ਮੁੰਬਈ – 1993 ਵਿੱਚ ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਟਾਡਾ ਦੀ ਸਪੈਸ਼ਲ ਅਦਾਲਤ ਨੇ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਬੂ ਸਲੇਮ ਸਜ਼ਾ ਸੁਣਨ ਤੋਂ ਬਾਅਦ ਅਦਾਲਤ ਵਿੱਚ ਹੀ ਰੋ ਪਏ। ਸਲੇਮ ਦੇ ਦੂਸਰੇ ਸਾਥੀ ਮੁਹੰਮਦ ਮਰਚੈਂਟ ਅਤੇ ਫਿਰੋਜ਼ ਅਬਦੁੱਲ ਰਾਸ਼ਿਦ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਟਾਡਾ ਅਦਾਲਤ ਨੇ ਕਰੀਮੁਲਾਹ ਖਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਅਤੇ ਦੋ ਲੱਖ ਰੁਪੈ ਦਾ ਜੁਰਮਾਨਾ ਵੀ ਲਗਾਇਆ ਹੈ। ਰਿਆਜ਼ ਸਦੀਕੀ ਨੁੰ 10 ਸਾਲ ਦੀ ਸਜ਼ਾ ਮਿਲੀ ਹੈ। ਸੀਬੀਆਈ ਅਨੁਸਾਰ, ਮੁੰਬਈ ਧਮਾਕੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਦੇ ਬਾਅਦ ਹੋਏ ਦੰਗਿਆਂ ਦਾ ਬਦਲਾ ਲੈਣ ਲਈ ਕੀਤੇ ਗਏ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਹ ਦੁਨੀਆਂਭਰ ਵਿੱਚ ਅਜਿਹਾ ਪਹਿਲਾ ਅੱਤਵਾਦੀ ਹਮਲਾ ਸੀ, ਜਿਸ ਵਿੱਚ ਏਡੇ ਵੱਡੇ ਪੱਧਰ ਤੇ ਆਰਡੀਐਕਸ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਕੇਸ ਤੇ 2011 ਵਿੱਚ ਸੁਣਵਾਈ ਸ਼ੁਰੂ ਹੋਈ ਸੀ ਅਤੇ ਇਸ ਸਾਲ ਮਾਰਚ ਵਿੱਚ ਸਮਾਪਤ ਹੋਈ ਸੀ। 16 ਜੂਨ ਨੂੰ ਅਬੂ ਸਮੇਤ ਪੰਜ ਆਰੋਪੀਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਇਸ ਕੇਸ ਵਿੱਚ ਅਜੇ ਵੀ 27 ਆਰੋਪੀ ਫਰਾਰ ਚੱਲ ਰਹੇ ਹਨ।
ਵਰਨਣਯੋਗ ਹੈ ਕਿ 12 ਮਾਰਚ 1993 ਨੂੰ ਹੋਏ ਸੀਰੀਅਲ ਬੰਬ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜਖਮੀ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ 27 ਕਰੋੜ ਦੇ ਕਰੀਬ ਸੰਪਤੀ ਨਸ਼ਟ ਹੋ ਗਈ ਸੀ। ਇਸ ਮਾਮਲੇ ਵਿੱਚ 16 ਜੂਨ 2017 ਨੂੰ ਜਸਟਿਸ ਜੀਏ ਸਨਪ ਨੇ ਅਬੂ ਸਲੇਮ, ਕਰੀਮੁਲਾਹਖਾਨ, ਫਿਰੋਜ਼ ਅਬਦੁੱਲ ਰਸ਼ੀਦ ਖਾਨ, ਮੁਸਤਫ਼ਾ ਦੌਸਾ, ਤਾਹਿਰ ਮਰਚੈਂਟ ਅਤੇ ਰਿਆਜ਼ ਸਦੀਕੀ ਨੂੰ ਧਮਾਕਿਆਂ ਦਾ ਛਡਯੰਤਰ ਰੱਚਣ ਲਈ ਦੋਸ਼ੀ ਮੰਨਿਆ ਸੀ, ਜਦੋਂ ਕਿ ਇੱਕ ਹੋਰ ਆਰੋਪੀ ਅਬਦੁੱਲ ਕਿਊਮ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮੁਸਤਫ਼ਾ ਦੌਸਾ ਦੀ ਮੌਤ ਹੋ ਚੁੱਕੀ ਹੈ।