ਫ਼ਤਹਿਗੜ੍ਹ ਸਾਹਿਬ – “ਭਾਰਤ ਤੇ ਪੰਜਾਬ ਵਿਚ ਵਿਚਰ ਰਹੀਆਂ ਜਿੰਨੀਆਂ ਵੀ ਸਿਆਸੀ ਜਮਾਤਾਂ ਹਨ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ, ਭਾਵੇ ਬਾਦਲ ਦਲ, ਭਾਵੇ ਆਮ ਆਦਮੀ ਪਾਰਟੀ ਆਦਿ ਸਭਨਾਂ ਵੱਲੋਂ ਸਿਆਸੀ ਵੋਟਾਂ ਦੀ ਨੀਤੀ ਦੇ ਗੁਲਾਮ ਬਣਕੇ ਉਪਰੋਕਤ ਦਾਗੀ ਸਾਧ ਦੀ ਸਰਪ੍ਰਸਤੀ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਸਿਰਸੇਵਾਲੇ ਸਾਧ ਵੱਲੋਂ ਅਤੇ ਉਸਦੇ ਚੇਲਿਆਂ ਵੱਲੋਂ ਸਮੇਂ-ਸਮੇਂ ਤੇ ਹਕੂਮਤਾਂ, ਕਾਨੂੰਨ ਅਤੇ ਸਮਾਜ ਨੂੰ ਹਊਮੈ ਵਿਚ ਚੁਣੋਤੀ ਦਿੰਦੇ ਰਹੇ ਹਨ ਅਤੇ ਇਥੋ ਦੇ ਸਮਾਜ ਵਿਚ ਇਨਸਾਨੀ ਕਦਰਾ-ਕੀਮਤਾਂ ਨੂੰ ਨਿਰੰਤਰ ਠੇਸ ਪਹੁੰਚਾਉਦੇ ਰਹੇ ਹਨ । ਜੋ ਹਰਿਆਣੇ ਵਿਚ ਵੱਡੇ ਪੱਧਰ ਤੇ ਸਾੜ-ਫੂਕ, ਅਗਜਨੀ, ਸਰਕਾਰੀ ਇਮਾਰਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਪੰਜਾਬ ਵਿਚ ਵਿਸਫੋਟਕ ਹਾਲਾਤ ਪੈਦਾ ਕਰਨ ਵਾਲੀ ਸਥਿਤੀ ਬਣੀ ਹੈ, ਉਸ ਲਈ ਉਪਰੋਕਤ ਸੈਟਰ, ਹਰਿਆਣਾ, ਪੰਜਾਬ ਦੀਆਂ ਮੌਜੂਦਾ ਤੇ ਬੀਤੇ ਸਮੇਂ ਦੀਆਂ ਹਕੂਮਤਾਂ ਅਤੇ ਸਵਾਰਥੀ ਸੋਚ ਵਾਲੀਆਂ ਸਿਆਸੀ ਪਾਰਟੀਆਂ ਜਿੰਮੇਵਾਰ ਹਨ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕੋ ਇਕ ਉਹ ਪਾਰਟੀ ਤੇ ਜਮਾਤ ਹੈ ਜਿਸ ਨੇ ਡੇਰੇਦਾਰਾਂ ਵਿਸ਼ੇਸ਼ ਤੌਰ ਤੇ ਬਲਾਤਕਾਰੀ ਤੇ ਕਾਤਲ ਸਿਰਸੇਵਾਲੇ ਸਾਧ ਦੀਆਂ ਸਮਾਜ ਵਿਰੋਧੀ ਅਤੇ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆ ਦਾ ਹਮੇਸ਼ਾਂ ਦਲੀਲ ਤੇ ਦ੍ਰਿੜਤਾ ਨਾਲ ਵਿਰੋਧ ਕਰਨ ਦੀ ਜਿੰਮੇਵਾਰੀ ਨਿਭਾਈ । ਜਦੋਂ ਹਰਿਆਣਾ ਤੇ ਪੰਜਾਬ ਦੀਆਂ ਹਕੂਮਤਾਂ ਕੋਲ ਲੋੜੀਦੀ ਫ਼ੌਜ, ਪੈਰਾਮਿਲਟਰੀ ਫੋਰਸਾਂ, ਪੁਲਿਸ ਦਾ ਪੂਰਾ ਪ੍ਰਬੰਧ ਸੀ, ਤਾਂ ਐਨੇ ਵੱਡੇ ਪੱਧਰ ਤੇ ਹਰਿਆਣੇ ਤੇ ਪੰਜਾਬ ਵਿਚ ਸਾੜ-ਫੂਕ ਅਤੇ ਦਹਿਸਤ ਵਾਲਾ ਮਾਹੌਲ ਕਿਉਂ ਬਣਿਆ ? ਅਜਿਹੀ ਖ਼ਤਰਨਾਕ ਸਥਿਤੀ ਬਣਾਉਣ ਲਈ ਇਹ ਜਮਾਤਾਂ ਅਤੇ ਵੋਟਾਂ ਦੇ ਗੁਲਾਮ ਬਣੇ ਸਿਆਸਤਦਾਨ ਦੋਸ਼ੀ ਨਹੀਂ ਤਾਂ ਹੋਰ ਕੌਣ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਤੇ ਪੰਜਾਬ ਵਿਚ ਬਲਾਤਕਾਰੀ ਤੇ ਕਾਤਲ ਸਾਧ ਦੇ ਚੇਲਿਆਂ ਵੱਲੋਂ ਹੋਈਆ ਅਗਜਨੀ, ਸਾੜ-ਫੂਕ ਤੇ ਸਰਕਾਰੀ ਇਮਾਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਹੋਏ ਅਮਲ ਲਈ ਸਿੱਧੇ ਤੌਰ ਤੇ ਖੱਟਰ ਹਕੂਮਤ, ਸੈਟਰ ਦੀ ਬੀਜੇਪੀ ਹਕੂਮਤ, ਬੀਤੇ ਸਮੇਂ ਦੀ ਬਾਦਲ-ਬੀਜੇਪੀ ਹਕੂਮਤ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਦੀਆਂ ਕਮਜੋਰ ਤੇ ਸਵਾਰਥੀ ਨੀਤੀਆਂ ਵੱਲੋਂ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਇਸ ਕਾਤਲ ਬਲਾਤਕਾਰੀ ਪਾਖੰਡੀ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਸਵਾਗ ਰਚਿਆ ਸੀ, ਤਾਂ ਉਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੀ ਬੀੜਾ ਚੁੱਕਿਆ ਸੀ ਅਤੇ ਇਸ ਵਿਰੋਧੀ ਸੰਘਰਸ਼ ਵਿਚ ਹਰਮਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ ਅਤੇ ਬਲਕਾਰ ਸਿੰਘ ਮੁੰਬਈ ਨੂੰ ਸ਼ਹਾਦਤਾਂ ਦੇਣੀਆ ਪਈਆ । ਜੋ ਵੀ ਪੰਜਾਬ ਵਿਚ ਸਮੇਂ-ਸਮੇਂ ਤੇ ਸਰਕਾਰੀ ਸਰਪ੍ਰਸਤੀ ਵਾਲੇ ਡੇਰੇਦਾਰ ਭਨਿਆਰੇਵਾਲੇ, ਆਸੂਤੋਸ, ਸਿਰਸੇਵਾਲੇ ਵੱਲੋਂ ਡੇਰੇ ਬਣਾਕੇ ਸਿੱਖ ਧਰਮ ਤੇ ਸਿੱਖ ਕੌਮ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਰਿਹਾ, ਇਸ ਵਿਚ ਹੁਣ ਤੱਕ ਦੀਆਂ ਸੈਟਰ ਅਤੇ ਪੰਜਾਬ ਦੀਆਂ ਹਕੂਮਤੀ ਸਰਕਾਰਾਂ ਦੀ ਉਨ੍ਹਾਂ ਨੂੰ ਸਰਪ੍ਰਸਤੀ ਰਹੀ ਹੈ । ਇਸੇ ਤਰ੍ਹਾਂ ਜਦੋਂ ਆਖੰਡ ਕੀਰਤਨੀ ਜਥੇ ਦੇ ਭਾਈ ਫ਼ੌਜਾਂ ਸਿੰਘ ਅਤੇ ਹੋਰ 12 ਸਿੰਘਾਂ ਨੂੰ ਨਿਰੰਕਾਰੀਆਂ ਵੱਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਕੀਤਾ ਗਿਆ, ਉਸ ਸਮੇਂ ਵੀ ਬਾਦਲ-ਬੀਜੇਪੀ ਦੀ ਵੋਟ ਸਿਆਸਤੀ ਸੀ, ਜੋ ਇਸ ਸਿੱਖ ਕਤਲੇਆਮ ਲਈ ਜਿੰਮੇਵਾਰ ਬਣੀ । ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹੀ ਸਨ ਜਿਨ੍ਹਾਂ ਨੇ ਸਿੱਖ ਕੌਮ ਦੇ ਕਾਤਲ ਗੁਰਬਚਨੇ ਨਿਰੰਕਾਰੀਏ ਨੂੰ ਆਪਣੀਆ ਸਰਕਾਰੀ ਗੱਡੀਆਂ ਵਿਚ ਸੁਰੱਖਿਅਤ ਕਰਕੇ ਦਿੱਲੀ ਪਹੁੰਚਾਇਆ ਸੀ । ਇਹ ਰਵਾਇਤੀ ਅਕਾਲੀ ਤੇ ਬਾਦਲ ਦਲੀਏ ਹੀ ਹਨ ਜੋ ਸਿੱਖ ਵਿਰੋਧੀ ਜਮਾਤਾਂ ਬੀਜੇਪੀ, ਕਾਂਗਰਸ, ਡੇਰੇਦਾਰਾਂ, ਨਿਰੰਕਾਰੀਆਂ ਨੂੰ ਅਜਿਹੇ ਸਮੇਂ ਸਾਥ ਦਿੰਦੇ ਰਹੇ ਹਨ । ਇਨ੍ਹਾਂ ਸਿੱਖ ਵਿਰੋਧੀ ਜਮਾਤਾਂ ਨੂੰ ਸਾਥ ਦੇਣ ਦੀ ਬਦੌਲਤ ਹੀ ਅੱਜ ਸੈਟਰ ਵਿਚ ਹਰਸਿਮਰਤ ਕੌਰ ਬਾਦਲ ਇਵਜਾਨੇ ਵੱਜੋ ਵਜੀਰ ਬਣੀ ਹੋਈ ਹੈ ।
ਸ. ਮਾਨ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲਾਤਕਾਰੀ ਸਾਧ ਸੰਬੰਧੀ ਸੀ.ਬੀ.ਆਈ ਦੀ ਅਦਾਲਤ ਦੇ ਆਉਣ ਵਾਲੇ ਫੈਸਲੇ ਤੋਂ ਇਨ੍ਹਾਂ ਦੇ ਸਮਰਥਕਾਂ ਵੱਲੋਂ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਸੁਚੇਤ ਕਰ ਦਿੱਤਾ ਸੀ, ਫਿਰ ਐਨੀ ਵੱਡੀ ਗਿਣਤੀ ਵਿਚ ਫੌ਼ਜ, ਪੈਰਾਮਿਲਟਰੀ ਫੋਰਸਾ, ਅਰਧ ਸੈਨਿਕ ਬਲ ਅਤੇ ਪੁਲਿਸ, ਸੀ.ਆਈ.ਡੀ. ਖੂਫੀਆ ਵਿਭਾਗ ਹੋਣ ਦੇ ਬਾਵਜੂਦ ਨੁਕਸਾਨ ਕਿਉਂ ਹੋਇਆ ? ਇਸ ਹੋਏ ਨੁਕਸਾਨ ਲਈ ਸੈਟਰ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ ਜੋ ਦਾਅਵੇ ਤਾਂ ਪੂਰੇ ਕੰਟਰੋਲ ਦਾ ਕਰਦੀਆ ਰਹੀਆ ਹਨ, ਪਰ ਪ੍ਰਬੰਧ ਪੱਖੋ ਵੱਡੀਆਂ ਨਾਕਾਮੀਆ ਰਹੀਆ ਹਨ ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪੁਰਾਤਨ ਰਵਾਇਤ ਰਹੀ ਹੈ ਜਦੋਂ ਵੀ ਮਨੁੱਖਤਾ ਜਾਂ ਇਨਸਾਨੀਅਤ ਦਾ ਕਤਲ ਹੋਵੇ, ਧੀਆਂ-ਭੈਣਾਂ ਦੀ ਇੱਜ਼ਤ ਨੂੰ ਖ਼ਤਰਾ ਪੈਦਾ ਹੋਇਆ ਤਾਂ ਸਿੰਘਾਂ ਨੇ ਆਪਣੀਆਂ ਜਾਨਾਂ ਤੇ ਖੇਲਕੇ ਵੀ ਮਨੁੱਖੀ ਕਦਰਾ-ਕੀਮਤਾ ਦੀ ਰਾਖੀ ਕਰਨ ਦੇ ਨਾਲ-ਨਾਲ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਦੀ ਜਿੰਮੇਵਾਰੀ ਵੀ ਨਿਭਾਈ ਹੈ । ਕਾਬਲ, ਗਜਨੀ ਅਤੇ ਬਸਰਾ ਦੇ ਬਜਾਰਾਂ ਵਿਚ ਜਦੋਂ ਹਮਲਾਵਰ ਹਿੰਦੂ ਧੀਆਂ-ਭੈਣਾਂ ਨੂੰ ਚੁੱਕਕੇ ਲੈ ਜਾਂਦੇ ਸਨ ਅਤੇ ਟਕੇ ਟਕੇ ਵਿਚ ਵੇਚ ਦਿੰਦੇ ਸਨ ਤਾਂ ਇਹ ਸਿੱਖ ਕੌਮ ਹੀ ਸੀ ਜੋ ਉਨ੍ਹਾਂ ਤੋਂ ਹਿੰਦੂ ਧੀਆਂ-ਭੈਣਾਂ ਨੂੰ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰ ਪਹੁੰਚੀ ਰਹੀ ਹੈ । ਪਰ ਅੱਜ ਬਾਦਲ ਦਲ ਅਤੇ ਰਵਾਇਤੀ ਆਗੂ ਸਿੱਖਾਂ ਉਤੇ ਸਾਜਿ਼ਸਾਂ ਰਚਨ ਵਾਲਿਆ, ਸਿੱਖਾਂ ਦਾ ਕਤਲੇਆਮ ਕਰਨ ਵਾਲਿਆ, ਸਿੱਖ ਧਰਮ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲਿਆ ਨਾਲ ਘਿਓ-ਖਿਚੜੀ ਹੋਏ ਪਏ ਹਨ। ਜਦੋਂ 1984 ਵਿਚ ਸਿੱਖ ਕੌਮ ਦਾ ਕਤਲੇਆਮ ਹੋਇਆ ਤਾਂ ਇਨ੍ਹਾਂ ਨੇ ਕੌਮੀ ਕਤਲੇਆਮ ਕਰਨ ਵਾਲਿਆ ਨਾਲ ਹੀ ਪੀੜੀਆਂ ਸਾਂਝਾ ਪਾ ਲਈਆ ਅਤੇ ਉਨ੍ਹਾਂ ਕਾਤਲਾਂ ਨੂੰ ਬਚਾਉਣ ਲਈ ਇਨ੍ਹਾਂ ਜਮਾਤਾਂ ਦੇ ਸਹਿਯੋਗੀ ਬਣਕੇ ਵਿਚਰਦੇ ਆ ਰਹੇ ਹਨ । ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਮੇਂ ਬਰਗਾੜੀ ਵਿਖੇ ਰੱਖੇ ਗਏ ਰੋਸ ਧਰਨੇ ਦੌਰਾਨ ਸ. ਬਾਦਲ ਨੇ ਹੀ ਸਿੱਖਾਂ ਉਤੇ ਗੋਲੀ ਚਲਾਕੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ । ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਮੀਡੀਏ ਨੂੰ ਦਿੱਤੇ ਆਪਣੇ ਬਿਆਨ ਵਿਚ ਪ੍ਰਵਾਨ ਕਰਦੇ ਹਨ । ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਤਲ ਦੇ ਕੇਸ ਦਰਜ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ?
ਸਿੱਖ ਕੌਮ ਬਿਲਕੁਲ ਵੀ ਕਾਂਗਰਸ, ਬੀਜੇਪੀ, ਬਾਦਲ ਦਲ, ਮੁਤੱਸਵੀ ਸੰਗਠਨਾਂ, ਸੈਟਰ ਦੇ ਮੌਜੂਦਾ ਹੁਕਮਰਾਨਾਂ ਦੇ ਸਿੱਖ ਵਿਰੋਧੀ ਕਾਰਨਾਮਿਆ ਤੋਂ ਅਵੇਸਲੀ ਨਾ ਰਹੇ ਬਲਕਿ ਸੁਚੇਤ ਰਹੇ । ਕਿਉਂਕਿ ਇਹ ਕਿਸੇ ਸਮੇਂ ਵੀ ਆਪਣੇ ਸਵਾਰਥੀ ਹਿਤਾ ਦੀ ਅਤੇ ਵੋਟ ਸਿਆਸਤ ਦੀ ਪੂਰਤੀ ਲਈ ਪੰਜਾਬ ਸੂਬੇ ਦੇ ਅਮਨ-ਚੈਨ ਅਤੇ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰ ਸਕਦੇ ਹਨ ਅਤੇ ਪੰਜਾਬ ਨੂੰ ਫਿਰ ਤੋਂ ਅੱਗ ਵਿਚ ਝੋਕ ਸਕਦੇ ਹਨ । ਇਸ ਲਈ ਸਮੁੱਚੇ ਪੰਜਾਬੀ ਅਤੇ ਸਮੁੱਚੀ ਸਿੱਖ ਕੌਮ ਕਾਂਗਰਸੀਆ, ਭਾਜਪਾਈਆ, ਬਾਦਲ ਦਲੀਆ, ਆਮ ਆਦਮੀ ਪਾਰਟੀ ਦੀਆਂ ਸਾਂਝੀਆਂ ਸਿੱਖ ਵਿਰੋਧੀ ਸਾਜਿ਼ਸਾਂ ਤੋਂ ਹਰ ਸਮੇਂ ਸੁਚੇਤ ਰਹਿਣ ਅਤੇ ਅਜਿਹੇ ਡੇਰੇਦਾਰਾਂ ਦੀ ਇਨ੍ਹਾਂ ਵੱਲੋਂ ਸਵਾਰਥੀ ਸੋਚ ਅਧੀਨ ਕੀਤੀ ਜਾ ਰਹੀ ਸਰਪ੍ਰਸਤੀ ਦੇ ਮਾਰੂ ਨਤੀਜਿਆ ਨੂੰ ਵੀ ਸਾਹਮਣੇ ਰੱਖਦੇ ਹੋਏ ਕਦੀ ਵੀ ਇਨ੍ਹਾਂ ਹੁਕਮਰਾਨਾਂ ਵੱਲੋਂ ਕੀਤੇ ਜਾਣ ਵਾਲੇ ਸਿੱਖ ਵਿਰੋਧੀ ਅਤੇ ਸਿੱਖ ਧਰਮ ਵਿਰੋਧੀ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਬਲਕਿ ਆਪਣੇ ਗੁਰੂ ਸਾਹਿਬਾਨ ਵੱਲੋ ਕਾਇਮ ਕੀਤੀਆ ਗਈਆ ਮਨੁੱਖਤਾ ਪੱਖੀ, ਅਮਨ-ਚੈਨ ਅਤੇ ਜਮਹੂਰੀਅਤ ਪੱਖੀ ਸਰਬੱਤ ਦੇ ਭਲੇ ਵਾਲੀਆ ਨੀਤੀਆ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਰਹਿਣ ।