ਇਹ ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ।
ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ।
ਉਹ ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ
ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ।
ਭੋਲਾ-ਭਾਲੇ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ
ਫਿਰ ਪਉਂਦੇ ਚੋਗਾ-ਦਾਣਾ, ਬਚਕੇ ਰਹਿ ਯਾਰਾ।
ਉਹ ਲਾ ਕੇ ਅੱਗ,ਬੁਝਾਵਣ ਦੇ ਉਸਤਾਦ ਬੜੇ ਨੇ
ਨਿੱਤ ਢੂੰਡਣ ਨਵਾਂ ਬਹਾਨਾ ਬਚ ਕੇ ਰਹਿ ਯਾਰਾ।
ਰਾਣੀ ਖ਼ਾਂ ਦੇ ਸਾਲੇ ਬਣਕੇ, ਲੂੰਬੜ ਚਾਲਾਂ ਖੇਡਣ
ਖਰਾਬ ਕਰਨਗੇ ਖਾਨਾ, ਬਚ ਕੇ ਰਹਿ ਯਾਰਾ।
ਮੋਮੋ -ਠੱਗਣੀਆਂ ਕਰ ਗਲਾਂ, ਵੈਰ ਪੁਆ ਦਿੰਦੇ
ਅੱਗ ਲਉਣੀ ਖੱਬੀਖਾਨਾਂ, ਬਚ ਕੇ ਰਹਿ ਯਾਰਾ।
“ਸੁਹਲ” ਜੋ ਹੁੰਦੇ ਦੰਗੇ,ਕਰਦੇ ਨੇ ਉਹ ਗੰਦੇ ਬੰਦੇ
ਨਿਭਾਉਂਦੇ ਨਹੀਂ ਯਰਾਨਾ, ਬਚ ਕੇ ਰਹਿ ਯਾਰਾ।