ਭਾਗਲਪੁਰ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਬਿਹਾਰ ਦੇ ਭਾਗਲਪੁਰ ਵਿੱਚ ‘ਸਰਜਨ ਦੇ ਦੁਰਜਨੋਂ ਦਾ ਵਿਸਰਜਨ’ ਰੈਲੀ ਕੀਤੀ। ਉਨ੍ਹਾਂ ਨੇ ਇਸ ਘੋਟਾਲੇ ਦੇ ਲਈ ਮੁੱਖਮੰਤਰੀ ਨਤੀਸ਼ ਕੁਮਾਰ ਅਤੇ ਬੀਜੇਪੀ ਦੇ ਡਿਪਟੀ ਸੀਐਮ ਸੁਸ਼ੀਲ ਮੋਦੀ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਨਤੀਸ਼ ਨੂੰ ਆੜੇ ਹੱਥੀਂ ਲੈਂਦੇ ਹੋਏ ਤੇਜਸਵੀ ਦੇ ਮੁੱਖਮੰਤਰੀ ਬਣਨ ਦੀ ਭਵਿੱਖਬਾਣੀ ਵੀ ਕੀਤੀ। ਉਨ੍ਹਾਂ ਨੇ ਕਿਹਾ, ‘ ਅੱਜ ਨਹੀਂ ਤਾਂ ਕਲ੍ਹ ਤੇਜਸਵੀ ਮੁੱਖਮੰਤਰੀ ਬਣੇਗਾ। ਨਤੀਸ਼ ਕੁਮਾਰ ਦੀ ਮਰਜ਼ੀ ਨਾਲ ਨਹੀਂ, ਗਰੀਬ, ਦਲਿਤ ਅਤੇ ਪਿੱਛੜੇ ਵਰਗਾਂ ਦੇ ਸਮੱਰਥਣ ਦੇ ਨਾਲ ਉਹ ਕੁਰਸੀ ਤੇ ਬੈਠੇਗਾ।’
ਬੀਜੇਪੀ ਵੱਲੋਂ ਦਰਜ਼ ਕਰਵਾਏ ਗਏ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਲਾਲੂ ਯਾਦਵ ਨੇ ਕਿਹਾ, ‘ ਮੈਨੂੰ ਤਾਂ 20 ਸਾਲ ਵਿੱਚ ਮੁਕੱਦਮੇ ਲੜਨ ਦੀ ਆਦਤ ਹੋ ਗਈ ਹੈ। ਇਹ ਲੋਕ ਮੈਨੂੰ ਡਰਾ ਨਹੀਂ ਸਕੇ ਤਾਂ ਬੱਚਿਆਂ ਦੇ ਪਿੱਛੇ ਪੈ ਗਏ। ਸਾਡੇ ਖਿਲਾਫ਼ ਸੀਬੀਆਈ ਦਾ ਇਸਤੇਮਾਲ ਕੀਤਾ ਗਿਆ।’ ਲਾਲੂ ਨੇ ਕਿਹਾ ਕਿ ਉਨ੍ਹਾਂ ਨੇ ਸੀਬੀਆਈ ਦੀ ਪੁੱਛਗਿੱਛ ਦੀ ਤਾਰੀਖ ਅੱਗੇ ਵਧਾਉਣ ਲਈ ਕਿਹਾ ਸੀ, ਪਰ ਮੇਰੀ ਭਾਗਲਪੁਰ ਦੀ ਰੈਲੀ ਨੂੰ ਰੋਕਣ ਦੇ ਲਈ ਹੀ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ।
ਲਾਲੂ ਯਾਦਵ ਨੇ ਨਤੀਸ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਨਤੀਸ਼ ਗੱਦੀ ਦੇ ਲਈ ਕੁਝ ਵੀ ਕਰ ਸਕਦੇ ਹਨ। ਬੀਜੇਪੀ ਵਾਲਿਆਂ ਨੇ ਨਤੀਸ਼ ਨੂੰ ਡਰਾਉਂਦੇ ਹੋਏ ਕਿਹਾ ਕਿ ਸਰਜਨ ਘੋਟਾਲੇ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਜੇ ਬੀਜੇਪੀ ਦਾ ਸਾਥ ਨਾ ਦਿੱਤਾ ਤਾਂ ਜੇਲ੍ਹ ਜਾਣਾ ਪਵੇਗਾ। ਉਨ੍ਹਾਂ ਅਨੁਸਾਰ ਬੀਜੇਪੀ ਨੇਤਾਵਾਂ ਨੂੰ ਇਸ ਘੋਟਾਲੇ ਸਬੰਧੀ ਪੂਰੀ ਜਾਣਕਾਰੀ ਸੀ। ਇਹ ਸੱਭ ਇਸ ਸਕੈਮ ਨੂੰ ਦਬਾਉਣ ਵਿੱਚ ਜੁਟੇ ਹੋਏ ਸਨ, ਪਰ ਮੀਡੀਏ ਨੇ ਇਸ ਨੂੰ ਉਜਾਗਰ ਕਰ ਦਿੱਤਾ।
ਲਾਲੂ ਦੇ ਛੋਟੇ ਬੇਟੇ ਤੇਜਸਵੀ ਨੇ ਵੀ ਕਿਹਾ, ‘ ਅਸਾਂ ਘੋਟਾਲੇ ਦੀ ਸਚਾਈ ਨੂੰ ਉਜਾਗਰ ਕਰਨ ਦਾ ਪ੍ਰਣ ਲਿਆ ਹੈ। ਅਸੀਂ ਸਰਜਨ ਦੇ ਦੁਰਜਨਾਂ ਦਾ ਵਿਸਰਜਨ ਕਰਾਂਗੇ। ਅਸੀਂ ਨਤੀਸ਼ ਕੁਮਾਰ, ਸੁਸ਼ੀਲ ਮੋਦੀ ਸਮੇਤ ਗਿਰੀਰਾਜ ਸਿੰਹੁ ਵਰਗੇ ਘੋਟਾਲੇਬਾਜਾਂ ਦਾ ਵਿਸਰਜਨ ਕਰਨ ਆਏ ਹਾਂ।’