ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇੱਕ ਵਫ਼ਦ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਡਾ। ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ.ਸਿੰਘ ਦੀ ਉੱਤਰ ਪੂਰਬੀ ਸੂਬਿਆਂ ਦੇ ਮਾਮਲਿਆਂ ਦੇ ਮੰਤਰੀ ਨਾਲ ਹੋਈ ਮੁਲਾਕਾਤ ਦੌਰਾਨ ਸਿੱਕਿਮ ਸਰਕਾਰ ਦੇ ਦਿੱਲੀ ਵਿਖੇ ਰੈਜ਼ੀਡੈਂਟ ਕਮਿਸ਼ਨਰ ਵੀ ਮੌਜੂਦ ਸਨ।
ਜੀ. ਕੇ. ਨੇ ਜਿਤੇਂਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਹਾਲਾਤ ਨੂੰ ਬਰਕਰਾਰ ਰੱਖਣ ਦੇ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਇਸ ਮਸਲੇ ’ਤੇ ਸਿੱਕਿਮ ਦੇ ਮੁਖਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ। ਜੀ.ਕੇ. ਨੇ ਕਿਹਾ ਕਿ ਸਮੁੰਦਰ ਤਲ ਤੋਂ 17।500 ਫੁੱਟ ਦੀ ਉੱਚਾਈ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਉਕਤ ਗੁਰਦੁਆਰਾ ਸਾਹਿਬ ਨੇੜੇ ਸਿੱਖ ਬੇਸ਼ਕ ਘੱਟ ਰਹਿੰਦੇ ਹਨ ਪਰ ਸੰਸਾਰਭਰ ਵਿਚ ਵਸਦੇ ਸਿੱਖਾਂ ਦੀ ਭਾਵਨਾ ਹੈ ਕਿ ਗੁਰਦੁਆਰਾ ਸਾਹਿਬ ਦੀ ਹੋਂਦ ਹਰ ਹਾਲਾਤ ’ਚ ਬਰਕਰਾਰ ਰਹਿਣੀ ਚਾਹੀਦੀ ਹੈ।
ਜੀ.ਕੇ. ਨੇ ਕਿਹਾ ਕਿ ਜਿਸ ਪ੍ਰਕਾਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਸਾਨੂੰ ਸਹੂਲੀਅਤ ਬਖ਼ਸ਼ੀ ਹੈ ਉਸੇ ਤਰ੍ਹਾਂ ਹੀ ਸਿੱਕਿਮ ਸਰਕਾਰ ਨੂੰ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਕਿਉਂਕਿ ਗੁਰਦੁਆਰਾ ਸਾਹਿਬ ਵਾਲੀ ਥਾਂ ਦੇ ਚੀਨ ਬਾਰਡਰ ਦੇ ਨੇੜੇ ਹੋਣ ਕਰਕੇ ਆਮ ਨਾਗਰਿਕਾਂ ਲਈ ਬਿਨਾਂ ਮਨਜੂਰੀ ਉਕਤ ਥਾਂ ’ਤੇ ਜਾਣ ਦੀ ਪਾਬੰਦੀ ਹੈ। ਜੀ.ਕੇ. ਨੇ ਇਸ ਮਸਲੇ ’ਤੇ ਸਥਾਨਕ ਲਾਮਾਵਾਂ ਦੇ ਨਾਲ ਹੀ ਦਲਾਈਲਾਮਾ ਦੇ ਨਾਲ ਵੀ ਮੁਲਾਕਾਤ ਕਰਨ ਦੀ ਗੱਲ ਕਹੀ।
ਜੀ.ਕੇ. ਨੇ ਸਾਫ਼ ਕਿਹਾ ਕਿ ਇਸ ਮਸਲੇ ਦਾ ਅਸੀਂ ਪੱਕਾ ਹਲ ਕੱਢਣਾ ਚਾਹੁੰਦੇ ਹਾਂ ਇਸ ਕਰਕੇ ਮੌਕੇ ’ਤੇ ਜਾ ਕੇ ਸਬੰਧਿਤ ਧਿਰਾਂ ਨਾਲ ਗੱਲਬਾਤ ਕਰਨੀ ਜਰੂਰੀ ਹੈ।ਜੀ।ਕੇ। ਨੇ ਜੋਰ ਦੇ ਕੇ ਕਿਹਾ ਕਿ 1991 ’ਚ ਸਿੱਕਿਮ ਸਰਕਾਰ ਵੱਲੋਂ ਗੁਰੂ ਡਾਂਗਮਾਰ ਝੀਲ ’ਤੇ ਬਣੇ ਧਾਰਮਿਕ ਸਥਾਨਾਂ ਨੂੰ ਸਰਬ ਧਰਮ ਥਾਂ ਵੱਜੋਂ ਦਿੱਤੀ ਗਈ ਮਾਨਤਾ ਦੀ ਕਦਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਕਤ ਸਥਾਨ ’ਤੇ ਮੁੜ ਪ੍ਰਕਾਸ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਤਰੀਕਾ ਗੁਰੂ ਨਾਨਕ ਸਾਹਿਬ ਦੇ ਸਾਂਝੀਵਾਲਤਾ ਦੇ ਰਾਹ ’ਤੇ ਤੁਰਨ ਵਰਗਾ ਹੈ।