ਪਟਨਾ – ਭਾਗਲਪੁਰ ਸਰਜਨ ਘੋਟਾਲੇ ਦੇ 13 ਆਰੋਪੀਆਂ ਵਿੱਚੋਂ ਇੱਕ ਮਹੇਸ਼ ਮੰਡਲ ਨਾ ਦੇ ਆਰੋਪੀ ਦੀ ਮੌਤ ਹੋ ਗਈ ਹੈ। ਡਾਕਟਰਾਂ ਅਨੁਸਾਰ ਮਹੇਸ਼ ਕੈਂਸਰ ਦਾ ਮਰੀਜ ਸੀ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਸਨ। ਕਰੋੜਾਂ ਦੇ ਘੱਪਲੇ ਦੇ ਆਰੋਪੀ ਮਹੇਸ਼ ਦੀ ਮੌਤ ਨੂੰ ਇੱਕ ਸਾਜਿਸ਼ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ। ਮਹੇਸ਼ ਦੇ ਪ੍ਰੀਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਹੇਸ਼ ਇਸ ਘੋਟਾਲੇ ਨਾਲ ਜੁੜੇ ਹੋਰ ਕਈਆਂ ਦੇ ਰਾਜ ਖੋਲ੍ਹ ਸਕਦਾ ਸੀ।
ਬਿਹਾਰ ਦੇ ਮੁੱਖਮੰਤਰੀ ਨਤੀਸ਼ ਤੋਂ ਇਸ ਸਰਜਨ ਘੋਟਾਲੇ ਸਬੰਧੀ ਅਸਤੀਫ਼ੇ ਦੀ ਮੰਗ ਤੇ ਅੜੇ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰੋਪੀ ਮਹੇਸ਼ ਦੀ ਇਲਾਜ ਦੇ ਦੌਰਾਨ ਹੋਈ ਮੌਤ ਤੇ ਕਈ ਸਵਾਲ ੳਠਾਏ ਹਨ। ਲਾਲੂ ਜੀ ਨੇ ਟਵਿਟਰ ਤੇ ਨਤੀਸ਼ ਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਮਰਨ ਵਾਲਾ ਮਹੇਸ਼ ਮੰਡਲ ਨਤੀਸ਼ ਦੀ ਪਾਰਟੀ ਜਦਯੂ ਦਾ ਸਨਮਾਨਿਤ ਮੈਂਬਰ ਸੀ ਅਤੇ ਉਸ ਦਾ ਪੁੱਤਰ ਪਾਰਟੀ ਦੇ ਅਮੀਰ ਨੇਤਾਵਾਂ ਵਿੱਚੋਂ ਇੱਕ ਹੈ। ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਨੇ ਵੀ ਕਿਹਾ ਹੈ ਕਿ ਨਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਦੇ ਅਸਤੀਫ਼ੇ ਤੋਂ ਬਿਨਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ।
ਮੰਡਲ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ੳਹ ਬੈਂਕ, ਸਰਕਾਰ ਅਤੇ ਸਰਜਨ ਦੇ ਦਰਮਿਆਨ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਸੀ। ਉਸ ਨੇ ਸਰਜਨ ਦੀ ਫਾਂਊਂਡਰ ਸੈਕਟਰੀ ਮਨੋਰਮਾ ਦੇਵੀ ਨੂੰ ਉਰੀਜਨਲ ਸਟੇਟਮੈਂਟ ਉਪਲੱਭਦ ਕਰਵਾਏ ਸਨ। ਬਿਹਾਰ ਪੁਲਿਸ ਨੇ ਦੱਸਿਆ ਸੀ ਕਿ ਮੰਡਲ ਨੇ ਪਿੱਛਲੇ 15 ਸਾਲਾਂ ਵਿੱਚ ਸਰਜਨ ਤੋਂ ਤਿੰਨ ਕਰੋੜ ਰੁਪੈ ਕਮਿਸ਼ਨ ਲੈਣ ਦੀ ਗੱਲ ਸਵੀਕਾਰ ਕੀਤੀ ਸੀ। ਸਰਜਨ ਦੀ ਸਥਾਪਨਾ ਮਨੋਰਮਾ ਦੇਵੀ ਨੇ ਕੀਤੀ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਅਤੇ ਉਸ ਦੀ ਪਤਨੀ ਇਸ ਐਨਜੀਓ ਨੂੰ ਚਲਾਉਂਦੇ ਸਨ।
ਪੁਲਿਸ ਅਧਿਕਾਰੀ ਸਿੰਘਲ ਅਨੁਸਾਰ ਇਸ ਮਾਮਲੇ ਨਾਲ ਸਬੰਧਤ ਕੁਲ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਘੋਟਾਲੇ ਦੀ ਰਕਮ 950 ਕਰੋੜ ਤੋਂ ਵੀ ਉਪਰ ਪਹੁੰਚ ਚੁੱਕੀ ਹੈ। ਇਸ ਗਬਨ ਦਾ ਦਾਇਰਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।