ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਥਿਤ ਪਾਕਿਸਤਾਨ ਦੂਤਘਰ ਵਿਖੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਪਕਿਸਤਾਨ ਸਥਿਤ ਸ਼ਹਿਰ ਹਸਨ ਅਬਦਾਲ ਦਾ ਨਾਮ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਤੇ ਸ੍ਰੀ ਪੰਜਾ ਸਾਹਿਬ ਰੱਖਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੋਰ ਆਹੁੇਦਦਾਰਾਂ ਤੇ ਨੇਤਾਵਾਂ ਨਾਲ ਸ੍ਰ. ਪਰਮਜੀਤ ਸਿੰਘ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫਦ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਆਮਦ ਤੇ ਵਧਾਈ ਦਿੱਤੀ ਤੇ ਗੁਲਦਸਤੇ ਭੇਂਟ ਕਰਕੇ ਸੁਆਗਤ ਕੀਤਾ। ਉਹਨਾਂ ਨਾਲ ਹੋਰ ਮਸਲਿਆਂ ਤੇ ਵੀ ਗੁਪਤਗੂ ਵੀ ਕੀਤੀ। ਸਰਨਾ ਭਰਾਵਾਂ ਨੇ ਹਾਈ ਕਮਿਸ਼ਨਰ ਦੇ ਧਿਆਨ ਵਿੱਚ ਲਿਆਦਾ ਕਿ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿੱਚ ਸਿੱਖਾਂ ਤੋ ਇਲਾਵਾ ਹੋਰ ਵੀ ਧਰਮਾਂ ਦੇ ਲੋਕਾਂ ਵੱਲੋ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹਨਾਂ ਵਿੱਚ ਮੁਸਲਮਾਨ ਭਾਈਚਾਰੇ ਦੀ ਲੋਕ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਸਥਿਤ ਸ਼ਹਿਰ ਹਸਨ ਅਬਦਾਲ ਦਾ ਨਾਮ ਸ੍ਰੀ ਪੰਜਾ ਸਾਹਿਬ ਰੱਖਿਆ ਜਾਵੇ ਕਿਉਕਿ ਹਸਨ ਅਬਦਾਲ ਦਾ ਨਾਮ ਅੱਜ ਦੁਨੀਆਂ ਭਰ ਵਿੱਚ ਕੋਈ ਨਹੀ ਜਾਣਦਾ ਤੇ ਵਧੇਰੇ ਕਰਕੇ ਪੰਜਾ ਸਾਹਿਬ ਹੀ ਕਿਹਾ ਜਾਂਦਾ ਹੈ ਕਿਉਕਿ ਇਸ ਪਵਿੱਤਰ ਅਸਥਾਨ ਤੇ ਹੀ ਗੁਰੂ ਸਾਹਿਬ ਨੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਵਲੀ ਕੰਧਾਰੀ ਦਾ ਹੰਕਾਰ ਤੋੜ ਪੰਜਾ ਸਾਹਿਬ ਦੇ ਵਾਸੀਆ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾ ਪਾਕਿਸਤਾਨ ਸਰਕਾਰ ਨੇ ਇਸ ਸ਼ੁਭ ਅਵਸਰ ਤੇ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਇੱਕ ਨਗਰ ਕੀਤਰਨ ਲਿਜਾਣ ਦੀ ਇਜ਼ਾਜਤ ਦਿੱਤੀ ਹੈ ਅਤੇ ਨਗਰ ਕੀਤਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਵੀਜ਼ੇ ਵੱਡੀ ਗਿਣਤੀ ਵਿੱਚ ਦਿੱਤੇ ਜਾਣ ਤਾਂ ਕਿ ਸਿੱਖ ਆਪਣੇ ਰਹਿਬਰ ਦੇ ਮਨਾਏ ਜਾਣ ਵਾਲੇ ਸਮਾਗਮਾਂ ਵਿੱਚ ਵੱਡੀ ਗਿਣਤੀ ਸ਼ਾਮਲ ਹੋ ਕੇ ਗੁਰੂ ਸਾਹਿਬ ਤੋ ਅਸ਼ੀਰਵਾਦ ਲੈ ਸਕਣ। ਇਸੇ ਮੌਕੇ ਵਫਦ ਨੇ ਇੱਕ ਮੰਗ ਪੱਤਰ ਵੀ ਹਾਈ ਕਮਿਸ਼ਨਰ ਨੂੰ ਸੋਪਿਆ ਤੇ ਜਿਸ ਵਿੱਚ ਵੀ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਹਾਈ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀਆ ਮੰਗਾਂ ਤੇ ਹਮਦਰਦੀ ਨਾਲ ਗੌਰ ਕੀਤਾ ਜਾਵੇਗਾ ਤੇ ਗੁਰੂ ਸਾਹਿਬ ਦੇ ਗੁਰਪੁਰਬ ਸਮੇਂ ਵੱਧ ਤੋ ਵੱਧ ਵੀਜ਼ੇ ਦਿੱਤੇ ਜਾਣਗੇ ਤੇ ਅੱਗੇ ਪਿੱਛੋ ਵੀ ਜਦੋ ਵੀ ਕੋਈ ਜੱਥਾ ਜਾਂਦਾ ਹੈ ਤਾਂ ਉਸ ਸਮੇਂ ਵੀ ਵੀਜ਼ਾ ਦੇਣ ਵਿੱਚ ਫਿਰਾਕਦਿਲੀ ਵਰਤੀ ਜਾਵੇਗੀ। ਹਾਈ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਹਸਨ ਅਬਦਾਲ ਦਾ ਨਾਮ ਸ੍ਰੀ ਪੰਜਾ ਸਾਹਿਬ ਰੱਖੇ ਜਾਣ ਬਾਰੇ ਉਹ ਪਾਕਿਸਤਾਨ ਸਰਕਾਰ ਨਾਲ ਤੁਰੰਤ ਗੱਲਬਾਤ ਕਰਨਗੇ ਤੇ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਕਿ ਸਿੱਖ ਸਮੁਦਾਇ ਦੇ ਲੋਕਾਂ ਦੀ ਇਹ ਜਾਇਜ ਮੰਗ ਹੈ ਤੇ ਇਸ ਨੂੰ ਪ੍ਰਵਾਨ ਕੀਤਾ ਜਾਵੇ। ਵਫਦ ਵਿੱਚ ਮਨਜੀਤ ਸਿੰਘ ਸਰਨਾ, ਦਮਨਦੀਪ ਸਿੰਘ, ਇੰਦਰਮੋਹਨ ਸਿੰਘ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ, ਹਰਪਾਲ ਸਿੰਘ ਸਰਨਾ, ਇੰਦਰਜੀਤ ਸਿੰਘ ਸੰਤਗੜ ਆਦਿ ਵੀ ਸ਼ਾਮਲ ਸਨ।