ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। ਸ਼ਾਮੇ ਨੇ ਆਪਣੀ ਘਰਵਾਲੀ ਗੁਲਾਬੋ ਨੂੰ ਆਵਾਜ਼ ਮਾਰ ਕੇ ਕਿਹਾ , “ਕੱਲ੍ਹ ਭੈਣਾਂ ਨੇ ਆਉਣਾ ਹੈ, ਤੂੰ ਐਂ ਕਰੀਂ ਗੁੜ ਵਾਲੇ ਚੋਲ ਬਣਾ ਲਵੀਂ, ਭੰਤੀ ਨੂੰ ਤੇਰੇ ਦੇ ਚੋਲ ਬਹੁਤ ਪਸੰਦ ਨੇ ਤੇ ਮੈਂ ਆੜਤੀਏ ਤੋਂ ਪੈਸੇ ਲੈ ਕੇ ਸ਼ਹਿਰੋਂ ਕੁੱਝ ਖਾਣ-ਪੀਣ ਦਾ ਸਮਾਨ ਲੈ ਆਈ, ਪਿੰਡ ਥਾਂ ਹੈ ਕਿਤੇ ਕੱਲ ਕੁੱਝ ਮਿਲੇ ਜਾਂ ਨਾ”।
ਆੜਤੀਏ ਕੋਲ ਜਾ ਸ਼ਾਮੇ ਨੇ ਸਾਰਾ ਹਿਸਾਬ ਕੀਤਾ ਤੇ ਕਿਹਾ, “ਸ਼ਾਹ ਜੀ ਪੰਜਾਹ-ਪੰਜਾਹ ਦੇ ਨਹੀਂ ਸੋ-ਸੋ ਦੇ ਕੜਕਣੇ ਨੋਟ ਦੇ ਦਿਓ, ਕੱਲ੍ਹ ਰੱਖੜੀ ਹੈ ਇਸ ਵਾਰ ਮੀਂਹ ਵਧੀਆ ਪੈਣ ਤੇ ਫਸਲ ਵਧੀਆ ਹੋਈ ਹੈ ਤੇ ਸੋਚਦਾ ਹਾਂ, ਭੈਣਾਂ ਨੂੰ 50 ਨਹੀਂ 100-100 ਰੁਪਏ ਦੇਵਾਂ”।
ਸਵੇਰ ਤੋਂ ਤਰਕਾਲਾ ਵੇਲਾ ਆ ਗਿਆ ਪਰ ਸ਼ਾਮੇ ਦੀਆਂ ਭੈਣਾਂ ਰੱਖੜੀ ਲੈ ਕੇ ਨਾ ਆਈਆਂ। ਆਪਣੀ ਬੇਚੈਨੀ ਦੂਰ ਕਰਨ ਲਈ ਸ਼ਾਮੇ ਨੇ ਵੱਡੀ ਭੈਣ ਬੰਤੋ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁਕਿਆ। “ਵੱਡੇ ਵੀਰ ਨੂੰ ਹੀ ਪੁੱਛ ਲਵਾਂ”, ਸ਼ਾਮੇ ਨੇ ਮਨ ਵਿੱਚ ਸੋਚਿਆ ਤੇ ਆਪਣੇ ਵੱਡੇ ਵੀਰ ਬਲਰਾਜ ਨੂੰ ਫੋਨ ਕੀਤਾ ਜੋ ਕਿਸੇ ਮਹਾਨਗਰ ਵਿੱਚ ਵਕੀਲ ਸੀ। “ਵੀਰ ਭੈਣਾਂ ਨੇ ਆਉਣਾ ਸੀ ਅੱਜ, ਹਲੇ ਤੀਕ ਆਈਆਂ ਨਹੀਂ, ਤੇਰੇ ਨਾਲ ਗੱਲ ਤਾਂ ਨਹੀਂ ਹੋਈ ਉਨ੍ਹਾਂ ਦੀ”, ਸ਼ਾਮੇ ਨੇ ਝਿਜਕਦੇ ਹੋਏ ਪੁੱਛਿਆ। “ਉਹ ਹਾਂ ਆਹੋ ਤੇਰੀ ਭਰਜਾਈ ਨਾਲ ਰੱਖਦੀ ਦਾ ਸੂਟ ਲੈਣ ਬਜ਼ਾਰ ਗਈਆਂ ਨੇ, ਆਹ ਭੰਤੀ ਘਰੇ ਹੀ ਆ ਗਲ ਕਰ ਲੈ”, ਬਲਰਾਜ ਨੇ ਭੰਤੀ ਨੂੰ ਫੋਨ ਫੜਾ ਦਿੱਤਾ।
“ਸਤਿ ਸ਼੍ਰੀ ਅਕਾਲ ਵੀਰ”, ਭੰਤੀ ਨੇ ਕਿਹਾ।
“ਭੰਤੀ ਤੁਸੀਂ ਆਈਆ ਨਹੀਂ ਅਸੀਂ ਸਵੇਰ ਦੇ ਉਡੀਕਦੇ ਸੀ”, ਸ਼ਾਮੇ ਨੇ ਗੁੱਸਾ ਜਤਾਉਂਦੇ ਹੋਏ ਕਿਹਾ।
“ਓ ਵੀਰ ਅਸੀਂ ਸ਼ਾਪਿੰਗ ਕਰਨੀ ਸੀ ਤੇ ਪਿੰਡ ਔਖਾ ਹੋ ਜਾਂਦਾ”, ਭੰਤੀ ਨੇ ਕਿਨਾਰਾ ਕਰਦੇ ਹੋਏ ਕਿਹਾ।
ਸ਼ਾਮਾ ਚੁੱਪ ਸੀ, ਬਿਲਕੁਲ ਚੁੱਪ ਤੇ ਆਪਣੀ ਸੁੰਨੀ ਕਲਾਈ ਵਲੋਂ ਵੇਖਦਾ ਹੋਇਆ ਆਪਣੇ ਹਾਲਾਤ ਤੇ ਔਕਾਤ ਬਾਰੇ ਸੋਚਣ ਲੱਗ ਪਿਆ।