ਨਵੀਂ ਦਿੱਲੀ : ਸਿੱਖ ਕੌਮ ’ਚ ਸਮਾਜਿਕ ਤੌਰ ’ਤੇ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦੇ ਮਕਸਦ ਨਾਲ ਪਤਵੰਤੇ ਪੰਜਾਬੀਆਂ ਨੇ ਕਮਰਕੱਸੇ ਕਰ ਲਏ ਹਨ। ਇੰਟਰਨੈਸ਼ਨਲ ਪੰਜਾਬੀ ਫੋਰਮ ਦੇ ਨਾਂ ’ਤੇ ਬਣੀ ਨਵੀਂ ਜਥੇਬੰਦੀ ਨੇ ਆਪਣੀ ਪਹਿਲੀ ਮੀਟਿੰਗ ’ਚ ਸਮਾਜਿਕ ਬਦਲਾਓ ਦਾ ਮੁੱਢ ਬੰਨਣ ਦੀ ਦਿਸ਼ਾ ’ਚ ਕਈ ਅਹਿਮ ਫੈਸਲੇ ਲਏ। ਵੇਵ ਗਰੁੱਪ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਚੱਢਾ ਦੀ ਅਗਵਾਈ ’ਚ ਬਣੀ ਜਥੇਬੰਦੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪੱਕੇ ਤੌਰ ’ਤੇ ਵਿਸ਼ੇਸ਼ ਸੱਦੇ ਮਹਿਮਾਨ ਵੱਜੋਂ ਸ਼ਾਮਿਲ ਹਨ। ਮੀਟਿੰਗ ’ਚ ਫੋਕੀ ਸ਼ੌਹਰਤ ਨੂੰ ਪੱਠੇ ਪਾਉਣ ਵਾਸਤੇ ਸ਼ਾਦੀਆਂ ਮੌਕੇ ਕੀਤੀ ਜਾਂਦੀ ਫਜ਼ੂਲਖ਼ਰਚੀ ਨੂੰ ਰੋਕਣ ਵਾਸਤੇ ਕਦਮ ਚੁੱਕਣ ’ਤੇ ਆਮ ਸਹਿਮਤੀ ਬਣ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਫਜ਼ੂਲਖ਼ਰਚੀ ਦੇ ਵੱਧਦੇ ਰੁਝਾਨ ਕਰਕੇ ਗਰੀਬ ਮਾਂ-ਪਿਊੁ ਨੂੰ ਆਪਣੀ ਲੜਕੀ ਦੇ ਵਿਆਹ ਮੌਕੇ ਸਮਾਜ ਨਾਲ ਰੀਸ ਕਰਨ ਦੇ ਟੀਚੇ ਨੂੰ ਪੂਰਾ ਕਰਨ ਵਾਸਤੇ ਕਰਜਾ ਚੁੱਕਣ ਨੂੰ ਮਜਬੂਰ ਹੋਣਾਂ ਪੈ ਰਿਹਾ ਹੈ। ਜੀ.ਕੇ. ਨੇ ਵਿਆਹ ਸਮਾਗਮਾਂ ਦੇ ਸੱਦਾ ਪੱਤਰ ਦੇ ਨਾਂ ’ਤੇ ਮਿਠਾਈ ਅਤੇ ਮਹਿੰਗੇ ਸੱਦਾ ਪੱਤਰ ਕਾਰਡਾਂ ਕਰਕੇ ਵੱਧ ਰਹੇ ਖਰਚੇ ਨੂੰ ਬੇਲੋੜਾ ਦੱਸਦੇ ਹੋਏ ਇਸ ਸਬੰਧੀ ਫੋਰਮ ਵੱਲੋਂ ਜਾਗਰੁਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ।
ਜੀ.ਕੇ. ਨੇ ਆਪਣੇ ਪੁੱਤਰ ਦੀ ਸ਼ਾਦੀ ਮੌਕੇ ਮਹਿਮਾਨਾਂ ਨੂੰ ਸੱਦਾ ਪੱਤਰ ਐਸ.ਐਮ.ਐਸ. ਜਾਂ ਈ-ਮੇਲ ਰਾਹੀਂ ਭੇਜਣ ਦੀ ਗੱਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਵੀ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਣ ਵਾਲੇ ਵਿਆਹ ਸਮਾਗਮਾਂ ਦੌਰਾਨ ਖਾਣੇ ਦੀ ਸੂਚੀ ਨੂੰ ਛੋਟਾ ਕਰਨ ਲਈ ਕਾਰਜ ਕਰਨ ਦਾ ਵੀ ਇਸ਼ਾਰਾ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਇਸ ਸਬੰਧੀ ਬਾਰ-ਬਾਰ ਜਾਰੀ ਕੀਤੇ ਗਏ ਹੁਕਮਨਾਮਿਆਂ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਜੀ.ਕੇ. ਨੇ ਸਿੱਖਾਂ ’ਚ ਰਾਤ ਨੂੰ ਬਰਾਤ ਚੜਾਉਣ ਦੇ ਘੱਟ ਰਹੇ ਰੁਝਾਨ ’ਤੇ ਖੁਸ਼ੀ ਦਾ ਪ੍ਰਗਟਾਵਾਂ ਕਰਦੇ ਹੋਏ ਸਮਾਜਿਕ ਸੁਧਾਰ ਦੇ ਟੀਚੇ ਦੀ ਪ੍ਰਾਪਤੀ ਤਕ ਫੋਰਮ ਵੱਲੋਂ ਕਾਰਜ ਜਾਰੀ ਰੱਖਣ ਦਾ ਐਲਾਨ ਕੀਤਾ।
ਫੋਰਮ ਵੱਲੋਂ ਲਏ ਗਏ ਮੁਖ ਫੈਸਲਿਆਂ ’ਚ ਵਿਆਹ ਸਮਾਗਮਾਂ ਨੂੰ ਗੁਰਦੁਆਰਿਆਂ ’ਚ ਸਾਦਗੀ ਨਾਲ ਮਨਾਉਣਾ, ਸੱਦਾ ਪੱਤਰ ਵੱਜੋਂ ਵੰਡੇ ਜਾਂਦੇ ਮਿਠਾਈ ਅਤੇ ਮਹਿੰਗੇ ਸੱਦਾ ਪੱਤਰਾਂ ਦੇ ਰੁਝਾਨ ਨੂੰ ਰੋਕਣਾ, ਮਹਿਮਾਨਾਂ ਨੂੰ ਡਿਜ਼ੀਟਿਲ ਤਰੀਕੇ ਦੀ ਵਰਤੋਂ ਨਾਲ ਸੱਦਾ ਪੱਤਰ ਦੇਣ ਦਾ ਪ੍ਰਚਾਰ ਕਰਨਾ, ਸ਼ਾਦੀਆਂ ’ਚ ਘੱਟ ਖਰਚੇ ਦੇ ਰੁਝਾਨ ਨੂੰ ਹੁੰਗਾਰਾ ਦੇ ਕੇ ਗਰੀਬ ਲੜਕੀਆਂ ਲਈ ਚੰਗਾ ਜੀਵਨ ਸਾਥੀ ਚੁਣਨ ਦਾ ਰਾਹ ਪੱਧਰਾ ਕਰਨਾ ਅਤੇ ਦੇਸ਼-ਕੌਮ ਵਾਸਤੇ ਸਿੱਖ ਕੌਮ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਸਿਆਸੀ ਆਗੂਆਂ ਵੱਲੋਂ ਸਾਡੇ ਫਜ਼ੂਲਖ਼ਰਚੀ ਸਭਿਆਚਾਰ ਕਰਕੇ ਤਵੱਜੋ ਨਾ ਦੇਣ ਦੀ ਚੱਲ ਰਹੀ ਵਿਚਾਰਕ ਲਹਿਰ ਨੂੰ ਕਮਜ਼ੋਰ ਕਰਨਾ ਸ਼ਾਮਿਲ ਹੈ।
ਚੱਢਾ ਨੇ ਦੱਸਿਆ ਕਿ ਬੀਤੇ ਦਿਨੀਂ ਆਪਣੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਹੋਈ ਅੰਤਿਮ ਅਰਦਾਸ ਮੌਕੇ ਫਜ਼ੂਲਖ਼ਰਚੀ ਨੂੰ ਰੋਕਣ ਲਈ ਉਨ੍ਹਾਂ ਨੇ ਸੰਗਤ ਵਾਸਤੇ ਸਿਰਫ ਚਾਹ ਅਤੇ ਮੱਠੀ ਇੰਤਜਾਮ ਕੀਤਾ ਸੀ। ਤਾਂਕਿ ਖਾਣ-ਪੀਣ ’ਚ ਪੈਸੇ ਦੀ ਬਰਬਾਦੀ ਕਰਨ ਦੀ ਥਾਂ ਲੋੜਵੰਦਾਂ ਦੀ ਮਦਦ ’ਤੇ ਰਕਮ ਖਰਚ ਕੀਤੀ ਜਾ ਸਕੇ।
ਫੋਰਮ ਦੇ ਮੁਖ ਮੈਂਬਰਾਂ ਵੱਜੋਂ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਸੰਪਾਦਕ ਸੀਨੀਅਰ ਪੱਤਰਕਾਰ ਪ੍ਰਭੂ ਚਾਵਲਾ, ਸੇਵਾ ਮੁਕਤ ਮੇਜ਼ਰ ਜਨਰਲ ਐਮ.ਐਸ.ਚੱਢਾ, ਸੇਵਾ ਮੁਕਤ ਜਸਟਿਸ ਆਰ.ਐਸ. ਸੋਢੀ, ਮਹਾਰਾਸ਼ਟਰ ਪੁਲਿਸ ਦੇ ਸਾਬਕਾ ਡੀ.ਜੀ.ਪੀ. ਪੀ.ਐਸ. ਪਸਰੀਚਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਵਿਸ਼ਵ ਪੰਜਾਬੀ ਸੰਸਥਾਂ ਦੇ ਵਿਕਰਮਜੀਤ ਸਿੰਘ ਸਾਹਨੀ ਸਣੇ ਦੇਸ਼-ਵਿਦੇਸ਼ ਦੇ ਕਈ ਪਤਵੰਤੇ ਸੱਜਣ ਮੌਜੂਦ ਸਨ।