ਇਲਾਹਾਬਾਦ – ਪਿੱਛਲੇ ਕੁਝ ਸਮੇਂ ਤੋਂ ਕਈ ਧਾਰਮਿਕ ਸੰਤਾਂ ਦੀਆਂ ਅਪਰਾਧਿਕ ਵਾਰਦਾਤਾਂ ਸਾਹਮਣੇ ਆਉਣ ਤੇ ਅਖਿੱਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਸੰਗਮ ਨਗਰੀ ਵਿੱਚ ਆਪਣੀ ਖਾਸ ਬੈਠਕ ਵਿੱਚ 14 ਨਕਲੀ ਬਾਬਿਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਸੌਦਾ ਸਾਧ, ਰਾਧੇ ਮਾਂ, ਨਿਰਮਲ ਬਾਬਾ ਅਤੇ ਆਸਾਰਾਮ ਬਾਪੂ ਦੇ ਨਾਮ ਵੀ ਸ਼ਾਮਿਲ ਹਨ। ਇਨ੍ਹਾਂ ਸੰਤਾਂ ਦੇ ਪ੍ਰਆਗ ਕੁੰਭ ਵਿੱਚ ਸ਼ਾਮਿਲ ਹੋਣ ਤੇ ਰੋਕ ਲਗਾਈ ਗਈ ਹੈ।
ਅਖਿੱਲ ਭਾਰਤੀ ਅਖਾੜਾ ਪ੍ਰੀਸ਼ਦ ਦੇਸ਼ਭਰ ਦੇ 13 ਅਖਾੜਿਆਂ ਦਾ ਸੰਗਠਨ ਹੈ, ਜਿਸ ਵਿੱਚ ਵੱਡੀ ਸੰਖਿਆ ਵਿੱਚ ਸੰਤ ਸ਼ਾਮਿਲ ਹਨ। ਇਨ੍ਹਾਂ ਨੂੰ ਹਿੰਦੂ ਧਰਮ ਵਿੱਚ ਉਚਾ ਸਥਾਨ ਹਾਸਿਲ ਹੈ, ਭਾਂਵੇ ਕਿ ਇਨ੍ਹਾਂ ਸਬੰਧੀ ਵੀ ਵਿਵਾਦਪੂਰਣ ਸੁਰ ਉਠਦੇ ਰਹੇ ਹਨ। ਹਾਲ ਹੀ ਵਿੱਚ ਹਰਿਆਣਾ ਦੇ ਸਿਰਸਾ ਵਿੱਚ ਸਥਾਪਿਤ ਡੇਰਾ ਸਾਧ ਨੂੰ ਰੇਪ ਕੇਸ ਵਿੱਚ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਖਿੱਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਬਾਬਿਆਂ ਨੂੰ ਨਕਲੀ ਮੰਨਦੇ ਹੋਏ ਊਨ੍ਹਾਂ ਦੀ ਲਿਸਟ ਤਿਆਰ ਕੀਤੀ ਹੈ।ਇਲਾਹਾਬਾਦ ਦੇ ਵੀ ਤਿੰਨ ਬਾਬਿਆਂ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ। ਇਸ ਬੈਠਕ ਵਿੱਚ ਇਨ੍ਹਾਂ ਨਕਲੀ ਸੰਤਾਂ ਦਾ ਸਮੂਹਿਕ ਬਾਈਕਾਟ ਕਰਨ ਦਾ ਵੀ ਫੈਂਸਲਾ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਮਹੰਤ ਨਰੇਂਦਰ ਗਿਰੀ ਨੂੰ ਫ਼ੋਨ ਤੇ ਆਸਾਰਾਮ ਬਾਪੂ ਦਾ ਨਾਮ ਇਸ ਸੂਚੀ ਵਿੱਚ ਸ਼ਾਮਿਲ ਕੀਤੇ ਜਾਣ ਤੇ ਹੱਤਿਆ ਕਰਨ ਦੀ ਵੀ ਧਮਕੀ ਦਿੱਤੀ ਗਈ ਸੀ, ਜਿਸ ਦੀ ਰਿਪੋਰਟ ਵੀ ਦਰਜ਼ ਕਰਵਾਈ ਗਈ ਸੀ। ਇਸ ਦੇ ਬਾਵਜੂਦ ਇਸ ਸੂਚੀ ਵਿੱਚ ਪਹਿਲੇ ਨੰਬਰ ਤੇ ਆਸਾਰਾਮ ਬਾਪੂ ਉਰਫ ਆਸੁਮਲ ਸਿਰਮਲਾਨੀ ਦਾ ਨਾਮ ਹੈ।