ਚੰਡੀਗੜ੍ਹ – ਡੇਰਾ ਮੁੱਖੀ ਸਾਧ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਤੇ ਹਾਈਕੋਰਟ ਨੇ ਨਰਾਜ਼ਗੀ ਜਾਹਿਰ ਕੀਤੀ ਹੈ। ਪੰਜਾਬ –ਹਰਿਆਣਾ ਹਾਈਕੋਰਟ ਨੇ ਡੇਰੇ ਦੀ ਸੰਪਤੀ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਹਾਈਕੋਰਟ ਨੇ ਕਿਹਾ ਹੈ ਕਿ ਡੇਰਾ ਸਮੱਰਥਕਾਂ ਨੇ ਹਿੰਸਕ ਕਾਰਵਾਈਆਂ ਕਰਕੇ ਜੋ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਡੇਰੇ ਦੀ ਸੰਪਤੀ ਵੇਚ ਕੇ ਪੂਰੀ ਕੀਤੀ ਜਾਵੇਗੀ।
ਹਾਈਕੋਰਟ ਨੇ ਦੁਪਹਿਰ ਤੋਂ ਬਾਅਦ ਹੋਈ ਸੁਣਵਾਈ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸਥਾਨਾਂ ਤੇ ਹੋਈ ਹਿੰਸਾ ਤੇ ਸਖਤ ਗੁਸਾ ਪ੍ਰਗੱਟ ਕੀਤਾ ਹੈ। ਡੇਰਾ ਸਮੱਰਥਕ ਸਰਵਜਨਿਕ ਸੰਪਤੀ ਦੇ ਨਾਲ-ਨਾਲ ਲੋਕਾਂ ਦੀ ਨਿਜੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਹਾਈਕੋਰਟ ਅਨੁਸਾਰ ਡੇਰੇ ਨੇ ਵਾਅਦਾ ਕੀਤਾ ਸੀ ਕਿ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਹਾਈਕੋਰਟ ਨੇ ਪੰਚਕੂਲਾ ਵਿੱਚ ਜੱਜਾਂ ਨੂੰ ਸੁਰੱਖਿਆ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।