ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉਘੇ ਸ਼ਾਇਰ ਡਾ. ਸੁਰਜੀਤ ਪਾਤਰ ਜੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ ਕਰਨ ’ਤੇ ਨਿੱਘੀ ਵਧਾਈ ਦਿੱਤੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਅਤੇ ਸ਼ਾਇਰੀ ਦਾ ਮਾਣ ਹਨ। ਉਨ੍ਹਾਂ ਨੂੰ ਕਲਾ ਪਰਿਸ਼ਦ ਦਾ ਚੇਅਰਮੈਨ ਨਾਮਜ਼ਦ ਕਰਕੇ ਪੰਜਾਬ ਸਰਕਾਰ ਨੇ ਢੁੱਕਵੀਂ ਸ਼ਖ਼ਸੀਅਤ ਨੂੰ ਪਛਾਣਿਆ ਹੈ। ਸਮੁੱਚਾ ਪੰਜਾਬੀ ਸਾਹਿਤ ਪਹਿਲਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਮਾਣ ਕਰਦਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਪਵਧਾਈ ਦਿੰਦਿਆਂ ਕਿਹਾ ਕਿ ਡਾ. ਪਾਤਰ ਜੀ ਦੀ ਨਿਯੁਕਤੀ ਕਰਨ ਦਾ ਮਤਲਬ ਕਵਿਤਾ ਦੀ ਰੂਹ ਨੂੰ ਪਛਾਣਨਾ ਹੈ। ਡਾ. ਸੁਰਜੀਤ ਪਾਤਰ ਜੀ ਦੇ ਚੇਅਰਮੈਨ ਬਣਨ ਨਾਲ ਸਮੁੱਚਾ ਕਲਾ ਜਗਤ ਅਤੇ ਸਭਿਆਚਾਰਕ ਨੀਤੀ ਦੇ ਸਹੀ ਪਾਸੇ ਵੱਲ ਜਾਣ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਜੀ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਡਾ. ਪਾਤਰ ਜੀ ਦਾ ਪੰਜਾਬੀ ਸਾਹਿਤ, ਸ਼ਾਇਰੀ ਅਤੇ ਸਭਿਆਚਾਰ ਦੇ ਖੇਤਰ ਵਿਚ ਪਹਿਲਾਂ ਹੀ ਵਿਸ਼ੇਸ਼ ਥਾਂ ਹੈ। ਪੰਜਾਬ ਸਰਕਾਰ ਦਾ ਇਹ ਕਦਮ ਸਹੀ ਦਿਸ਼ਾ ਵਿਚ ਚੁੱਕਿਆ ਜਾਪਦਾ ਹੈ।
ਡਾ. ਪਾਤਰ ਜੀ ਨੂੰ ਵਧਾਈ ਦੇਣ ਵਾਲਿਆਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਖੁਸਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਮਨਜਿੰਦਰ ਸਿੰਘ ਧਨੋਆ ਅਤੇ ਸ. ਭੁਪਿੰਦਰ ਸਿੰਘ ਸੰਧੂ ਸ਼ਾਮਲ ਹਨ।