ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ, ਡਾ. ਬਲਦੇਵ ਸਿੰਘ ਢਿੱਲੋਂ ਨੇ ਖੁਦਕੁਸ਼ੀਆਂ ਨੂੰ ਰੋਕਣ ਦੇ ਕਾਰਜਾਂ ਵਿਚ ਜੁਟੇ ਯੁਨੀਵਰਸਿਟੀ ਮਾਹਿਰਾਂ ਅਤੇ ਸਮਾਜ ਵਿਗਿਆਨੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਅਰਥਚਾਰੇ ਅਤੇ ਖੇਤੀ ਸਮੱਸਿਆਵਾਂ ਨਾਲ ਨਜਿੱਠਣਾ ਜ਼ਰੂਰੀ ਹੈ ਪਰ ਇਸਦੇ ਨਾਲ ਹੋਰ ਵੀ ਕਈ ਸਮਾਜਿਕ ਅਤੇ ਮਨੋਵਿਗਿਆਨਿਕ ਪਹਿਲੂ ਹਨ, ਜਿਨ੍ਹਾਂ ਤੇ ਵਿਚਾਰ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਔਖ ਦੀ ਇਸ ਘੜੀ ਵਿਚ ਕਿਸਾਨਾਂ ਦੀ ਮਾਨਸਿਕ ਸਿਹਤ ਦੀ ਸੰਭਾਲ ਕਰਨੀ ਅਤਿ ਲੋੜੀਂਦੀ ਹੈ।
ਪੀ.ਏ.ਯੂ. ਵੱਲੋਂ ਸ਼ੁਰੂ ਕੀਤੇ ’ਉਤਸ਼ਾਹ’ ਪ੍ਰੋਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੇ ਸੁਭਾਅ, ਉਨ੍ਹਾਂ ਦੇ ਮਨੋਵਿਗਿਆਨਿਕ ਅਤੇ ਸੱਭਿਆਚਾਰਕ ਪ੍ਰਸੰਗ ਨੂੰ ਖਿਆਲ ਵਿਚ ਰੱਖਦਿਆਂ ਖੁਦਕੁਸ਼ੀ ਦੀ ਸਮੱਸਿਆ ਨਾਲ ਨਜਿੱਠਣ ਵਾਲਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਮਨੋਵਿਗਿਆਨਿਕ ਪੱਧਰ ਤੇ ਮਜ਼ਬੂਤ ਵਿਅਕਤੀ ਕਿਸੇ ਵੀ ਅਣਸੁਖਾਵੀਂ ਹਾਲਾਤਾਂ ਦਾ ਡੱਟ ਕੇ ਮੁਕਾਬਲਾ ਕਰਨ ਦੇ ਯੋਗ ਹੁੰਦਾ ਹੈ ਅਤੇ ਇਸ ਤਰ੍ਹਾਂ ਕਿੰਨੀਆਂ ਹੀ ਖੁਦਕੁਸ਼ੀਆਂ ਹੋਣੋ ਟੱਲ ਸਕਦੀਆਂ ਹੁੰਦੀਆਂ ਹਨ।
ਇਸ ਪ੍ਰੋਜੈਕਟ ਦੇ ਤਹਿਤ ਯੂਨੀਵਰਸਿਟੀ ਪੇਂਡੂ ਨੌਜਵਾਨਾਂ ਵਿਚ ਸਾਕਾਰਤਮਕਤਾ ਭਰ ਕੇ ਕਿਸਾਨ ਪਰਿਵਾਰਾਂ ਦੇ ਹੌਂਸਲੇ ਬੁਲੰਦ ਕਰਨ ਦੇ ਕਾਰਜ ਕਰੇਗੀ। ਇਸ ਦੇ ਤਹਿਤ ਕਿਸਾਨਾਂ ਨੂੰ ਅਜਿਹੀ ਸਿਖਲਾਈ ਦਿੱਤੀ ਜਾਵੇਗੀ ਕਿ ਉਹ ਆਪਣੀ ਨਾਕਾਰਤਮਕ ਸੋਚ ਤੋਂ ਬਚੇ ਰਹਿਣ, ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰ ਸਕਣ । ਸਾਦੀ ਰਹਿਣੀ-ਬਹਿਣੀ ਨੂੰ ਅਪਣਾਉਂਦਿਆਂ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਉਹ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿਚ ਵਿਖਾਵੇ ਰਹਿਤ ਜ਼ਿੰਦਗੀ ਨੂੰ ਤਰਜੀਹ ਦੇਣ ।
ਖੇਤੀ, ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਅਧੀਨ ਪੇਂਡੂ ਨੌਜਵਾਨਾਂ ਨੂੰ ਸਿਖਲਾਈ ਦਿਤੀ ਜਾਵੇਗੀ ਤਾਂ ਜੋ ਉਹ ਮੁਸੀਬਤ ਵਿਚ ਫਸੇ ਕਿਸਾਨਾਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ। ਇਸ ਤਰ੍ਹਾਂ ਯੂਨੀਵਰਸਿਟੀ ਦੀ ਕੋਸ਼ਿਸ਼ ਹੋਵੇਗੀ ਕਿ ਉਹ ਪੰਜਾਬ ਦੀ ਕਿਸਾਨੀ ਨੂੰ ਮੁੜ ਲੀਹ ਤੇ ਲਿਆਉਣ ਲਈ ਉਤਸ਼ਾਹਿਤ ਕਰ ਸਕਣ ।
ਡਾ. ਗੁਰਿੰਦਰ ਕੌਰ ਸਾਂਘਾ, ਡੀਨ, ਬੇਸਿਕ ਸਾਇੰਸ ਅਤੇ ਹਿਉਮੱਨਟੀਜ਼ ਕਾਲਜ, ਨੇ ਕਿਹਾ ਕਿ ਵਿਗਿਆਨਿਕ ਢੰਗ ਨਾਲ ਤਿਆਰ ਕੀਤੇ ਵਲੰਟੀਅਰ ਦੀ ਮੱਦਦ ਨਾਲ ਮੁਸੀਬਤ ਵਿਚ ਘਿਰੇ ਕਿਸਾਨ ਨਾ ਕੇਵਲ ਆਪ ਆਪਣੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲ ਸਕਣਗੇ ਬਲਕਿ ਹੋਰਾਂ ਲਈ ਵੀ ਸਹਾਰਾ ਬਣਨਗੇ।
ਡਾ. ਸਰਬਜੀਤ ਸਿੰਘ, ਪ੍ਰੋਫੈਸਰ ਪੱਤਰਕਾਰੀ, ਜੋ ਕਿ ਇਸ ਪ੍ਰੋਜੈਕਟ ਦੇ ਮੁੱਖ ਖੋਜ ਕਰਤਾ ਹਨ ਨੇ ਕਿਹਾ ਕਿ ਪੀਅਰ ਮਦਦ ਇਕ ਵਿਲਖਣ ਤਰੀਕੇ ਦੀ ਮਦਦ ਹੁੰਦੀ ਹੈ ਜੋ ਕਿ ਆਪਸੀ ਸਤਿਕਾਰ, ਪਿਆਰ ਤੇ ਆਪੋ ਆਪਣੇ ਤਜ਼ਰਬੇ ਰਾਹੀਂ ਮਨ ਹੌਲਾ ਕਰਨ ਨਾਲ ਸੰਬੰਧਿਤ ਹੁੰਦੀ ਹੈ। ਚੰਗੀ ਸੰਗਤ ਡਿੱਗੇ-ਢੱਠੇ ਮਨ ਵਾਲੇ ਨੂੰ ਵੀ ਉਤਸ਼ਾਹਿਤ ਕਰਦੀ ਹੈ ਤੇ ਉਸ ਲਈ ਰੋਲ- ਮਾਡਲ ਦਾ ਕੰਮ ਕਰਦੀ ਹੈ ਤਾਂ ਜੋ ਉਹ ਵੀ ਆਪਣੀ ਸੋਚ ਬਦਲ ਸਕੇ। ਖੇਤੀ ਉਤਪਾਦਨ ਵਿਚ ਭਾਵੇਂ ਬਹੁਤ ਨਵੀਨੀਕਰਨ ਤੇ ਮਸ਼ੀਨੀਕਰਨ ਹੋ ਚੁ¤ਕਾ ਹੈ ਪਰ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਕਿਰਤ ਕਰਨ ਦਾ ਸੁਭਾਅ ਘੱਟ ਜਾਣਾ ਚਿੰਤਾ ਦਾ ਵਿਸ਼ਾ ਹਨ। ਸਿਆਣੇ ਇਹ ਵੀ ਮਹਿਸੂਸ ਕਰਦੇ ਹਨ ਕਿ ਜੇਕਰ ਸਮਾਜਿਕ ਵਿਕਾਸ ਨਾ ਹੋਵੇ ਤਾਂ ਆਰਥਿਕ ਵਿਕਾਸ ਵੀ ਬਹੁਤਾ ਭਲਾ ਨਹੀਂ ਕਰ ਸਕਦਾ। ਖੁਦਕੁਸ਼ੀ ਦੇ ਰਾਹ ਕਿਸਾਨਾਂ ਦੀ ਵੱਧਦੀ ਗਿਣਤੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਵੱਲ ਹੰਭਲਾ ਮਾਰਨ ਲਈ ਯੂਨੀਵਰਸਿਟੀ ਯਤਨਸ਼ੀਲ ਹੈ ।
ਜੀਵਨ ਦੇ ਔਖੇ ਪਲਾਂ ਸਮੇਂ ਜੂਝਣ ਤੇ ਡਟਨ ਦੀ ਲੋੜ ਹੈ ਨਾ ਕਿ ਘਬਰਾਉਣ ਤੇ ਡਰਨ ਦੀ। ’ਉਤਸ਼ਾਹ’ ਨਾਮ ਸੁਣਨ ਤੇ ਬੋਲਣ ਨਾਲ ਹੀ ਉਤਸ਼ਾਹ ਬਣ ਜਾਂਦਾ ਹੈ। ’ਉਤਸ਼ਾਹ’ ਕਿਸਾਨਾਂ ਦੇ ਭਾਵਨਾਤਮਕ ਤੰਦਰੁਸਤੀ ਲਈ ਕੰਮ ਕਰੇਗਾ। ਉਨ੍ਹਾਂ ਨੂੰ ਮੁਸ਼ਕਿਲਾਂ ਨਾਲ ਜੂਝਨ, ਰਿਸ਼ਤਿਆਂ ਵਿਚ ਪ੍ਰੀਤੀ ਵਧਾਉਣ, ਆਰਥਿਕ ਸਾਖਰਤਾ, ਉਦਾਸੀ ਤੇ ਤਣਾਅ ਤੋਂ ਬਚਣ, ਆਸਵੰਦ ਹੋਣ ਆਦਿ ਪ੍ਰਤੀ ਸਿਖਿਅਤ ਕਰੇਗਾ।