ਕੰਨਾਂ ਦੇ ਲੋਟਣ ਜਿਉਂ ਫੁੱਲ
ਝੁਮਕਾ ਵੇਲ ਦੇ,
ਕਾਲੇ ਗੇਂਸੂ ਮਹਿਕਾਏ
ਚਮੇਲੀਆ ਤੇਲ ਦੇ,
ਗੋਰੇ ਮੁੱਖੜੇ ਨੂੰ ਸੰਗਾਂ ਨੇ
ਸੰਧੂਰੀ ਰੰਗਿਆ
ਗਛ ਖਾ ਹੋ ਗਏ ਪਿੱਠ ਪਰਨੇ
ਨੈਣਾਂ ਜਦੋਂ ਸੱਪਾਂ ਨੂੰ ਡੰਗਿਆ…!!
ਪਿੱਪਲੀ ਕਰੂਬਲਾਂ ਜੇਹੇ ਅੰਗਾਂ ਨੂੰ
ਛੁਹਣਾ ਦਿਲ ਲੋਚਦਾ,
ਖੋਹ ਲਵਾਂ ਮਹਿਕਾ ਅਮਲਤਾਸ਼ੀ ਤੈਥੋਂ
ਗੁਲ਼ ਏਹੋ ਸੋਚਦਾ
ਸੋਖ਼ ਲਈਆਂ ਅਸਮਾਨੋਂ ਨਿਲੱਤਣਾਂ
ਅੱਖਾਂ ਨੀਲੀਆਂ,
ਹੁਸਨ ਤੇਰਾ;ਜਲਵਾ-ਏ-ਕਾਇਨਾਤ
ਹਵਾਵਾਂ ਕੀਲੀਆਂ…!!
ਕੋਈ ਛੈਲ ਗੱਭਰੂ ਨਾ ਪਸੰਦ
ਆਵੇ ਤਿੱਖੇ ਨੱਕ ਦੇ,
ਰੂਪ ਦੇ ਨਜਾਰੇ ਅੰਬਰੋਂ
ਚੰਨ ਤਾਰੇ ਤੱਕਦੇ,
ਪਾਣੀਆਂ ਦੇ ਵਾਂਗ ਲਹਿਰਾਵੇ
ਲੱਕ ਤੇਰਾ ਪਤਲਾ,
ਤੇਰੇ ਬਾਝੋਂ ਅਧੂਰੀਆਂ ਨੇ ਗਜ਼ਲਾਂ
ਕੀ ਮਕਤਾ ਤੇ ਕੀ ਮਤਲਾ…!!