ਅਗਲੇ ਦਿਨ ਦੀਪੀ ਅਤੇ ਸਿਮਰੀ ਫਿਰ ਗੂਰੇ ਦੀ ਵਹੁਟੀ ਦੀਆਂ ਗੱਲਾਂ ਕਰਦੀਆਂ ਕਾਲਜ ਨੂੰ ਜਾ ਰਹੀਆਂ ਸਨ ਕਿ ਦਿਲਪ੍ਰੀਤ ਨੇ ਉਹਨਾ ਦੇ ਕੋਲ ਆ ਕੇ ਆਪਣਾ ਸਕੂਟਰ ਰੋਕ ਲਿਆ। ਸਕੂਟਰ ਰੁਕਿਆ ਦੇਖ ਦੀਪੀ ਤੇ ਸਿਮਰੀ ਵੀ ਸਾਈਕਲਾਂ ਤੋਂ ਉੱਤਰ ਗਈਆਂ। ਗੱਲ ਸਪੱਸ਼ਟ ਕਰਨ ਦੀ ਆਦਤ ਅਨੁਸਾਰ ਦੀਪੀ ਦੇ ਉਦਾਸ ਚਿਹਰੇ ਵੱਲ ਦੇਖਦੇ ਹੋਇਆ ਬੋਲਿਆ, “ਕੀ ਗੱਲ ਹੋਈ? ਤੁਸੀ ਕਿਤੇ ਮੇਰੇ ਤੋਂ ਤਾਂ ਨਹੀ ਖਪਾ। ਅਗਰ ਤੁਹਾਡੇ ਵਲੋਂ ਨਾਂਹ ਹੈੇ ਮੈਂ ਅੱਜ ਤੋਂ ਬਾਅਦ ਤਹਾਨੂੰ ਤੰਗ ਨਹੀਂ ਕਰਾਂਗਾ।”
“ਨਹੀਂ, ਅਜਿਹੀ ਕੋਈ ਗੱਲ ਨਹੀਂ।” ਦੀਪੀ ਨੇ ਇੱਕਦਮ ਕਿਹਾ, “ਕੱਲ੍ਹ ਸਾਡੇ ਪਿੰਡ ਕਿਸੇ ਦੀ ਡੈਥ ਹੋ ਗਈ।”
“ਉਹ, ਅੱਛਾ ਤਾਂ ਤੇ ਬਹੁਤ ਮਾੜਾ ਹੋਇਆ। ਕੌਣ ਸੀ?”
“ਸਾਡੇ ਘਰ ਦੇ ਪਿੱਛੇ ਹੀ ਬਾਲਮੀਕੀਆਂ ਦਾ ਘਰ ਆ, ਉਹਨਾਂ ਦੀ ਵਹੁਟੀ ਸੀ।”
“ਬਿਮਾਰ ਸੀ।”
“ਪਤਾ ਨਹੀ ਕੀ ਗੱਲ ਸੀ।”
“ਦੀਪੀ, ਜਿਹੜੀ ਗੱਲ ਕਰਨੀ ਆ, ਛੇਤੀ ਕਰ ਲਾ।” ਸਿਮਰੀ ਨੇ ਆਖਿਆ, “ਕਾਲਜ ਤੋਂ ਅੱਗੇ ਲੇਟ ਆਂ।”
“ਜੇ ਤੁਸੀ ਲੇਟ ਹੋ, ਤਾਂ ਕਾਲਜ ਤੋਂ ਬਾਅਦ ਸ਼ਾਮ ਨੂੰ ਵੀ ਤਹਾਨੂੰ ਮਿਲ ਸਕਦਾ ਹਾਂ।” ਦਿਲਪ੍ਰੀਤ ਨੇ ਸਿਮਰੀ ਦੀ ਗੱਲ ਸਮਝਦਿਆਂ ਕਿਹਾ, “ਅੱਜ ਸ਼ਾਮ ਤਕ ਮੈਂ ਤਹਾਡੇ ਇਲਾਕੇ ਵਿਚ ਹੀ ਹਾਂ।”
“ਕੋਈ ਨਹੀਂ, ਤੁਸੀ ਐਨੀ ਟਾਈਮ ਮਿਲ ਸਕਦੇ ਹੋ।” ਪਤਾ ਨਹੀਂ ਦੀੋਪੀ ਦੇ ਮੂੰਹੋ ਇਹ ਕਿਵੇਂ ਨਿਕਲ ਗਿਆ। ਇਹ ਸੁਣ ਕੇ ਸਿਮਰੀ ਨੇ ਹੈਰਾਨੀ ਨਾਲ “ਹੈਂ” ਕਿਹਾ ਤਾਂ ਉਹ ਸਾਈਕਲ ਨੂੰ ਫੜ੍ਹ ਕੇ ਤੁਰਨ ਲਗੀ ਜਿਵੇ ਉਸ ਨੂੰ ਪਤਾ ਹੀ ਨਾਂ ਲੱਗ ਰਿਹਾ ਹੋਵੇ ਕਿ ਹੁਣ ਕੀ ਕਰੇ। ਦਿਲਪ੍ਰੀਤ ਨੇ ਮੁਸਕ੍ਰਾ ਕੇ ਉਸ ਵੱਲ ਦੇਖਿਆ। ਦਿਲਪ੍ਰੀਤ ਨੇ ਜਦੋਂ ਆਪਣੀਆਂ ਅੱਖਾਂ ਦੀਪੀ ਦੀਆਂ ਅੱਖਾਂ ਨਾਲ ਮਿਲਾ ਕੇ ਨਜ਼ਰ ਇੱਕਮਿੱਕ ਕੀਤੀ ਤਾਂ ਸ਼ਰਮ ਦੀ ਲਾਲੀ ਦੀਪੀ ਦੇ ਕੰਨਾਂ ਤਕ ਫੈਲ ਗਈ।
“ਇਸ ਦਾ ਮਤਲਬ ਜਦੋਂ ਮੇਰਾ ਦਿਲ ਕਰੇ ਮੈਂ ਤਹਾਨੂੰ ਮਿਲ ਸਕਦਾਂ ਹਾਂ।”
ਦੀਪੀ ਨੇ ਇਸ ਗੱਲ ਦਾ ਕੋਈ ਜ਼ਵਾਬ ਨਾ ਦਿੱਤਾ ਤੇ ਸਾਈਕਲ ਤੇ ਚੜ੍ਹ ਕਾਲਜ ਵੱਲ ਨੂੰ ਰਵਾਨਾ ਹੋਈ ਤਾਂ ਸਿਮਰੀ ਨੇ ਕਿਹਾ, “ਹਾਂ ਹਾਂ ਇਹਦਾ ਮਤਲਬ ਇਹੀ ਹੈ।”
“ਤੁਹਾਡੀ ਗੱਲ ਠੀਕ ਹੀ ਹੋਵੇਗੀ।” ਦਿਲਪ੍ਰੀਤ ਨੇ ਹੱਸਦਿਆਂ ਕਿਹਾ, “ਕਿਉਂਕਿ ਤੁਸੀ ਇਹਨਾਂ ਨੂੰ ਮੇਰੇ ਨਾਲੋ ਜ਼ਿਆਦਾ ਸਮਝਦੇ ਹੋ।” ਇਹ ਸੁਣ ਕੇ ਤਿੰਨੇ ਜਣੇ ਮੁਸਕ੍ਰਾ ਪਏ ਅਤੇ ਆਪਣੇ ਆਪਣੇ ਰਾਹ ਪੈ ਗਏ।
ਕਾਲਜ ਪਹੁੰਚਣ ਤਕ ਸਿਮਰੀ ਕੋਲ ਫਿਰ ਨਾ ਰਹਿ ਹੋਇਆ ਤਾਂ ਉਸ ਨੇ ਕਿਹਾ, “ਦੀਪੀ, ਦੇਖ ਲੈ ਅੱਗੇ ਤੂੰ ਇਸ਼ਕ-ਮੁਸ਼ਕ ਦੀਆਂ ਗੱਲਾਂ ਵੀ ਕਰਨੀਆਂ ਪਸੰਦ ਨਹੀਂ ਸੀ ਕਰਦੀ, ਹੁਣ ਇਸ਼ਕ ਕਰਨ ਲਗ ਪਈ।”
“ਤੈਨੂੰ ਕਿਸ ਨੇ ਕਿਹਾ ਕਿ ਮੈਂ ਇਸ਼ਕ ਕਰਨ ਲੱਗ ਪਈ।”
“ਜੇ ਕਰਨ ਨਹੀਂ ਲੱਗੀ ਤਾਂ ਦਿਲਪ੍ਰੀਤ ਨੂੰ ਮਿਲਣ ਲਈ ਐਂਵੇ ਹੀ ਕਹਿ ਆਈ।”
“ਉਹ ਤਾਂ ਮੇਰੇ ਮੂੰਹੋਂ ਨਿਕਲ ਗਿਆ।”
“ਤੇਰਾ ਕੀ ਮਤਲਬ ਤੇਰੇ ਮੂੰਹੋ ਨਿਕਲਿਆ ਹੁਣ ਬੇਕਾਰ ਜਾਊ।”
“ਹੋਰ ਤੇਰਾ ਕੀ ਮਤਲਵ, ਉਹ ਮੈਨੂੰ ਉਡਾ ਕੇ ਲੈ ਜਾਊ।”
“ਉਡਾ ਕੇ ਤਾ ਭਾਵੇਂ ਨਾ ਲਿਜਾਊ, ਪਰ ਕਿਸੇ ਵੀ ਢੰਗ ਨਾਲ ਲੈ ਜ਼ਰੂਰ ਜਾਊ।”
“ਤੂੰ ਤਾਂ ਉਹ ਗੱਲ ਕੀਤੀ ਕਿ ‘ਤੁਰੀ ਕੋਹ ਨਾ ਤੇ ਮੈਂ ਬਾਬਾ ਤਿਹਾਈ।”
“ਦੀਪੀ, ਤੂੰ ਮੰਨ ਭਾਵੇਂ ਨਾਂ ਮੰਨ, ਪਰ ਤੇਰੀ ਅੱਜ ਦੀ ਕਹੀ ਗੱਲ ਦੇਖੋ ਕਿਥੇ ਜਾ ਕੇ ਨਿਬੜਦੀ ਆ।”
“ਨਿਬੜਨੀ ਕਿੱਥੇ ਆ, ਜੇ ਕਿਸਮਤ ਵਿਚ ਹੋਇਆ ਤਾਂ ਬੰਧਨਾ ਵਿਚ ਬੱਝ ਜਾਵਾਂਗੇ, ਨਹੀਂ ਤਾਂ, ਫਿਰ…।”
ਦੀਪੀ ਦਾ ਅਗਾਹ ਕੁਝ ਕਹਿਣ ਨੂੰ ਜੀਅ ਨਾ ਕੀਤਾ ਤੇ ਚੁੱਪ ਹੋ ਕੇ ਗੰਭੀਰ ਹੋ ਗਈ ਜਿਵੇਂ ਕਿਸ ਗੱਲ ਦਾ ਫਿਕਰ ਪੈ ਗਿਆ ਹੋਵੇ।
“ਚਿੰਤਾ ਨਾ ਕਰ।” ਸਿਮਰੀ ਨੇ ਹੱਸਦੇ ਹੋਏ ਕਿਹਾ, “ਰੱਬ ਬਣਾਊ ਤੁਹਾਡੀ ਜੋੜੀ।”
“ਪ੍ਰਮਾਤਮਾ ਕਰੇ ਤੇਰੇ ਬੋਲ ਪੂਰੇ ਹੋਣ।”
“ਸ਼ੁਕਰ, ਤੂੰ ਮੰਨੀ ਤਾਂ ਹੈ ਕਿ ਤੈਨੂੰ ਦਿਲਪ੍ਰੀਤ ਨਾਲ ਪਿਆਰ ਹੋ ਹੀ ਗਿਆ।”
“ਸਿਮਰੀ, ਦਰਅਸਲ, ਮੈਨੂੰ ਤਾ ਆਪ ਨਹੀ ਪਤਾ ਲੱਗਾ ਕਿ ਮੇਰੇ ਦਿਲ ਵਿਚ ਦਿਲਪ੍ਰੀਤ ਬਾਰੇ ਅਜਿਹਾ ਕੁਝ ਹੈ।”
“ਕੋਈ ਨਹੀਂ, ਕਈ ਵਾਰੀ ਏਦਾ ਹੀ ਹੁੰਦਾ ਹੈ ਕਿ ਠਦੂਰ ਦੂਰ ਜਾਂਦੇ ਅਸੀ ਨੇੜੇ ਨੇੜੇ ਆ ਗਏ…” ਇਹ ਕਹਿ ਕੇ ਸਿਮਰੀ ਹੱਸ ਪਈ ਅਤੇ ਨਾਲ ਹੀ ਦੀਪੀ ਦੇ ਹਾਸੇ ਨੇ ਵੀ ਹਾਂ ਮਿਲਾ ਦਿੱਤੀ।
ਅੱਜ ਕਾਲਜ ਦਾ ਇਹ ਦਿਨ ਦੀਪੀ ਨੂੰ ਬਾਕੀ ਦੇ ਦਿਨਾਂ ਨਾਲੋ ਲੰਮਾ ਲੱਗ ਰਿਹਾ ਸੀ ਕਿੳਂਕਿ ਸ਼ਾਮ ਪੈਣ ਦਾ ਨਾਮ ਹੀ ਨਹੀ ਲੈ ਰਹੀ ਸੀ। ਉਸ ਦਾ ਮਨ ਆਉਣ ਵਾਲੀ ਸ਼ਾਮ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ ਘੜੀ-ਮੁੜੀ ਗੁੱਟ ਤੇ ਲਾਈ ਘੜੀ ਨੂੰ ਦੇਖਦਾ ਅਜੀਬ ਹਾਲਤ ਵਿਚ ਸੀ। ਫਿਰ ਵੀ ਦੀਪੀ ਨੇ ਕਾਲਜ ਦੀਆਂ ਸਾਰੀਆਂ ਕਲਾਸਾਂ ਲਗਾਈਆਂ ਭਾਵੇਂ ਉਸ ਦਾ ਧਿਆਨ ਉੱਖੜਦਾ ਰਿਹਾ।
ਸ਼ਾਮ ਨੂੰ ਕਾਲਜ ਵਿਚੋਂ ਨਿਕਲਦਿਆਂ ਹੀ ਸਿਮਰੀ ਨੇ ਫਿਰ ਦਿਲਪ੍ਰੀਤ ਦੀ ਗੱਲ ਛੇੜ ਲਈ, “ਦੀਪੀ, ਇਕ ਗੱਲ ਤੈਨੂੰ ਦੱਸਾਂ ਦਿਲਪ੍ਰੀਤ ਮੁੰਡਾ ਹੈ ਚੰਗਾਂ।”
“ਤੈਨੂੰ ਕਿਵੇਂ ਪਤਾ”
“ਉਹਦੇ ਗੱਲ ਕਰਨ ਦੇ ਢੰਗ ਤੋਂ।” ਸਿਮਰੀ ਨੇ ਦੱਸਿਆ, “ਜੋ ਵੀ ਚਾਹੁੰਦਾ ਹੈ ਸਾਫ ਕਹਿ ਦੇਂਦਾ, ਜਿਸ ਤੋਂ ਲੱਗਦਾ ਹੈ ਕਿ ਉਹ ਕੋਈ ਅਵਾਰਾ ਕਿਸਮ ਦਾ ਮੁੰਡਾ ਨਹੀ।”
“ਉਹ ਤਾਂ ਮੈਨੂੰ ਵੀ ਪਤਾ ਹੈ।”
“ਅੱਜਕਲ ਏਦਾ ਦੇ ਮੁੰਡੇ ਘੱਟ ਹੀ ਮਿਲਦੇ ਆ।”
“ਚੰਗਾਂ ਚੰਗਾਂ, ਮੈਂ ਸਮਝ ਗਈ ਤੂੰ ਕਹਿਣਾ ਕੀ ਚਾਹੁੰਦੀ ਏ।”
“ਮੈ ਕੀ ਕਹਿਣਾ, ਕਹਿਣ ਵਾਲਾ ਸਾਹਮਣੇ ਖੜ੍ਹਾ ਆ।” ਸਿਮਰੀ ਨੇ ਦਿਲਪ੍ਰੀਤ ਵੱਲ ਜੋ ਸੜਕ ਤੇ ਖੜ੍ਹਾ ਸੀ, ਇਸ਼ਾਰਾ ਕਰਦੇ ਹੋਏ ਕਿਹਾ, “ਜਨਾਬ, ਤੇਰੀ ਰਾਹੋਂ ਮੇਂ ਆਖੇਂ ਵਿਛਾਏ ਉਡੀਕ ਕਰ ਰਹੇ ਹੈਂ।”
“ਪਤਾ ਨਹੀਂ ਹੁਣ ਉਹ ਕੀ ਆਖੇਗਾ।” ਦੀਪੀ ਨੇ ਕਿਹਾ, “ਉਹਦੇ ਸਾਹਮਣੇ ਮੈਨੂੰ ਤਾਂ ਕੁਝ ਸੁਝਦਾ ਵੀ ਨਹੀ।”
“ਮੈ ਇੱਥੇ ਹੀ ਖੜ੍ਹੀ ਹੋ ਜਾਂਦੀ ਹਾਂ, ਤੂੰ ਅੱਗੇ ਜਾ ਕੇ ਉਸ ਨਾਲ ਗੱਲ ਕਰ ਆ।”
“ਮੈ ਉਸ ਨਾਲ ਕੀ ਗੱਲ ਕਰਨੀ ਆ, ਤੂੰ ਮੇਰੇ ਨਾਲ ਹੀ ਚੱਲ।”
ਦਿਲਪ੍ਰੀਤ ਦੇ ਕੋਲ ਜਾਕੇ ਦੋਵੇਂ ਸਹੇਲੀਆਂ ਸਾਈਕਲਾਂ ਤੋਂ ਉ¤ਤਰ ਗਈਆਂ। ਦਿਲਪ੍ਰੀਤ ਨੇ ਦੇਖਿਆ ਕਿ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤੇ ਹੋਰ ਵੀ ਕਈ ਉਹਨਾਂ ਨੂੰ ਸੜਕ ਤੇ ਇਸ ਤਰ੍ਹਾਂ ਖਲੋਤੇ ਦੇਖ ਕੇ ਘੁੂਰ ਘੁੂਰ ਲੰਘ ਰਹੇ ਨੇ। ਇਹ ਸਾਰਾ ਕੁਝ ਦੇਖ ਕੇ ਦਿਲਪ੍ਰੀਤ ਨੇ ਕਿਹਾ, “ਇਸ ਤਰ੍ਹਾਂ ਕਰਦੇ ਹਾਂ, ਆਪਾਂ ਅੱਡੇ ਤੇ ਫਗੂ ਚਾਹ ਵਾਲੇ ਦੀ ਦੁਕਾਨ ਵਿਚ ਬੈਠ ਕੇ ਗੱਲ ਕਰਦੇ ਹਾਂ।”
“ਉੱਥੇ ਤਾਂ ਸਾਡੇ ਪਿੰਡ ਵਾਲੇ ਬਹੁਤ ਹੋਣਗੇ।” ਦੀਪੀ ਨੇ ਆਪਣਾ ਡਰ ਦੱਸਿਆ, “ਸਾਡੀ ਤਾਂ ਬਿਨਾ ਵਜਹ ਹੀ ਪਿੰਡ ਵਿਚ ਬਦਨਾਮੀ ਹੋ ਜਾਵੇਗੀ।”
“ਦੁਕਾਨ ਦੇ ਬਾਹਰ ਹੀ ਜ਼ਿਆਦਾ ਲੋਕ ਧੁੱਪ ਵਿਚ ਖੜ੍ਹੇ ਹੁੰਦੇ ਨੇ।” ਦਿਲਪ੍ਰੀਤ ਨੇ ਕਿਹਾ, “ਦੁਕਾਨ ਦੇ ਅੰਦਰ ਕੋਈ ਵੀ ਨਹੀਂ ਹੁੰਦਾ।”
“ਇਸ ਤਰ੍ਹਾਂ ਕਰਦੇ ਹਾਂ।” ਸਿਮਰੀ ਨੇ ਸਲਾਹ ਦਿੱਤੀ, “ਅਸੀ ਪਹਿਲਾਂ ਚਲੀਆਂ ਜਾਂਦੀਆਂ ਹਾਂ, ਤੁਸੀ ਬਆਦ ਵਿਚ ਆ ਜਾਇਉ।”
“ਇਹ ਵੀ ਠੀਕ ਹੈ।” ਦਿਲਪ੍ਰੀਤ ਨੇ ਸਹਿਮਤ ਹੁੰਦੇ ਕਿਹਾ, “ਨਾਲੇ ਫਗੂ ਕੋਲੋਂ ਤੁਹਾਡੇ ਲਈ ਚਾਹ ਵੀ ਬਣਾ ਕੇ ਲੈ ਆਵਾਗਾਂ।”
ਦਿਲਪ੍ਰੀਤ ਆਪਣਾ ਸਕੂਟਰ ਲੈ ਕੇ ਉਹਨਾਂ ਨਾਲੋ ਪਹਿਲਾਂ ਦੁਕਾਨ ਤੇ ਪਹੁੰਚ ਗਿਆ ਤੇ ਫਗੂ ਨੂੰ ਚਾਹ ਬਣਾਉਣ ਵਾਸਤੇ ਕਹਿ ਦਿੱਤਾ। ਛੇਤੀ ਹੀ ਸਿਮਰੀ ਤੇ ਦੀਪੀ ਵੀ ਆਪਣੇ ਸਾਈਕਲ ਲੈ ਕੇ ਪਹੁੰਚ ਗਈਆਂ ਤੇ ਚੁੱਪ-ਚਾਪ ਦੁਕਾਨ ਦੇ ਅੰਦਰ ਜਾ ਕੇ ਬੈਠ ਗਈਆਂ। ਛੇਤੀ ਹੀ ਦਿਲਪ੍ਰੀਤ ਪਕੌੜਿਆਂ ਦੀ ਪਲੇਟ ਤੇ ਤਿੰਨ ਚਾਹ ਦੇ ਕੱਪ ਲੈ ਉਹਨਾਂ ਕੋਲ ਚਲਾ ਗਿਆ। ਦੋ ਕੁ ਮਿੰਟ ਤਾਂ ਕਿਸੇ ਨੂੰ ਪਤਾ ਨਾ ਲੱਗੇ ਕਿ ਉਹ ਕੀ ਗੱਲ ਕਰਨ। ਫਿਰ ਸਿਮਰੀ ਨੇ ਹੀ ਗੱਲ ਸ਼ੁਰੂ ਕੀਤੀ, “ਤੁਸੀ ਅੱਜ ਕਾਲਜ ਨਹੀਂ ਗਏ?”
“ਨਹੀਂ, ਮੇਰੇ ਪ੍ਰੋਫੈਸਰ ਨੇ ਅੱਜ ਨਹੀਂ ਸੀ ਆਉਣਾ।” ਦਿਲਪ੍ਰੀਤ ਨੇ ਦੀਪੀ ਵੱਲ ਦੇਖਦੇ ਕਿਹਾ, “ਵੈਸੇ ਵੀ ਅੱਜ ਕਲ ਕਾਲਜ ਵਿਚ ਦਿਲ ਘੱਟ ਹੀ ਲੱਗਦਾ ਹੈ।”
“ਦਿਲ ਨਾ ਲੱਗਣ ਦਾ ਕੋਈ ਕਾਰਨ ਤਾਂ ਹੋਵੇਗਾ ਹੀ।” ਐਤਕੀ ਦੀਪੀ ਬੋਲੀ, ਠਕਾਲਜ ਵਿਚ ਪੜ੍ਹਾਈ ਕਰਨ ਜਾਈਦਾ ਹੈ ਨਾਂ ਕਿ ਦਿਲ ਲਾਉਣ ਲਈ।”
“ਤੁਹਾਨੂੰ ਦਿਲ ਨਾਂ ਲੱਗਣ ਦੇ ਕਾਰਨ ਦਾ ਵੀ ਪਤਾ ਹੈ।” ਦਿਲਪ੍ਰੀਤ ਨੇ ਦੀਪੀ ਵਾਂਗ ਹੀ ਜ਼ਵਾਬ ਦਿੱਤਾ, “ਨਾਲ ਇਹ ਵੀ ਪਤਾ ਹੈ ਜੇ ਦਿਲ ਨੂੰ ਚੈਨ ਨਾ ਹੋਵੇ ਤੇ ਫਿਰ ਪੜ੍ਹਾਈ ਵੀ ਨਹੀਂ ਹੁੰਦੀ।”
“ਤੁਸੀ ਦੋਵੇਂ ਤਾਂ ਇਕ ਦੂਜੇ ਦੇ ਦਿਲਾਂ ਦੀਆਂ ਜਾਣਦੇ ਹੋ।” ਸਿਮਰੀ ਨੇ ਕਿਹਾ, “ਅਗਾਹ ਗੱਲ ਕਰੋ ਅੜਚਨ ਕਿਸ ਗੱਲ ਦੀ ਆ?”
“ਮੇਰੇ ਵਲੋਂ ਤਾਂ ਕੋਈ ਅੜਚਨ ਨਹੀ,” ਦਿਲਪ੍ਰੀਤ ਬੋਲਿਆ, “ਮੈ ਤਾਂ ਕੱਲ ਨੂੰ ਆਪਣੇ ਪੇਰੈਂਟਸ ਨੂੰ ਇਹਨਾ ਦੇ ਘਰ ਭੇਜ ਦੇਂਦਾ ਆਂ ਗੱਲ ਪੱਕੀ ਕਰਨ ਲਈ।”
“ਏਨੀ ਵੀ ਕਾਹਲੀ ਨਾ ਕਰੋ।” ਦੀਪੀ ਨੇ ਕਿਹਾ, “ਮੈ ਪਹਿਲਾਂ ਆਪਣੀ ਬੀ:ਏ ਪੂਰੀ ਕਰਨੀ ਆ।”
“ਮੇਰੀ ਪੜ੍ਹਾਈ ਤਾਂ ਇਸ ਸਾਲ ਪੂਰੀ ਹੋ ਜਾਣੀ ਆ।” ਦਿਲਪ੍ਰੀਤ ਨੇ ਕਿਹਾ, “ਵੈਸੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿਵੇਂ ਤੁਸੀਂ ਚਾਹੋਗੇ ਉਂਝ ਹੀ ਹੋਵੇਗਾ।”
ਤੁਹਾਡੇ ਦੋਹਾਂ ਦੇ ਇਰਾਦਿਆਂ ਤੋਂ ਪਤਾ ਲੱਗਦਾ ਹੈ ਕਿ ਤੁਸੀ ਵਿਆਹ ਤੋਂ ਪਹਿਲਾਂ ਦੀਆਂ ਮੁਲਾਕਾਤਾਂ ਦਾ ਲੁੱਤਫ ਉਠਾਉਣਾ ਚਾਹੁੰਦੇ ਹੋ।”
ਸਿਮਰੀ ਦੀ ਗੱਲ ਸੁਣ ਕੇ ਦੀਪੀ ਅਤੇ ਦਿਲਪ੍ਰੀਤ ਹੱਸ ਪਏ। ਥੋੜ੍ਹੀ ਦੇਰ ਹੋਰ ਬੈਠੇ ਰਹੇ ਅਤੇ ਫਿਰ ਮਿਲਣ ਦੇ ਵਾਦਿਆਂ ਨਾਲ ਆਪਣੇ ਆਪਣੇ ਪਿੰਡਾਂ ਦੇ ਰਾਹ ਪੈ ਗਏ।
ਦੀਪੀ ਤੇ ਸਿਮਰੀ ਜਦੋਂ ਪਿੰਡ ਪਹੁੰਚੀਆਂ ਤਾਂ ਸ਼ਾਮ ਕਾਫੀ ਢਲ ਚੁੱਕੀ ਸੀ। ਪਿੰਡ ਦੇ ਪਿੱਪਲ ਵਾਲੇ ਥੱੜੇ ਤੇ ਕਾਫੀ ਲੋਕ ਇਕੱਠੇ ਹੋਏ ਲੋਕਾਂ ਵਿਚ ਰੌਲ੍ਹਾ ਜਿਹਾ ਪੈ ਰਿਹਾ ਸੀ ਜਿਵੇ ਪੰਚਾਇਤ ਵਿਚ ਕੋਈ ਫੈਂਸਲਾ ਹੋ ਰਿਹਾ ਹੋਵੇ। ਘਰ ਜਾਣ ਤੋਂ ਦੀਪੀ ਤੇ ਸਿਮਰੀ ਭਾਵੇਂ ਲੇਟ ਸਨ ਫਿਰ ਵੀ ਉੱਥੇ ਖਲੋ ਕੇ ਦੇਖਣ ਲੱਗੀਆਂ ਕਿ ਕਿਸ ਗੱਲ ਦਾ ਝਮੇਲਾ ਹੈ। ਬਾਲਮੀਕੀਆਂ ਦਾ ਕਰਤਾਰਾ ਤੇ ਉਸ ਦੀ ਜ਼ਨਾਨੀ ਸਰਪੰਚ ਦੇ ਪੈਰਾ ਕੋਲ ਬੈਠੇ ਕਹਿ ਰਹੇ ਸਨ, “ਦੇਖੋ ਜੀ, ਇਹ ਤਾਂ ਸਾਡੇ ਨਾਲ ਅਨਿਆ ਹੈ।”
“ਜੋ ਫੈਂਸਲਾ ਪੰਚਾਇਤ ਨੇ ਕਰ ਦਿੱਤਾ।” ਇਹ ਸਰਪੰਚ ਦਾ ਜਵਾਬ ਸੀ, “ਤਹਾਨੂੰ ਉਹ ਹੀ ਖਿੜੇ ਮੱਥੇ ਮੰਨਣਾ ਚਾਹੀਦਾ ਆ।”
“ਇਹ ਫੈਂਸਲਾ ਇਕਤਰਫਾ ਹੈ ਜੀ।” ਕਰਤਾਰੇ ਨੇ ਕਿਹਾ, “ਅਸੀ ਗਰੀਬ ਤਾਂ ਜ਼ਰੂਰ ਹਾਂ, ਪਰ ਹੈ ਤਾਂ ਤੁਹਾਡੇ ਵਰਗੇ ਬੰਦੇ।”
“ਕਰਤਾਰਿਆ, ਤੈਨੂੰ ਪਹਿਲਾਂ ਵੀ ਦੱਸਿਆ ਕਿ ਪੰਚਾਇਤ ਦਾ ਫ਼ੈਸਲਾ ਹੋ ਚੁਕਾ ਹੈ, ਇਕ ਪੈਂਚ ਨੇ ਕਿਹਾ, “ਤਹਾਨੂੰ ਹਰਜਾਨਾ ਭਰਨਾ ਹੀ ਪੈਣਾ ਆ।”
“ਜੀ ਤੁਸੀ ਤਾਂ ਸਾਡੇ ਨਾਲ ਉਹ ਗੱਲ ਕੀਤੀ ਕਿ ਜਿਸਦੀ ਲਾਠੀ ਉਸ ਦੀ ਭੈਂਸੂ” ਕਰਤਾਰੇ ਦੀ ਜ਼ਨਾਨੀ ਨੇ ਮਿਨ੍ਹਤ ਕੀਤੀ, “ਪੰਚਾਇਤ ਵੀ ਤੁਹਾਡੀ ਫੈਂਸਲਾ ਵੀ ਤਹੁਾਡੇ ਹੱਕ ਵਿਚ।”
ੳਦੋਂ ਹੀ ਇੰਦਰ ਸਿੰਘ ਵੀ ਉੱਧਰ ਆ ਗਿਆ। ਦੀਪੀ ਤੇ ਸਿਮਰੀ ਨੂੰ ਖੜਿਆਂ ਦੇਖ ਕੇ ਕਹਿਣ ਲੱਗਾ, “ਤੁਸੀਂ ਇੱਥੇ ਖੜ੍ਹੀਆਂ ਹੋ, ਤੁਹਾਡੀਆਂ ਮਾਂਵਾਂ ਫਿਕਰ ਕਰਦੀਆਂ ਹੋਣਗੀਆਂ।”
“ਭਾਪਾ ਜੀ, ਕੀ ਗੱਲ ਹੋਈ ਆ।” ਦੀਪੀ ਨੇ ਪੁੱਛਿਆ, “ਕਰਤਾਰਾ ਚਾਚਾ ਕਿਸ ਗੱਲ ਦਾ ਫੈਂਸਲਾ ਮੰਗਦਾ ਆ?”
“ਤੁਸੀ ਘਰ ਨੂੰ ਚਲੋ, ਮੈਂ ਘਰ ਆ ਕੇ ਦੱਸਦਾਂ ਹਾਂ।”
ਇੰਦਰ ਸਿੰਘ ਦੇ ਕਹੇ ਤੇ ਨਾ ਚਾਹੁੰਦੀਆਂ ਹੋਈਆਂ ਵੀ ਘਰ ਨੂੰ ਚੱਲ ਪਈਆਂ।
ਘਰ ਪੁਹੰਚ ਕੇ ਦੀਪੀ ਘਰ ਦੇ ਬਣਾਏ ਬਿਸਕੁਟਾਂ ਨਾਲ ਚਾਹ ਪੀ ਹੀ ਰਹੀ ਸੀ ਕਿ ਇੰਦਰ ਸਿੰਘ ਪਹੁੰਚ ਗਿਆ। ਦੀਪੀ ਚਾਹ ਚੁੱਕ ਕੇ ਉਸ ਮੰਜੇ ਤੇ ਆ ਕੇ ਬੈਠ ਗਈ ਜਿੱਥੇ ਇੰਦਰ ਸਿੰਘ ਆ ਕੇ ਬੈਠਾ ਸੀ।
“ਭਾਪਾ ਜੀ, ਤੁਸੀਂ ਤਾਂ ਨਹੀਂ ਚਾਹ ਪੀਣੀ।”
“ਮੈ ਤਾਂ ਹੁਣੇ ਪੀ ਕੇ ਹੀ ਤੈਨੂੰ ਦੇਖਣ ਗਿਆ ਸੀ।”
“ਭਾਪਾ ਜੀ, ਫਿਰ ਕੀ ਗੱਲ ਹੋਈ ਥੱੜੇ ਤੇ। ਕਰਤਾਰਾ ਚਾਚਾ ਕਿਹੜੇ ਅਨਿਆਏ ਦੀ ਗੱਲ ਕਰ ਰਿਹਾ ਸੀ।”
“ਪੁੱਤ, ਜੋ ਕਰਤਾਰੇ ਨਾਲ ਹੋਇਆ ਹੈ ਤਾਂ ਗਲਤ।”
“ਕੀ ਹੋਇਆ?”
“ਕਰਤਾਰੇ ਦੇ ਮੁੰਡੇ ਅਤੇ ਸਰਪੰਚ ਦੇ ਮੁੰਡੇ ਨੇ ਰਲ ਕੇ ਪਿਛਲੀ ਰਾਤ ਪਹਿਲਾਂ ਤਾਂ ਲੰਬੜਾ ਦੇ ਖੇਤ ਵਿਚੋਂ ਗੰਨੇ ਭੰਨੇ, ਫਿਰ ਕੁੜੀਆਂ ਦੇ ਸਕੂਲ ਦੀਆਂ ਕੰਧਾਂ ਉੱਪਰ ਗੰਦੀਆਂ ਗਾਲ੍ਹਾਂ ਲਿਖੀਆਂ।”
“ਸਰਪੰਚ ਦਾ ਮੁੰਡਾ ਵੀ ਬੜਾ ਚਾਮਲਿਆਂ ਫਿਰਦਾ ਹੈ ਜਦੋਂ ਦਾ ਇਹਦਾ ਪਿਉ ਸਰਪੰਚ ਬਣਿਆ ਆ।”
“ਉਹ ਤਾਂ ਅਜੇ ਹੋਰ ਚਾਮਲੂ।” ਇੰਦਰ ਸਿੰਘ ਨੇ ਅਸਲੀ ਗੱਲ ਦੱਸਦੇ ਕਿਹਾ, “ਪੰਚਾਇਤ ਨੇ ਸਰਪੰਚਂ ਨੂੰ ਤੇ ਉਸ ਦੇ ਮੁੰਡੇ ਨੂੰ ਕੁਝ ਵੀ ਨਹੀ ਕਿਹਾ, ਕਰਤਾਰੇ ਤੇ ਉਸ ਦੇ ਮੁੰਡੇ ਨੂੰ ਜਰਮਾਨਾ ਸੁਣਾ ਦਿੱਤਾ।”
“ਆਹ ਤਾਂ ਸਰਾਸਰ ਗੱਲਤ ਆ।” ਦੀਪੀ ਨੇ ਹੈਰਾਨ ਹੋ ਕੇ ਕਿਹਾ, “ਤੁਸੀ ਪੰਚਾਇਤ ਨੂੰ ਕਹੋ ਕਿ ਇਹ ਤੁਸੀਂ ਗਲਤ ਕੀਤਾ ਹੈ।”
“ਮੈ ਤਾਂ ਇਕ ਦੋ ਵਾਰ ਕਹਿਣ ਦਾ ਜਤਨ ਕੀਤਾ ਸੀ, ਪਰ ਮੇਰੀ ਕਿਤੇ ਮੰਨਦੇ ਆ। ਪੰਚਾਇਤ ਦੇ ਤਾਂ ਮੈਬਰ ਵੀ ਪੂਰੇ ਨਹੀ ਸੀ ਬੈਠੇ, ਆਹ ਦੋ ਚੌਨਹ ਨੇ ਆਪ ਹੀ ਫੈਂਸਲਾ ਕਰ ਲਿਆ।”
“ਡੈਡੀ ਨੂੰ ਨਹੀ ਪਤਾ ਇਸ ਗੱਲ ਦਾ।”
“ਨਹੀ, ਜੇ ਉਹ ਪੰਚਾਇਤ ਵਿਚ ਬੈਠਾ ਹੁੰਦਾ ਫਿਰ ਤਾਂ ਉਸ ਨੇ ਇਹ ਫੈਂਸਲਾ ਹੋਣ ਨਹੀਂ ਸੀ ਦੇਣਾ।”
“ਡੈਡੀ, ਕੱਲ੍ਹ ਦੇ ਮਿੱਲ ਨੂੰ ਗੰਨਿਆਂ ਦੀ ਟਰਾਲੀ ਲੈ ਕੇ ਗਏ ਹੋਏ ਅਜੇ ਵੀ ਨਹੀਂ ਮੁੜੇ।”
“ਸਾਰੇ ਇਲਾਕੇ ਵਿਚ ਇਕ ਤਾਂ ਮਿੱਲ ਆ, ਇਸੇ ਮਿੱਲ ਤੇ ਦੂਰੋਂ ਦੂਰੋਂ ਗੰਨਿਆਂ ਦੀ ਟਰਾਲੀਆਂ ਆਉਂਦੀਆਂ, ਕੀ ਪਤਾ ਕਦੋਂ ਵਾਰੀ ਆਵੇ ਤੇ ਕਦੋਂ ਘਰ ਨੂੰ ਮੁੜੂ।”
ਉਸੇ ਰਾਤ ਮੁਖਤਿਆਰ ਰਾਤ ਦੇ ਦਸ ਕੁ ਵਜੇ ਗੰਨੇ ਸੁੱਟ ਕੇ ਮੁੜ ਆਇਆ। ਬਾਕੀ ਟੱਬਰ ਤਾਂ ਪੈ ਗਿਆ, ਪਰ ਦੀਪੀ ਅਜੇ ਵੀ ਆਪਣੇ ਕਮਰੇ ਵਿਚ ਬੈਠੀ ਪੜ੍ਹ ਰਹੀ ਸੀ। ਸੁਰਜੀਤ ਵੀ ਅਜੇ ਰਜ਼ਾਈ ਵਿਚ ਬੈਠੀ ਸਵੈਟਰ ਬੁਣ ਰਹੀ ਸੀ। ਮੁਖਤਿਆਰ ਦੇ ਆਉਣ ਤੇ ਉਹ ਉੱਠੀ ਤਾਂ ਜੋ ਰੋਟੀ ਗਰਮ ਕਰ ਕੇ ਦੇ ਸਕੇ। ਮੁਖਤਿਆਰ ਰੋਟੀ ਖਾ ਰਿਹਾ ਸੀ ਤਾਂ ਦੀਪੀ ਵੀ ਸ਼ਾਲ ਦੀ ਬੁੱਕਲ ਮਾਰੀ ਉਸ ਦੇ ਕੋਲ ਆ ਕੇ ਬੈਠ ਗਈ। ਦਿਨ ਦੀ ਕਰਤਾਰੇ ਨਾਲ ਵਾਪਰੀ ਸਾਰੀ ਘਟਨਾ ਦੱਸੀ ਤਾਂ ਮੁਖਤਿਆਰ ਨੂੰ ਵੀ ਇਹ ਸਭ ਗਲਤ ਲੱਗਿਆ।