ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਪੰਥਕ ਕਹਾਉਣ ਵਾਲੀਆਂ ਪਾਰਟੀਆਂ, ਸੰਗਠਨ ਅਤੇ ਆਗੂਆਂ ਨੇ ਬੀਤੀਆ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਕਾਂਗਰਸ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਸਿੱਖ ਵਿਰੋਧੀ ਜਮਾਤਾਂ ਨੂੰ ਪਵਾਈਆ ਅਤੇ ਮਾਲੀ ਤੌਰ ਤੇ ਇਮਦਾਦ ਕੀਤੀ ਹੋਵੇ, ਉਹ ਸੰਗਠਨ ਤੇ ਆਗੂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਕਿਵੇ ਬਣ ਸਕਦੇ ਨੇ ? ਵਰਲਡ ਸਿੱਖ ਪਾਰਲੀਮੈਂਟ ਕਾਇਮ ਹੋਣੀ ਅਤਿ ਜ਼ਰੂਰੀ ਹੈ । ਪਰ ਇਸਦਾ ਅਧਿਕਾਰ ਤਾਂ ਕੇਵਲ ਤੇ ਕੇਵਲ ਸਿੱਖ ਕੌਮ ਨੇ ਸਰਬੱਤ ਖ਼ਾਲਸਾ ਰਾਹੀ ਤਖ਼ਤ ਸਾਹਿਬਾਨਾਂ ਦੇ ਚੁਣੇ ਗਏ ਜਥੇਦਾਰ ਸਾਹਿਬਾਨ ਨੂੰ ਦਿੱਤਾ ਹੈ । 10 ਨਵੰਬਰ 2015 ਨੂੰ ਚੱਬਾ ਵਿਖੇ ਹੋਏ ਸਰਬੱਤ ਖ਼ਾਲਸਾ ਸਮੇਂ 11 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਸਨ । ਜਿਨ੍ਹਾਂ ਵਿਚ ਇਕ ਮਤਾ ਵਰਲਡ ਸਿੱਖ ਪਾਰਲੀਮੈਂਟ ਕਾਇਮ ਕਰਨ ਦਾ ਸੀ । ਫਿਰ ਕੋਈ ਇਕਾ-ਦੁੱਕਾ ਇਨਸਾਨ ਜਾਂ ਸੰਗਠਨ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਗੱਲ ਕਿਵੇ ਕਰ ਸਕਦਾ ਹੈ ? ਵਰਲਡ ਸਿੱਖ ਪਾਰਲੀਮੈਂਟ ਜਥੇਦਾਰ ਸਾਹਿਬਾਨ ਦੀ ਰਹਿਨੁਮਾਈ ਹੇਠ ਹੀ ਬਣ ਸਕਦੀ ਹੈ ਨਾ ਕਿ ਕਿਸੇ ਜਥੇਬੰਦੀ ਜਾਂ ਕਿਸੇ ਇਨਸਾਨ ਕੋਲ ਅਜਿਹਾ ਕੋਈ ਅਧਿਕਾਰ ਹੈ । ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਇਕ ਮਰਿਯਾਦਾ ਨਿਯਮ ਅਧੀਨ ਹੀ ਹੋ ਸਕਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮੀਡੀਏ ਵਿਚ ਕੁਝ ਸਿੱਖਾਂ ਵੱਲੋਂ ਜਾਂ ਇਕ ਦੋ ਸੰਗਠਨਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਆਈ ਗੱਲ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਭ ਜੱਗ ਜਾਣਦਾ ਹੈ ਕਿ ਆਖੰਡ ਕੀਰਤਨੀ ਜਥਾ, ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ, ਸਿੱਖ ਫਾਰ ਜਸਟਿਸ, ਬਰਤਾਨੀਆ ਦੇ ਸ. ਅਮਰੀਕ ਸਿੰਘ ਗਿੱਲ, ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੂੰਮਾ, ਸਿੱਖ ਸਟੂਡੈਟ ਫੈਡਰੇਸ਼ਨ, ਆਰ.ਪੀ. ਸਿੰਘ, ਹਰਪਾਲ ਸਿੰਘ ਚੀਮਾਂ, ਮੋਹਕਮ ਸਿੰਘ ਆਦਿ ਸਭਨਾਂ ਨੇ ਖ਼ਾਲਿਸਤਾਨ ਦੀ ਸੋਚ ਨੂੰ ਪਿੱਠ ਦੇ ਕੇ ਵਿਧਾਨ ਸਭਾ ਚੋਣਾਂ ਵਿਚ ਸਿੱਖ ਵਿਰੋਧੀ ਜਮਾਤਾਂ ਕਾਂਗਰਸ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆ । ਸਿੱਖ ਫਾਰ ਜਸਟਿਸ ਜੋ ਖ਼ਾਲਿਸਤਾਨ ਦੇ ਮੁੱਦੇ ਉਤੇ ਰੈਫਰੈਡਮ ਕਰਵਾਉਣ ਦੀ ਗੱਲ ਕਰ ਰਹੀ ਹੈ, ਦੂਸਰੇ ਪਾਸੇ ਖ਼ਾਲਿਸਤਾਨ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲੀ ਅਤੇ ਪਹਿਰਾ ਦੇਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਰੁੱਧ ਵੋਟਾਂ ਭੁਗਤਾਉਦੀ ਹੈ । ਫਿਰ ਸਿੱਖ ਫਾਰ ਜਸਟਿਸ ਖ਼ਾਲਿਸਤਾਨ ਦੇ ਮੁੱਦੇ ਉਤੇ ਰੈਫਰੈਡਮ ਦੀ ਗੱਲ ਕਿਸ ਦਲੀਲ ਅਧੀਨ ਕਰ ਰਹੀ ਹੈ ? ਫਿਰ ਇਨ੍ਹਾਂ ਜਥੇਬੰਦੀਆਂ ਦੇ ਆਗੂ ਜੋ ਖ਼ਾਲਿਸਤਾਨੀ ਵਿਰੋਧੀ ਜਮਾਤਾਂ ਨੂੰ ਵੋਟਾਂ ਵੀ ਪਵਾਉਦੇ ਹਨ ਅਤੇ ਧਨ-ਦੌਲਤਾ ਰਾਹੀ ਮਦਦ ਵੀ ਕਰਦੇ ਹਨ, ਉਨ੍ਹਾਂ ਨੂੰ ਕੀ ਅਧਿਕਾਰ ਹੈ ਕਿ ਉਹ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਗੱਲ ਕਰਨ ਜਾਂ ਉਸਦੇ ਮੈਂਬਰ ਬਣਨ ਦਾ ਦਾਅਵਾ ਕਰਨ ? ਸ. ਆਰ.ਪੀ. ਸਿੰਘ ਜੋ ਆਖੰਡ ਕੀਰਤਨੀ ਜਥੇ ਦੇ ਆਗੂ ਹਨ, ਉਨ੍ਹਾਂ ਨੇ ਨਿਰੰਕਾਰੀਆਂ ਦੀ ਖੁੱਲ੍ਹੇਆਮ ਮਦਦ ਕਰਨ ਵਾਲੇ ਸ੍ਰੀ ਕੇਜਰੀਵਾਲ ਨੂੰ ਦਿੱਲੀ ਵਿਖੇ ਸਿਰਪਾਓ ਦੇ ਕੇ ਕੀ ਖੁਦ ਹੀ ਸਾਬਤ ਨਹੀਂ ਕਰ ਦਿੱਤਾ ਕਿ ਇਹ ਆਗੂ ਅਤੇ ਸੰਗਠਨ ਹਿੰਦ ਦੀ ਮੁੱਖ ਧਾਰਾ ਵਿਚ ਚੱਲਣ ਵਾਲੀਆ ਜਮਾਤਾਂ ਤੇ ਆਗੂਆਂ ਦੇ ਨਾਲ ਹਨ । ਜਦੋਂਕਿ ਖ਼ਾਲਿਸਤਾਨ ਇਕ ਵੱਖਰੇ ਆਜ਼ਾਦ ਮੁਲਕ ਨੂੰ ਹੋਦ ਵਿਚ ਲਿਆਉਣ ਦੀ ਗੱਲ ਕਰਦਾ ਹੈ ।
ਸ. ਮਾਨ ਨੇ ਕਿਹਾ ਕਿ ਇਨ੍ਹਾਂ ਪੰਥਕ ਕਹਾਉਣ ਵਾਲੇ ਆਗੂਆਂ ਅਤੇ ਸੰਗਠਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਮਰੀਕਾ ਹੋਦ ਵਿਚ ਆਇਆ ਤਾਂ ਰੜੇ ਮੈਦਾਨ ਵਿਚ ਸੰਘਰਸ਼ ਕਰਨ ਵਾਲਿਆ ਨੇ ਹੀ ਇਸ ਨੂੰ ਹੋਦ ਵਿਚ ਲਿਆਂਦਾ ਅਤੇ ਉਨ੍ਹਾਂ ਨੇ ਹੀ ਅਮਰੀਕਾ ਦਾ ਵਿਧਾਨ ਲਿਖਿਆ । ਹੁਣ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਨ ਵਾਲੇ ਇਹ ਸੰਗਠਨ ਤੇ ਖ਼ਾਲਿਸਤਾਨੀ ਵਿਰੋਧੀ ਜਮਾਤਾਂ ਨੂੰ ਵੋਟਾਂ ਪਾਉਣ ਵਾਲੇ ਆਗੂ ਕੀ ਖ਼ਾਲਿਸਤਾਨ ਦਾ ਵਿਧਾਨ ਲਿਖ ਸਕਦੇ ਹਨ ? ਕੀ ਅਜਿਹੀ ਸੋਚ ਵਾਲੇ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰ ਬਣ ਸਕਦੇ ਹਨ ? ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੀ ਗੱਲ ਹੈ ਕਿ ਬਰਤਾਨੀਆ ਦੇ ਬਣੇ ਐਮ.ਪੀ. ਸ. ਤਰਨਜੀਤ ਸਿੰਘ ਢੇਸੀ ਬਰਤਾਨੀਆ ਜਾ ਕੇ ਮੀਡੀਏ ਨੂੰ ਕਹਿ ਰਹੇ ਹਨ ਕਿ ਹਿੰਦ ਅਤੇ ਪੰਜਾਬ ਵਿਚ ਖ਼ਾਲਿਸਤਾਨ ਦੀ ਕੋਈ ਗੱਲ ਨਹੀਂ । ਜਿਸ ਤੋਂ ਸਪੱਸਟ ਹੈ ਕਿ ਸਿੱਖੀ ਭੇਖ ਵਿਚ ਵੀ ਉੱਚ ਅਹੁਦਿਆ ਤੇ ਪਹੁੰਚੇ ਲੋਕ ਮੁਤੱਸਵੀ ਹਿੰਦੂ ਜਮਾਤਾਂ ਅਤੇ ਸੰਗਠਨਾਂ ਦੇ ਪ੍ਰਭਾਵ ਹੇਠ ਹਨ ਅਤੇ ਉਹ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਜਿਸ ਵਿਚ ਲੱਖਾਂ ਹੀ ਨੌਜ਼ਵਾਨਾਂ ਦੀਆਂ ਜਿੰਦਗੀਆਂ ਭੇਟ ਚੜ੍ਹੀਆਂ, ਸਿੱਖ ਪਰਿਵਾਰਾਂ ਨੇ ਦੁੱਖ-ਤਕਲੀਫ਼ਾਂ ਝੱਲੀਆ ਅਤੇ ਖ਼ਾਲਿਸਤਾਨ ਦੀ ਨੀਂਹ ਨੂੰ ਕੁਰਬਾਨੀਆ ਦੇ ਕੇ ਪੱਕਿਆ ਕੀਤਾ, ਅਜਿਹੇ ਲੋਕ ਉਨ੍ਹਾਂ ਕੁਰਬਾਨੀਆਂ ਅਤੇ ਅਹੁਤੀਆ ਨੂੰ ਭੁੱਲਕੇ ਹੁਕਮਰਾਨਾਂ ਦੇ ਪ੍ਰਭਾਵ ਹੇਠ ਸੱਚ ਅਤੇ ਅਸਲੀਅਤ ਤੋਂ ਮੂੰਹ ਮੋੜਕੇ ਹਿੰਦੂ ਹੁਕਮਰਾਨਾਂ ਅਤੇ ਆਪਣੀ ਬਰਤਾਨੀਆ ਦੇ ਹੁਕਮਰਾਨਾਂ ਨੂੰ ਖੁਸ਼ ਕਰਨ ਵਿਚ ਰੁਝੇ ਹੋਏ ਹਨ । ਜਦੋਂਕਿ ਖ਼ਾਲਿਸਤਾਨ ਇਕ ਕੌਮੀ ਲਹਿਰ ਹੈ, ਜਿਸ ਨੂੰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੂਰੀ ਸਰਗਰਮ ਹੈ ਅਤੇ ਇਹ ਖ਼ਾਲਿਸਤਾਨ ਦਾ ਨਾਮ ਦੁਨੀਆ ਦੇ ਨਕਸੇ ਤੇ ਅਵੱਸ ਉਕਰੇਗਾ, ਭਾਵੇ ਕਿ ਹੁਕਮਰਾਨ ਅਤੇ ਸਿੱਖਾਂ ਵਿਚ ਬੈਠੇ ਭੇਖੀ ਕਿੰਨੀਆਂ ਵੀ ਸਾਜਿ਼ਸਾਂ ਕਿਉਂ ਨਾ ਰਚ ਲੈਣ ਅਤੇ ਵਰਲਡ ਸਿੱਖ ਪਾਰਲੀਮੈਟ ਸਰਬੱਤ ਖ਼ਾਲਸਾ ਦੇ ਜਥੇਦਾਰਾਂ ਦੀ ਰਹਿਨੁਮਾਈ ਹੇਠ ਹਰ ਕੀਮਤ ਤੇ ਬਣੇਗੀ ।