ਨਵੀਂ ਦਿੱਲੀ – ਡੇਰੇ ਦੇ ਇਸ ਢੌਂਗੀ ਸਾਧ ਨੂੰ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾਉਣ ਪਿੱਛੇ ਅਸਲ ਵਿੱਚ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅਹਿਮ ਭੂਮਿਕਾ ਹੈ। ਸੀਬੀਆਈ ਦੇ ਰੀਟਾਇਰਡ ਡੀਆਈਜੀ ਐਮ. ਨਰਾਇਣਨ ਨੇ ਕਿਹਾ ਕਿ ਜੇ ਅੱਜ ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਹੋਈ ਹੈ ਤਾਂ ਇਸ ਦਾ ਸਿਹਰਾ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਨੇ ਸਿਆਸੀ ਦਬਾਅ ਨੂੰ ਦਰਕਿਨਾਰੇ ਕਰਦੇ ਹੋਏ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ ਸਨ।
ਸਿਰਸਾ ਡੇਰੇ ਦੇ ਇਸ ਰੇਪਿਸਟ ਸਾਧ ਦੇ ਕੇਸ ਦੀ ਅਸਲ ਵਿੱਚ ਪੂਰੀ ਜਾਂਚ ਕਰਨ ਵਾਲੇ ਸੀਬੀਆਈ ਦੇ ਰੀਟਾਇਰਡ ਡੀਆਈਜੀ ਐਮ. ਨਰਾਇਣ ਅਨੁਸਾਰ ਉਨ੍ਹਾਂ ਤੇ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲਈ ਸਿਆਸੀ ਦਬਾਅ ਸੀ। ਪਰ ਤਤਕਾਲੀਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਿਆਸੀ ਦਬਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ। ਸੀਬੀਆਈ ਦੀ ਨਿਰਪੱਖ ਜਾਂਚ ਕਰਨ ਕਰਕੇ ਹੀ ਅੱਜ ਰਾਮ ਰਹੀਮ ਸਲਾਖਾਂ ਦੇ ਪਿੱਛੇ ਹੈ। ਸਾਬਕਾ ਪੀਐਮ ਨੇ ਹੀ ਸੀਬੀਆਈ ਨੂੰ ਫਰੀ ਹੈਂਡ ਕੀਤਾ ਸੀ। ਉਹ ਪੂਰੀ ਤਰ੍ਹਾਂ ਨਾਲ ਜਾਂਚ ਏਜੰਸੀ ਦੇ ਨਾਲ ਸਨ। ਉਨ੍ਹਾਂ ਨੇ ਸੀਬੀਆਈ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਉਹ ਕਾਨੂੰਨ ਅਨੁਸਾਰ ਕੰਮ ਕਰਨ।
ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੋਵਾਂ ਸਾਧਣੀਆਂ ਦੇ ਲਿਖਤੀ ਬਿਆਨ ਪੜ੍ਹਨ ਤੋਂ ਬਾਅਦ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਸੰਸਦ ਮੈਂਬਰਾਂ ਦੇ ਦਬਾਅ ਵਿੱਚ ਆਉਣ ਦੀ ਕੋਈ ਜਰੂਰਤ ਨਹੀਂ ਹੈ। ਨਰਾਇਣਨ ਨੇ ਇਹ ਵੀ ਕਿਹਾ ਕਿ ਦੋਵਾਂ ਰਾਜਾਂ ਦੇ ਸਾਂਸਦਾਂ ਦਾ ਏਨਾ ਦਬਾਅ ਸੀ ਕਿ ਡਾ. ਮਨਮੋਹਨ ਸਿੰਘ ਨੇ ਉਸ ਸਮੇਂ ਦੇ ਸੀਬੀਆਈ ਚੀਫ਼ ਵਿਜੈ ਸ਼ੰਕਰ ਨੂੰ ਬੁਲਾ ਕੇ ਇਸ ਸਬੰਧੀ ਪੂਰੀ ਜਾਣਕਾਰੀ ਲਈ। ਇਸ ਦੇ ਬਾਅਦ ਸੀਬੀਆਈ ਨੇ ਆਪਣਾ ਕੰਮ ਬਿਨਾਂ ਕਿਸੇ ਵੀ ਦਬਾਅ ਦੇ ਕੀਤਾ।
ਨਰਾਇਣਨ ਨੇ ਕਿਹਾ ਕਿ ਇਸ ਕੇਸ ਵਿੱਚ ਸੱਭ ਤੋਂ ਵੱਡੀ ਚੁਣੌਤੀ ਆਰੋਪ ਲਗਾਉਣ ਵਾਲੀ ਸਾਧਣੀ ਦੀ ਤਲਾਸ਼ ਕਰਨਾ ਸੀ, ਕਿਉਂਕਿ ਉਸ ਸਮੇਂ ਉਸ ਸਬੰਧੀ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਅਨੁਸਾਰ ਬਹੁਤ ਹੀ ਮੁਸ਼ਕਤ ਤੋਂ ਬਾਅਦ 10 ਸਾਧਣੀਆਂ ਦਾ ਪਤਾ ਲਗਾਇਆ ਗਿਆ, ਪਰ ਉਨ੍ਹਾਂ ਵਿੱਚੋਂ ਵੀ ਸਿਰਫ਼ ਦੋ ਹੀ ਆਪਣੇ ਬਿਆਨ ਦੇਣ ਲਈ ਰਜ਼ਾਮੰਦ ਹੋਈਆਂ।ਇਨ੍ਹਾਂ ਦੋ ਗਵਾਹੀਆਂ ਨੇ ਹੀ ਇਸ ਕੇਸ ਵਿੱਚ ਅਹਿਮ ਰੋਲ ਨਿਭਾਇਆ।