ਬੀਤੇ ਦਿਨੀਂ ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜ ਜਗਦੀਪ ਸਿੰਘ ਵੱਲੋਂ ਵੀਹ ਸਾਲ ਦੀ ਕੈਦ ਅਤੇ ਤੀਹ ਲੱਖ ਰੂਪੈ ਦਾ ਜੁਰਮਾਨਾ ਕਰਨ ਦੀ ਸਜਾ ਅਤੇ ਡੇਰਾ ਪੈਰੋਕਾਰਾਂ ਵੱਲੋਂ ਸਜ਼ਾ ਦੇ ਐਲਾਨ ਉਪਰੰਤ ਹਿੰਸਕ ਹੋਣ ਕਾਰਣ ਡੇਰਾਵਾਦ ਦੇ ਵਧਦਾ ਪ੍ਰਭਾਵ ਦੇ ਕਾਰਨਾਂ ਤੇ ਵੱਡੀ ਬਹਿਸ ਛਿੜ ਗਈ ਹੈ। ਇਹ ਇੱਕ ਕੌੜਾ ਸੱਚ ਹੈ ਕਿ ਪੰਜਾਬ ਅੰਦਰ ਸਿੱਖ ਧਰਮ ਨਾਲ ਸਬੰਧਿਤ ਸਮਾਜਿਕ ਅਤੇ ਆਰਥਿਕ ਤੌਰ ਤੇ ਪਛੜੇ ਦਲਿਤ ਲੋਕਾਂ ਦਾ ਰੁਝਾਨ ਡੇਰਿਆਂ ਵੱਲ ਬੜੀ ਤੇਜ਼ੀ ਨਾਲ ਵਧਿਆ ਹੈ,ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਗਰੀਬ ਸਿੱਖਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਅਤੇ ਜਾਤ ਪਾਤ ਅਤੇ ਛੂਆਛਾਤ ਰਹਿਤ ਸਿੱਖ ਫ਼ਲਸਫ਼ੇ ਅਤੇ ਗੁਰੂ ਸਾਹਿਬਾਨ ਦੀ ਸੋਚ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ। ਅਜੋਕੇ ਦੌਰ ਵਿੱਚ ਸਿੱਖਾਂ ਦੀਆਂ ਇਹ ਦੋਵੇਂ ਸਿਰਮੌਰ ਸੰਸਥਾਵਾਂ ਨੂੰ ਆਤਮ ਚਿੰਤਨ ਦੀ ਅਤਿਅੰਤ ਲੋੜ ਹੈ। ਪੰਜਾਬ ਅੰਦਰ ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਗਰੀਬ ਸਿੱਖਾਂ ਨੂੰ ਮਾਣ ਸਨਮਾਨ ਦੀ ਅਣਹੋਂਦ ਮੰਨਿਆ ਜਾ ਸਕਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਬਣੇ ਜਾਤੀ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਇਸਦੀ ਪੁਸ਼ਟੀ ਕਰਦੇ ਹਨ ਪਰ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਦੇ ਵੀ ਇਨ੍ਹਾਂ ਦੇ ਨਿਰਮਾਣ ਵਿਰੁੱਧ ਜਾਂ ਗੁਰੂਘਰ, ਸ਼ਮਸ਼ਾਨਘਾਟ ਇੱਕ ਕਰਨ ਲਈ ਹੁਕਮਨਾਮਾ ਜਾਰੀ ਨਹੀ ਕੀਤਾ। ਧਰਮ ਨੂੰ ਸਿਆਸਤ ਲਈ ਵਰਤੇ ਜਾਣ ਦੀ ਬਿਰਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਕਿਰਿਆ ਨੇ ਵੀ ਸਿੱਖੀ ਨੂੰ ਵੱਡੀ ਢਾਹ ਲਾਈ ਹੈ। ਹਥਲੇ ਲੇਖ ਦਾ ਮੰਤਵ ਡੇਰਾਵਾਦ ਦੇ ਫੈਲਾਓ ਦੇ ਕਾਰਣ ਅਤੇ ਸਿੱਖ ਸੰਸਥਾਵਾਂ ਦੀ ਭੂਮਿਕਾ ਦੀ ਪੜਚੋਲ ਕਰਨਾ ਹੈ। ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਮਾਜਿਕ ਅਤੇ ਵਿਚਾਰਧਾਰਕ ਤੌਰ ਤੇ ਠੋਸ ਹਸਤੀ, ਸਿੱਖ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਬਾਰੇ ਪਰਪੱਕ ਸਮਝ ਦਾ ਹੋਣਾ ਲਾਜ਼ਮੀ ਹੈ। ਜਥੇਦਾਰ ਦੀ ਵਿਅਕਤੀਗਤ ਜੀਵਨ ਦੋਸ਼ ਰਹਿਤ, ਪਰਿਵਾਰ ਅਤੇ ਰਿਸ਼ਤੇਦਾਰ ਸਿੱਖ ਪਰੰਪਰਾਵਾਂ ਵਿੱਚ ਸਾਬਤ ਸੂਰਤ ਹੋਣ ਦੇ ਨਾਲ ਨਾਲ ਉਸਦਾ ਸਮਾਜਿਕ ਵਰਤਾਰਾ ਕਿੰਨਾ ਲੋਕਾਂ ਨਾਲ ਹੈ, ਆਦਿ ਗੱਲਾਂ ਵੀ ਜਥੇਦਾਰ ਦੀ ਹਸਤੀ ਨੂੰ ਠੋਸ ਬਣਾਉਂਦੀਆਂ ਹਨ। ਗੁਰਮਤਿ ਸਿਧਾਂਤ ਅਤੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਜਾਣੇ ਜਾਂਦੇ ਸ੍ਰ. ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰਾਂ ਦੀ ਲੋੜ ਹੈ, ਜਿਨ੍ਹਾਂ ਨੇ ਸਿੱਖ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਕੁਹਾਹਿਤਾਂ ਕਾਰਣ ਕੋਹੜੇ ਮਾਰਨ ਦੀ ਸਜਾ ਦਿੱਤੀ ਸੀ। ਪਰ ਜਥੇਦਾਰ ਦੀ ਨਿਯੁਕਤੀ ਸਮੇਂ ਅਜਿਹੇ ਪਹਿਲੂ ਵਿਚਾਰਨ ਦੀ ਥਾਂ ਸਿੱਖ ਸੰਸਥਾਵਾਂ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰਾਂ ਪ੍ਰਤੀ ਆਮ ਲੋਕਾਂ ਦੀ ਲੋਕਾਂ ਦੀ ਸੋਚ ਅਕਾਲੀ ਦਲ ਅਤੇ ਉਸਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਯੈੱਸ ਮੈਨ ਕਰਕੇ ਹੈ। ਜਥੇਦਾਰ ਨੂੰ ਜ਼ਿੰਮੇਵਾਰੀ ਤੋਂ ਮੁਕਤ ਵੀ ਇਸ ਤਰਾਂ ਕੀਤਾ ਜਾਂਦਾ ਹੈ ਜਿਵੇਂ ਕੋਈ ਜੱਟ ਆਪਣੇ ਸੀਰੀ ਨੂੰ ਕੰਮ ਤੋਂ ਹਟਾਉਂਦਾ ਹੈ। ਸ੍ਰੀ ਆਕਲ ਤਖਤ ਤੋਂ ਬੇਲੋੜੇ ਅਤੇ ਵਿਵਾਦਪੂਰਨ ਹੁਕਮਨਾਮੇ ਬਿਨ੍ਹਾ ਸੋਚੇ ਸਮਝੇ ਤੋਂ ਸੁਣਾ ਦਿੱਤੇ ਜਾਂਦੇ ਹਨ , ਸਿੱਖ ਇਨ੍ਹਾਂ ਹੁਕਮਨਾਮਿਆਂ ਨੂੰ ਕਿੰਨਾ ਕੁ ਮੰਨਦੇ ਹਨ, ਇਸਦੀ ਪੜਚੋਲ ਕੋਈ ਮਹੱਤਵ ਨਹੀਂ ਰੱਖਦੀ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਵਾਪਰਿਆ। ਸਿੱਖਾਂ ਨੂੰ ਵਾਰ ਵਾਰ ਇਹੀ ਦੁਹਾਈ ਦਿੱਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਿਸਾਹ ਦਾ ਬਣਾਇਆ ਹੋਇਆ ਪਰ ਇਸ ਪਹਿਲੂ ਤੇ ਕੋਈ ਗ਼ੌਰ ਨਹੀਂ ਕਿ ਇਹ ਸਭ ਉਦੋਂ ਹੀ ਅਰਥਸ਼ੀਲ ਬਣੇਗਾ, ਜਦੋਂ ਵਰਤਮਾਨ ਸਮੇਂ ਵਿੱਚ ਜਥੇਦਾਰ ਦੀ ਸ਼ਖ਼ਸੀਅਤ ਆਮ ਸਿੱਖਾਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਵੇਗੀ। ਕਿਉਂਕਿ ਛੇਵੇਂ ਪਾਤਿਸਾਹ ਸਮੇਂ ਉਨ੍ਹਾਂ ਦਾ ਵਿਅਕਤੀਗਤ ਜੀਵਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਸੀ ਕਿ ਆਮ ਸਿੱਖ ਉਨ੍ਹਾਂ ਵੱਲ ਖਿੱਚੇ ਚਲੇ ਜਾਂਦੇ ਸੀ।
ਵਿਚਾਰਨਯੋਗ ਗੱਲ ਹੈ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿੰਨੀ ਵੱਡੀ ਪਰੰਪਰਾ ਅਤੇ ਸੁਨਾਰਿਹੀ ਇਤਿਹਾਸ ਹੈ, ਪਰ ਵਰਤਮਾਨ ਵਿੱਚ ਜਥੇਦਾਰ ਦੀ ਕਮਜ਼ੋਰ ਸ਼ਖ਼ਸੀਅਤ ਅਤੇ ਚੋਣ ਵਿਧੀ ਸਹੀ ਨਾ ਹੋਣ ਕਾਰਣ ਡੇਰਾਵਾਦ ਤੇਜ਼ੀ ਨਾਲ ਫੈਲ ਰਿਹਾ ਹੈ ਜਦਕਿ ਡੇਰਿਆਂ ਦਾ ਸਿਧਾਂਤ ਅਤੇ ਸੋਚ ,ਸਿੱਖ ਸਿਧਾਂਤਾਂ ਅਤੇ ਫ਼ਿਲਾਸਫ਼ੀ ਦੇ ਨੇੜੇ ਤੇੜੇ ਵੀ ਨਹੀ ਹੈ। ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਇਹੀ ਹੈ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਵਿਹਾਰਕ ਤੌਰ ਤੇ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾ ਸਕੇ। ਮੌਜੂਦਾ ਦੌਰ ਵਿੱਚ ਅਸੀਂ ‘ਗਰੀਬ ਦਾ ਮੂੰਹ,ਗੁਰੂ ਦੀ ਗੋਲਕ’,ਕਿਰਤੀਆਂ ਕੰਮੀਆਂ-ਕਮੀਨੀਆਂ ਦੇ ਸਿਰ ਪਾਤਿਸਾਹੀ ਸਜਾਉਣ ਦੇ ਸੰਕਲਪ ਤੋਂ ਮੂੰਹ ਮੋੜ ਲਿਆ ਹੈ। ਬੇਸ਼ੱਕ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਅੰਦਰਲਾ ਪੱਖ ਨਕਾਰਤਮਕ, ਨਿੰਦਣਯੋਗ ਅਤੇ ਸ਼ਰਮਨਾਕ ਹੈ ਪਰ ਉਸਦਾ ਬਾਹਰੀ ਖੱਖ ਬੇਹੱਦ ਸਕਾਰਾਤਮਿਕ ਅਤੇ ਮਜ਼ਬੂਤ ਹੈ, ਜਿਸ ਕਾਰਣ ਗਰੀਬ ਸਿੱਖ ਵੀ ਡੇਰੇ ਦੇ ਪੈਰੋਕਾਰ ਬਣ ਗਏ। ਖ਼ੂਨਦਾਨ,ਅੰਗ ਦਾਨ,ਪੌਦੇ ਲਗਾਉਣ ਵਰਗੇ ਸਮਾਜ ਭਲਾਈ ਦੇ ਕੰਮਾਂ ਵਿੱਚ ਡੇਰਾ ਸਿਰਸਾ ਦੇ ਨਾਂ ਕੁੱਲ 53 ਰਿਕਾਰਡ ਦਰਜ ਹਨ, ਜਿਨ੍ਹਾਂ ਵਿੱਚ ਗਿੰਨੀਜ ਬੁੱਕ ਵਰਲਡ ਰਿਕਾਰਡ ਵਿੱਚ 17 ਰਿਕਾਰਡ,ਏਸ਼ੀਆ ਬੁੱਕ ਰਿਕਾਰਡ ਵਿੱਚ 17,ਇੰਡੀਆ ਬੁੱਕ ਰਿਕਾਰਡ ਵਿੱਚ 7 ਅਤੇ ਲਿਮਕਾ ਬੁੱਕ ਰਿਕਾਰਡ ਵਿੱਚ 2 ਰਿਕਾਰਡ ਜ਼ਿਕਰਯੋਗ ਹੈ। ਅਜਿਹੇ ਕਿਹੜੇ ਕੰਮ ਹਨ ਜੋ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਤਾਂ ਕਰ ਸਕਦਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰ ਸਕਦੀ ਹੋਵੇ। ਜੇਕਰ ਅਸੀਂ ਸਿੱਖ ਧਰਮ ਵਿੱਚ ਆ ਚੁੱਕੀਆਂ ਗਿਰਵਟਾਂ ਅਤੇ ਡੇਰਾਵਾਦ ਦੇ ਫੈਲਾਓ ਦੀ ਸੱਚੀ ਪੜਚੋਲ ਨਹੀਂ ਕਰਦੇ ਤਾਂ ਅਸੀ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਡੇਰਾ ਮੁਖੀ ਰਾਮ ਰਹੀਮ ਨੂੰ ਸਜਾ ਹੋਣ ’ਤੇ ਖ਼ੁਸ਼ ਹੋਈ ਜਾਣ ਨਾ ਕੁੱਝ ਨਹੀਂ ਹੋਣ ਲੱਗਿਆ। ਪੰਜਾਬ ਅੰਦਰ ਹੋਰ ਵੀ ਸੈਂਕੜੇ ਡੇਰੇ ਹਨ,ਜਿਨ੍ਹਾਂ ਦੀ ਆਪਣੀ ਵੱਖਰੀ ਪਰੰਪਰਾ ਹੈ, ਇਹੀ ਲੋਕ ਕਿਸੇ ਹੋਰ ਡੇਰੇ ਦੇ ਪੈਰੋਕਾਰ ਬਣ ਜਾਣਗੇ। ਜਿਸ ਤਰਾਂ ਸਿੱਖ ਗੁਰੂ ਸਾਹਿਬਾਨ ਨੇ ਕੰਮੀਆਂ, ਕਿਰਤੀਆਂ ਨੂੰ ਆਪਣੀ ਹਿੱਕ ਨਾਲ ਲਾਇਆ, ਇੱਜ਼ਤ, ਮਾਣ-ਸਨਮਾਨ ਅਤੇ ਪਾਤਿਸਾਹੀਆ ਬਖ਼ਸ਼ੀਆਂ, ਉਸੇ ਤਰਾਂ ਹੀ ਮੌਜੂਦਾ ਦੌਰ ਵਿੱਚ ਕਾਰਜ ਵਿੱਢਣ ਦਾ ਲੋੜ ਹੈ। ਇਕੱਲੇ ਸੰਗਮਰਮਰ ਦੇ ਗੁਰੂਘਰ ਉਸਾਰਨ ਨਾਲ ਸਿੱਖੀ ਦਾ ਪ੍ਰਚਾਰ ਨਹੀ ਹੋਣ ਲੱਗਿਆ ਸਗੋਂ ਸਾਨੂੰ ਆਪਣੇ ਜੀਵਨ ਵਿੱਚ ਸਿੱਖੀ ਨੂੰ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਦੀ ਸਿੱਖਿਆ ਦੇ ਨਾਲ ਨਾਲ ਕੁੱਲ ਸਿੱਖਿਆ, ਰਾਜਨੀਤਿਕ-ਸੱਭਿਆਚਾਰਕ ਗਿਆਨ, ਨੈਤਿਕ ਕਦਰਾਂ ਕੀਮਤਾਂ ਤੋਂ ਇਲਾਵਾ ਗਰੀਬ ਸਿੱਖਾਂ ਦੀ ਸਾਰ ਲੈਣ ਦੀ ਲੋੜ ਹੈ। ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ 11 ਸੌ ਕਰੋੜ ਰੂਪੈ ਦਾ ਸਾਲਾਨਾ ਬਜਟ ਦਾ ਕਿੰਨਾ ਪੈਸੇ ਗਰੀਬ ਸਿੱਖਾਂ ਦੀ ਭਲਾਈ ਲਈ ਵਰਤਦੀ ਹੈ ?
ਪੰਜਾਬੀ ਗੀਤ ‘ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ’ ਵਾਂਗ ਸਾਨੂੰ ਡੇਰਾ ਸਿਰਸਾ ਦੇ ਚੰਗੇ ਮਾੜੇ ਕਾਰਜਾਂ ਦੀ ਪੜਚੋਲ ਕਰਨੀ ਚਾਹੀਦੀ ਹੈ। ਮਾੜਿਆਂ ਨੂੰ ਛੱਡ ਦੇਣਾ ਚਾਹੀਦਾ ਅਤੇ ਚੰਗਿਆਂ ਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰ ਲੈਣਾ ਚਾਹੀਦਾ ਹੈ। ਦੁਖੀ ਅਤੇ ਨਿਰਾਸ ਮਨੁੱਖ ਆਸਰਾ ਭਾਲਦਾ, ਜਿੱਥੋਂ ਵੀ ਉਸਨੂੰ ਪਿਆਰ ਜਾਂ ਸਤਿਕਾਰ ਮਿਲਦਾ ਹੈ ਤਾਂ ਉਹ ਭਾਵਨਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ। ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਡੇਰਾ ਸਿਰਸਾ ਵਿੱਚ ਆਸਥਾ ਵੀ ਇਸ ਵਰਤਾਰੇ ਦਾ ਸਿੱਟਾ ਹੈ। ਡੇਰਿਆਂ ਨੇ ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਸਵਾਰ ਦਿੱਤੀਆਂ,ਉਨ੍ਹਾਂ ਲਈ ਉਹ ਸਦਾ ਹੀ ਆਸਥਾ ਦਾ ਕੇਂਦਰ ਰਹਿਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਜਾਤਾਂ ਧਰਮਾਂ ਦੇ ਲੋਕ ਖ਼ੁਦ ਮਜ਼ਦੂਰੀ ਕਰਕੇ ਘੰਟਿਆਂ ਵਿੱਚ ਹੀ ਕਿਸੇ ਬੇਘਰ ਦਾ ਘਰ ਬਣਾ ਕੇ ਚਲੇ ਜਾਂਦੇ ਹਨ। ਡੇਰਾ ਸਿਰਸਾ ਅੰਦਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਨਸਾ ਰਹਿਤ ਹੁੰਦੇ ਹਨ। ਪਰ ਕੀ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਸੂਬੇ ਅੰਦਰ ਦਸ ਹਜਾਰ ਲੋਕਾਂ ਦਾ ਇਕੱਠ ਕਰ ਸਕਦੀ ਜਿੰਨਾਂ ਬਾਰੇ ਦਾਅਵਾ ਕੀਤਾ ਜਾ ਸਕੇ ਕਿ ਇਹ ਸਾਰੇ ਲੋਕ ਨਸਾ ਰਹਿਤ ਹਨ। ਬਿਲਕੁਲ ਨਹੀਂ ਕਿਉਂਕਿ ਅਸੀਂ ਇਨ੍ਹਾਂ ਸਮਾਜਿਕ ਪਹਿਲੂਆਂ ਵੱਲ ਧਿਆਨ ਹੀ ਨਹੀਂ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਣ ਡੇਰਿਆਂ ਵਿੱਚ ਆਸਥਾ ਰੱਖਣ ਵਾਲੇ ਗਰੀਬ ਲੋਕਾਂ ਨੂੰ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਦੀ ਅਪੀਲ ਦਾ ਸਵਾਗਤ ਕਰਨਾ ਬਣਦਾ ਹੈ ਪਰ ਕੀ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਉਹ ਸਾਰੇ ਕਾਰਣ ਜਾਂ ਘਾਟਾਂ ਦੂਰ ਕਰ ਲਈਆਂ ਹਨ, ਜਿਸ ਕਰਕੇ ਗਰੀਬ ਲੋਕ ਸਿੱਖੀ ਦੀ ਥਾਂ ਡੇਰਿਆਂ ਦੇ ਪੈਰੋਕਾਰ ਬਣ ਗਏ ਸਨ ? ਸਿੱਖ ਧਰਮ ਦੀ ਨੀਂਹ ਅਸਲ ਵਿੱਚ ਗਰੀਬ ਕਿਰਤੀ ਲੋਕਾਂ ਦੀ ਪੁੱਛ ਪ੍ਰਤੀਤ ਬਹਾਲ ਕਰਨ ਅਤੇ ਬਣਦਾ ਮਾਣ ਸਤਿਕਾਰ ਦੇਣ ਦੇ ਮੰਤਵ ਨਾਲ ਰੱਖੀ ਗਈ ਸੀ। ਜਾਤੀ ਮੁਕਤ ਅਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਿਰਜਣਾ ਗੁਰੂ ਸਾਹਿਬਾਨ ਦਾ ਮੁੱਖ ਟੀਚਾ ਸੀ। ਇਹੀ ਕਾਰਣ ਹੈ ਕਿ ਸਿੱਖ ਇਤਿਹਾਸ ਅੰਦਰ ਕਿਰਤੀ ਲੋਕਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਮਿਲਦਾ ਹੈ। ਪਰ ਮੌਜੂਦਾ ਦੌਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅੱਜ ਤੱਕ ਸਮਾਜਿਕ ਅਤੇ ਆਰਥਿਕ ਤੌਰ ਤੇ ਹਾਸੀਆਂ ਤੇ ਧੱਕੇ ਗਏ ਗਰੀਬ ਸਿੱਖਾਂ ’ਚੋਂ ਨਿਯੁਕਤ ਨਹੀਂ ਕੀਤਾ ਗਿਆ। ਕਿਸੇ ਗਰੀਬ ਸਿੱਖ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸਿਆਸੀ ਧਿਰ ਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ ? ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਨ ਵਾਲੇ ਗੁਰੂ ਘਰਾਂ ਅੰਦਰ ਕਿੰਨੇ ਮੈਨੇਜਰ ਦਲਿਤ ਵਰਗ ਨਾਲ ਸਬੰਧਿਤ ਹਨ ? ਜਦੋਂ ਇਸਾਈ ਆਪਣੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮੁਫ਼ਤ ਪੜਾਈ ਦਾ ਪ੍ਰਬੰਧ ਕਰ ਸਕਦੇ ਹਨ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ? ਮੈਂ ਅਕਸਰ ਹੀ ਗੁਰੂ ਘਰਾਂ, ਬੱਸ ਜਾਂ ਟਰੇਨ ਅਤੇ ਹੋਰ ਜਨਤਕ ਥਾਵਾਂ ਤੇ ‘ਸਿੱਖ ਦੀ ਕੋਈ ਜਾਤ ਨਹੀ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ’ਦਾ ਸਲੋਗਨ ਲਿਖਿਆ ਪੜਦਾ ਹਾਂ ਪਰ ਇਸਨੂੰ ਗੰਭੀਰਤਾ ਨਾਲ ਵਿਚਾਰ ਕਰਿਉ। ਕਿਉਂਕਿ ਅਜੋਕੇ ਦੌਰ ਵਿੱਚ ਤਾਂ ਸਿੱਖਾਂ ਦੀ ਜਾਤ ਹੈ, ਗੋਤ ਹਨ। ਇੰਨਾ ਹੀ ਨਹੀਂ ਸਿੱਖਾਂ ਨੂੰ ਆਪਣੀ ਅਖੌਤੀ ਜਾਤ ਅਤੇ ਗੋਤ ’ਤੇ ਮਾਣ ਹੈ। ਬੜੇ ਹੀ ਸਾਨ੍ਹੋ ਸ਼ੌਕਤ ਨਾਲ ਆਪਣੀਆਂ ਮਹਿੰਗੀਆਂ ਗੱਡੀਆਂ ਕਾਰਾਂ ’ਤੇ ਗੋਤ ਅਤੇ ਜਾਤ ਦਾ ਦਿਖਾਵਾ ਕਰਦੇ ਹਾਂ। ਪਰ ਅਸਲ ਵਿੱਚ ਇਹ ਵਿਖਾਵਾ ਨਹੀਂ ਹੈ ਸਗੋਂ ਸਾਡਾ ਇਹ ਸਾਬਤ ਕਰਨ ਦਾ ਢੰਗ ਹੈ ਕਿ ਅਸੀਂ ਨੀਚ ਮੰਨੀਆਂ ਜਾਣ ਵਾਲੀਆਂ ਅਖੌਤੀ ਜਾਤਾਂ ਵਿੱਚ ਪੈਦਾ ਨਹੀਂ ਹੋਏ। ਸਾਡੀ ਕੁੱਲ ਉ¤ਚੀ ਹੈ, ਸਾਡੀ ਜਾਤ ਉ¤ਚੀ ਹੈ, ਅਸੀ ਇਹ ਦੱਸਣ ਲਈ ਆਪਣੀ ਜਾਤ ਅਤੇ ਗੋਤ ਦਾ ਪ੍ਰਚਾਰ ਕਰਦੇ ਹਾਂ। ਫਿਰ ਸਿੱਖੀ ਕਿੱਥੇ ਰਹਿ ਗਈ? ਜੇ ਅਜੇ ਵੀ ਮੇਰਾ ਦਾਅਵਾ ਓਪਰਾ ਲੱਗਦਾ ਹੋਵੇ ਤਾਂ ਸਨਿੱਚਰਵਾਰ ਅਤੇ ਐਤਵਾਰ ਦੇ ਪੰਜਾਬੀ ਅਖ਼ਬਾਰ ਚੁੱਕ ਕੇ ਰਿਸ਼ਤਿਆਂ ਦੀ ਲੋੜ ਵਾਲੇ ਪੰਨੇ ’ਤੇ ਨਜ਼ਰ ਮਾਰਿਓ,ਇਨ੍ਹਾਂ ਅਖ਼ਬਾਰਾਂ ਅੰਦਰ ਵਰ ਜਾਂ ਕੰਨ੍ਹਿਆਂ ਦੀ ਲੋੜ ਵਾਲੇ ਕਾਲਮਾਂ ਵਿੱਚ ਤੁਹਾਨੂੰ ਜੱਟ ਸਿੱਖ, ਰਮਦਾਸੀਆ ਸਿੱਖ, ਮਜ਼੍ਹਬੀ ਸਿੱਖ ਆਦਿ ਤਾਂ ਮਿਲ ਜਾਣਗੇ ਪਰ ਜੇਕਰ ਕੋਈ ਗੁਰੂ ਦਾ ਸਿੱਖ ਮਿਲਿਆ ਤਾਂ ਦੱਸਿਓ ਜ਼ਰੂਰ।