ਨਵੀਂ ਦਿੱਲੀ – ਇਸ ਸਾਲ ਜੂਨ ਮਹੀਨੇ ਵਿੱਚ ਉਦਯੋਗਿਕ ਉਤਪਾਦਨ ਵਿੱਚ ਬਹੁਤ ਤੇਜ਼ ਗਿਰਾਵਟ ਦਰਜ਼ ਕੀਤੀ ਗਈ ਹੈ ਜੋ ਕਿ ਡਿਗ ਕੇ 0.1 ਫੀਸਦੀ ਤੱਕ ਪਹੁੰਚ ਗਈ ਹੈ। ਜਿਕਰਯੋਗ ਹੈ ਕਿ ਪਿੱਛਲੇ ਸਾਲ ਇਸੇ ਮਹੀਨੇ ਵਿੱਚ ਉਦਯੋਗਿਕ ਉਤਪਾਦਨ ਵਿੱਚ 8 ਫੀਸਦੀ ਦਾ ਵਾਧਾ ਹੋਇਆ ਸੀ। ਇੰਡੈਕਸ ਆਫ਼ ਇੰਡਸਟਰੀਅਲ ਪ੍ਰੋਡਕਸ਼ਨ ਮੱਤਲਬ ਆਈਆਈਪੀ ਵਿੱਚ ਆਈ ਇਹ ਗਿਰਾਵਟ ਨਿਰਮਾਣ ਖੇਤਰ ਅਤੇ ਕੈਪਿਟਲ ਗੁਡਸ ਸੈਕਟਰਾਂ ਵਿੱਚ ਕਮੀ ਦੀ ਵਜ੍ਹਾ ਕਰਕੇ ਆਈ ਹੈ। ਖਾਣਾਂ, ਊਰਜਾ, ਇੰਫਰਸਟਰਕਚਰ/ ਨਿਰਮਾਣ ਅਤੇ ਕੰਜਿਊਮਰ ਡਚੂਰੇਬਲਜ ਦਾ ਪ੍ਰਦਰਸ਼ਨ ਬਹੁਤ ਹੀ ਖਰਾਬ ਰਿਹਾ।
ਕੇਂਦਰ ਵੱਲੋਂ ਸ਼ੁਕਰਵਾਰ ਨੂੰ ਉਦਯੋਗਿਕ ਉਤਪਾਦਨ ਦੇ ਅੰਕੜੇ ਜਾਰੀ ਕੀਤੇ ਗਏ। ਅਪਰੈਲ ਤੋਂ ਜੂਨ ਦੀ ਤਿਮਾਹੀ ਵਿੱਚ ਉਦਯੋਗਿਕ ਉਤਪਾਦਨ ਦੀ ਵਾਧੇ ਦੀ ਦਰ ਘੱਟ ਕੇ 2 ਫੀਸਦੀ ਰਹਿ ਗਈ ਹੈ ਜੋ ਕਿ ਪਿੱਛਲੇ ਸਾਲ ਇਸੇ ਤਿਮਾਹੀ ਵਿੱਚ 7.1 ਫੀਸਦੀ ਰਹੀ ਸੀ। ਮੌਜੂਦਾ ਵਿੱਤ ਵਰਸ਼ ਵਿੱਚ ਉਦਯੋਗਿਕ ਉਤਪਾਦਨ ਵਿੱਚ ਇਹ ਪਹਿਲੀ ਗਿਰਾਵਟ ਦਰਜ਼ ਕੀਤੀ ਗਈ ਹੈ। ਜੂਨ ਮਹੀਨੇ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਬਹੁਤ ਤੇਜ਼ ਗਿਰਾਵਟ ਆਈ ਹੈ। ਅਪਰੈਲ ਵਿੱਚ ਇਹ ਵਿਕਾਸ ਦਰ 3.4 ਫੀਸਦੀ ਰਹੀ ਤੇ ਮਈ ਵਿੱਚ ਘੱਟ ਕੇ 2.8 ਫੀਸਦੀ ਤੇ ਆ ਗਈ।
ਕੈਪੀਟਲ ਗੁਡਸ ਆਊਟਪੁਟ ਵਿੱਚ 6.8 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ, ਜਦੋਂ ਕਿ ਇੱਕ ਸਾਲ ਪਹਿਲਾਂ ਇਸ ਵਿੱਚ 14.8% ਦਾ ਵਾਧਾ ਹੋਇਆ ਸੀ। ਕੰਜਿਊਮਰ ਡਚੂਰੇਬਲਸ ਅਤੇ ਕੰਜਿਊਮਰ ਨਾਨ ਡਚੂਰੇਬਲਸ ਵਿੱਚ ਕਰਮਵਾਰ : -2.1% ਅਤੇ 4.9% ਗਰੋਥ ਦਰਜ਼ ਕੀਤੀ ਗਈ। ਉਦਯੋਗ ਜਗਤ ਦੇ ਲਈ ਇਹ ਬਹੁਤ ਬੁਰੇ ਸੰਕੇਤ ਹਨ। ਜੂਨ ਮਹੀਨੇ ਵਿੱਚ 23 ਉਦਯੋਗਿਕ ਸੰਗਠਨਾਂ ਵਿੱਚੋਂ 15 ਨੇ ਨੈਗੇਟਿਵ ਗਰੋਥ ਵਿਖਾਈ ਹੈ।