ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ/ਢਾਡੀ ਜੱਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ/ਢਾਡੀ ਪ੍ਰਸੰਗ ਅਤੇ ਗੁਰਮਤਿ ਦੀਆਂ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।
ਇਸ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਸੁਭਾਗਾ ਦਿਨ ਬੜੇ ਸੁਨੇਹੇ ਦੇ ਰਿਹਾ ਹੈ। ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਜੋ ਵੱਡਮੁੱਲੀ ਦੇਣ ਦਿੱਤੀ, ਉਸ ਦਾ ਮਹੱਤਵ ਆਉਣ ਵਾਲੇ ਸਮੇਂ ਵਿੱਚ ਪੈ ਰਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਦੀ ਜੋਤਿ ਹੀ ਸਾਰੇ ਗੁਰੂ ਸਾਹਿਬਾਨਾਂ ਵਿੱਚੋਂ ਪ੍ਰਕਾਸ਼ਮਾਨ ਹੁੰਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਗੁਰੂ ਦੇ ਰੂਪ ਵਿੱਚ ਮੌਜ਼ੂਦ ਹੈ। ਉਨ੍ਹਾਂ ਨੇ ਪਹਿਲੀ ਪਾਤਿਸ਼ਾਹੀ ਤੋਂ ਹਰੇਕ ਗੁਰੂ ਸਾਹਿਬਾਨ ਦਾ ਕਾਰਜ ਬੜੇ ਵਿਸਤਾਰਪੂਰਵਕ ਵਰਨਣ ਕਰਦੇ ਹੋਏ ਕਿਹਾ ਕਿ ਮਿਹਰਬਾਨ ਤੇ ਹਰਜੀ ਵੱਲੋਂ ਕੱਚੀ ਬਾਣੀ ਦਾ ਰਲਾ ਪਾਉਣ ਦੀ ਕੋਸ਼ਿਸ਼ ਕਰਨ ’ਤੇ ਪੰਜਵੇਂ ਪਾਤਿਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਮਸਰ ਵਾਲੇ ਅਸਥਾਨ ’ਤੇ ਬੈਠਕੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਜੀ ਚਾਰ ਸਾਲ ਤੱਕ ਉਹ ਆਪਣੇ ਗ੍ਰਹਿ ਵਿਖੇ ਵੀ ਨਹੀਂ ਗਏ ਤੇ ਨਾ ਹੀ ਅੰਮ੍ਰਿਤਸਰ ਸ਼ਹਿਰ ਛੱਡਿਆ। ਆਦਿ ਗ੍ਰੰਥ ਸਾਹਿਬ ਨੂੰ ਬਾਬਾ ਬੁੱਢਾ ਜੀ ਦੇ ਸੀਸ ’ਤੇ ਬਿਰਾਜਮਾਨ ਕਰ ਆਪ ਨੰਗੇ ਪੈਰੀਂ ਚਵਰ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਤੇ ਪਹਿਲਾ ਪ੍ਰਕਾਸ਼ ਕਰਵਾਇਆ। ਉਸ ਦਿਨ ਤੋਂ ਆਪ ਜ਼ਮੀਨ ’ਤੇ ਬਿਰਾਜਮਾਨ ਹੁੰਦੇ ਰਹੇ। ਇਹ ਗੁਰਬਾਣੀ ਦਾ ਸਤਿਕਾਰ ਕਰਨਾ ਸਿਖਾਇਆ।
ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਦੇ ਕਰਾਜਾਂ ਦਾ ਹਵਾਲਾ ਦਿੰਦੇ ਕਿਹਾ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇੰਟਰਨੈਸ਼ਨਲ ਸਿੱਖ ਸਟੱਡੀਜ਼ ਸੈਂਟਰ ਬਣ ਕੇ ਤਿਆਰ ਹੋ ਰਿਹਾ ਹੈ, ਜਿਥੇ ਪਹਿਲਾਂ ਕਮੇਟੀ ਦਾ ਮੁੱਖ ਦਫਤਰ ਚਲ ਰਿਹਾ ਸੀ। ਸੰਗਤਾਂ ਨਾਲ ਕੀਤੇ ਵਾਅਦੇ ਦੇ ਮੁਤਾਬਿਕ ਅਸੀਂ ਉਥੇ ਰਿਸਰਚ ਸੈਂਟਰ ਬਣਾ ਰਹੇ ਹਾਂ, ਜਿਥੇ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੀ ਜਾਣਕਾਰੀ ਕਰ ਸਕਦਾ ਹੈ। ਪੁਰਾਤਨ ਪਾਵਨ ਸਰੂਪ, ਗੁਰਬਾਣੀ ਦੀਆਂ ਹਸਤਲਿਖਤ ਪੋਥੀਆਂ, ਲਿਖਤਾਂ ਅਤੇ ਹੋਰ ਇਤਿਹਾਸਕ ਸਮੱਗਰੀ ਉਥੇ ਰੱਖੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਦੇ ਵਿੱਚ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਕੋਈ ਅਸਥਾਨ ਸਥਾਪਿਤ ਨਹੀਂ ਕੀਤਾ ਗਿਆ ਇਸ ਲਈ ਦਿੱਲੀ ਕਮੇਟੀ ਵੱਲੋਂ ਕੁੰਡਲੀ ਬਾਰਡਰ ’ਤੇ ਸਥਿਤ ਬਣਾਏ ਜਾ ਰਹੇ ਗੁਰਦੁਆਰਾ ਦਾ ਨਾਮ ਬਾਬਾ ਜੀ ਦੇ ਨਾਮ ’ਤੇ ਰੱਖਣ ਕਰਕੇ ਜਲਦੀ ਹੀ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਜਾਵੇਗਾ। ਸਿਕਮ ਵਿੱਚ ਚੀਨ ਬਾਰਡਰ ਦੇ ਨਜ਼ਦੀਕ ਸਾਢੇ ਸਤਾਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਡਾਂਗਮਾਰ ਤੋਂ ਉਥੋਂ ਦੇ ਵਸਨੀਕ ਲਾਮਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਮਾਨ 80 ਕਿਲੋਮੀਟਰ ਹੇਠਾਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਛੱਡਿਆ ਗਿਆ ਹੈ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1991 ਵਿੱਚ ਸਿਕਮ ਦੀ ਸਰਕਾਰ ਵੱਲੋਂ ਇਸ ਅਸਥਾਨ ਨੂੰ ‘ਸਰਬ ਧਰਮ ਅਸਥਾਨ’ ਦਾ ਦਰਜ਼ਾ ਦਿੱਤਾ ਗਿਆ ਸੀ ਤੇ ਇਸ ਦੀ ਦੇਖਰੇਖ ਸਿੱਖ ਰੈਜੀਮੈਂਟ ਵੱਲੋਂ ਕੀਤਾ ਜਾ ਰਹੀ ਹੈ। ਸਾਡੀ ਮੰਗ ਹੈ ਕਿ 1991 ਦਾ ਫੈਸਲਾ ਲਾਗੂ ਕਰਕੇ ਪਹਿਲੇ ਦੀ ਤਰ੍ਹਾਂ ਦੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ। ਇਸ ਲਈ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਲਾਮਿਆਂ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਇਸ ਅਸਥਾਨ ਨੂੰ ਵਾਪਿਸ ਲੈ ਲਿਆ ਜਾਵੇਗਾ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਗੁਰੂ ਸਾਹਿਬਾਨ ਨੇ ਸਾਡੇ ’ਤੇ ਬੇਅੰਤ ਰਹਿਮਤਾਂ ਕੀਤੀਆਂ ਹਨ, ਜਿਥੇ ਹੋਰ ਧਰਮਾਂ ਦੇ ਲੋਕ ਵਹਿਮਾਂ-ਭਰਮਾਂ, ਜਾਤ-ਪਾਤ, ਊਚ-ਨੀਚ ਤੇ ਵਰਣ-ਵੰਡ ਦੇ ਵਿਤਕਰੇ ਦੇ ਬੰਧਨ ਵਿੱਚ ਫਸੇ ਹਨ, ਉਥੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਨ੍ਹਾਂ ਸਮੱਸਿਆਂ ਵਿੱਚੋਂ ਸਾਨੂੰ ਬਾਹਰ ਕੱਢਿਆ। ਬਾਣੀ ਵਿੱਚ ਜਿਥੇ ਸ੍ਰਿਸ਼ਟੀ ਦੇ ਭਲੇ ਦੀ ਗੱਲ ਕੀਤੀ ਗਈ ਉਥੇ ਨਾਲ ਹੀ ਇਸਤਰੀ ਨੂੰ ਸਤਿਕਾਰ ਦਿੱਤਾ ਗਿਆ ਹੈ, ਪਰ ਅਫਸੋਸ ਇਹ ਹੈ ਕਿ ਜਿਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੋਣ ਚਾਹੀਦਾ ਸੀ ਉਸ ਅਨੁਸਾਰ ਅਸੀਂ ਅਜੇ ਤੱਕ ਨਹੀਂ ਕਰ ਸਕੇ। ਅਸੀਂ ਕੇਵਲ ਇੱਕ ਦੂਜੇ ਦੇ ਗੁਣ-ਦੋਸ਼ ਫਰੋਲਣ ਤੱਕ ਹੀ ਸੀਮਤ ਹਾਂ। ਜਦੋਂਕਿ ਗੁਰਬਾਣੀ ਵਿੱਚ ਸਭ ਦੇ ਭਲੇ ਦੀ ਗੱਲ ਕੀਤੀ ਗਈ ਹੈ। ਉਨਾਂ ਨੇ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ-ਨਾਲ ਕਿਹਾ ਕਿ ਅਸੀਂ ਦੂਜਿਆ ਨੂੰ ਵੀ ਗੁਰਬਾਣੀ ਨਾਲ ਜੋੜੀਏ ਜਿਸ ਨਾਲ ਸਾਰੀ ਲੋਕਾਈ ਦਾ ਭਲਾ ਹੋ ਸਕੇ ਤੇ ਸਾਨੂੰ ਕੇਵਲ ਉਸ ਮਾਲਕ ਦੀ ਵਡਿਆਈ ਕਰਨੀ ਚਾਹੀਦੀ ਹੈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਤੇ ਕਮੇਟੀ ਮੈਂਬਰ ਚਮਨ ਸਿੰਘ ਸਾਹਿਬਪੁਰਾ ਨੇ ਸਟੇਜ ਸਕੱਤਰ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਰਾਣਾ, ਉਂਕਾਰ ਸਿੰਘ ਰਾਜਾ ਅਤੇ ਸਾਬਕਾ ਐਮ.ਪੀ. ਤਰਲੋਚਨ ਸਿੰਘ, ਇਲਾਕਾ ਕੌਂਸਲਰ ਮਨੀਸ਼ ਅਗਰਵਾਲ ਤੇ ਹੋਰ ਮੈਂਬਰ ਸਾਹਿਬਾਨ ਨੇ ਹਾਜ਼ਰੀ ਭਰੀ।