜਿਹੇ ਫੈਸਲਿਆਂ ਨਾਲ ਜਿਥੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣ ਸਕਦਾ ਹੈ ਉਥੇ ਅਮਨ ਸ਼ਾਂਤੀ ਵੀ ਭੰਗ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਫੈਸਲੇ ਲੈਣ ਤੋਂ ਪਹਿਲਾਂ ਹਰੇਕ ਪਹਿਲੂ ਉਪਰ ਚੰਗੀ ਤਰ੍ਹਾਂ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਪ੍ਰੋ: ਬਡੂੰਗਰ ਨੇ ਸੂਬੇ ਵਿਚ ਵਾਪਰ ਰਹੀਆਂ ਵਾਲ ਕੱਟਣ ਦੀਆਂ ਘਟਨਾਵਾਂ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨਾ ਦੁਖਦਾਈ ਹੈ ਉਥੇ ਵਾਲ ਕੱਟਣ ਦੀਆਂ ਘਟਨਾਵਾਂ ਵੀ ਬਹੁਤ ਮੰਦਭਾਗੀਆਂ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਏਜੰਸੀਆਂ ਰਾਹੀਂ ਉਚ ਪੱਧਰੀ ਜਾਂਚ ਕਰਵਾ ਕੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ। ਅਜਿਹੀਆਂ ਘਟਨਾਵਾਂ ਪ੍ਰਤੀ ਸਰਕਾਰ ਨੂੰ ਸੁਚੇਤ ਹੋਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਵਿਚ ਜਿਥੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਮਾਮਲਿਆਂ ਨੂੰ ਵਿਚਾਰਿਆ ਗਿਆ ਉਥੇ ਹੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ, ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਸ. ਗੁਰਤੇਜ ਸਿੰਘ ਢੱਡੇ ਤੇ ਸ. ਮੇਜਰ ਸਿੰਘ ਢਿੱਲੋਂ, ਡਾ. ਪਰਮਵੀਰ ਸਿੰਘ ਮੈਂਬਰ ਸਿੱਖ ਇਤਿਹਾਸ ਬੋਰਡ, ਸਕੱਤਰ ਡਾ. ਰੂਪ ਸਿੰਘ, ਐਡੀਸ਼ਨਲ ਸਕੱਤਰ ਸ. ਮਹਿੰਦਰ ਸਿੰਘ ਆਹਲੀ ਤੇ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਤੇ ਸ. ਚਾਨਣ ਸਿੰਘ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਡਾ. ਗੁਰਵੀਰ ਸਿੰਘ ਡਾਇਰੈਕਰ, ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਬੀਬੀ ਸਤਵੰਤ ਕੌਰ, ਸ. ਗੁਰਪ੍ਰੀਤ ਸਿੰਘ ਰੋਡੇ ਤੇ ਸ. ਰਣਜੀਤ ਸਿੰਘ ਮਾਜੀਪੁਰ ਮੈਨੇਜਰ ਆਦਿ ਹਾਜ਼ਰ ਸਨ।