ਸਾਰਾਗੜ੍ਹੀ ਦੀ ਲੜਾਈ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਾਰਨਾਮਿਆਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ, ਜਿਸ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਫ਼ੌਜੀਆਂ ਨੇ ਅਫ਼ਗਾਨੀ ਕਬਾਇਲੀਆਂ ਦੇ ਦੰਦ ਖੱਟੇ ਕੀਤੇ ਉਸ ਨਾਲ ਸਿੱਖਾਂ ਦੀ ਆਭਾ ਵਿਚ ਵਾਧਾ ਹੀ ਨਹੀਂ ਹੋਇਆ ਸਗੋਂ ਅੰਗਰੇਜ਼ ਜਰਨੈਲਾਂ ਨੂੰ ਸਿੱਖਾਂ ਦੀ ਬਹਾਦਰੀ ਦੀ ਈਨ ਮੰਨਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਅਖਾਣ ਸੱਚੀ ਸਾਬਤ ਹੋਈ ਕਿਉਂਕਿ ਅੰਗਰੇਜ਼ ਸਿੱਖ ਫ਼ੌਜਾਂ ਨੂੰ ਹਮੇਸ਼ਾ ਸਭ ਤੋਂ ਔਖੀ ਅਤੇ ਖ਼ਤਰਨਾਕ ਚੌਕੀ ਉਪਰ ਭੇਜਦੇ ਰਹੇ ਅਤੇ ਸਿੱਖ ਫ਼ੌਜੀ ਹਮੇਸਾ ਸਫਲਤਾ ਪ੍ਰਾਪਤ ਕਰਦੇ ਰਹੇ। ਸਿੱਖ ਕੌਮ ਦਾ ਸਿਰ ਮਾਣ ਨਾਲ ਉਦੋਂ ਉਚਾ ਹੋਰ ਹੋ ਗਿਆ ਜਦੋਂ ਯੂਨੈਸਕੋ ਨੇ ਪਿਛਲੇ 2500 ਸਾਲਾਂ ਵਿਚ ਲੜੀਆਂ ਗਈਆਂ ਲੜਾਈਆਂ ਵਿਚੋਂ 6 ਮਹੱਤਵਪੂਰਣ ਲੜਾਈਆਂ ਦੀ ਸੂਚੀ ਵਿਚ ਸਾਰਾਗੜ੍ਹੀ ਦੀ ਲੜਾਈ ਨੂੰ ਸ਼ਾਮਿਲ ਕੀਤਾ ਗਿਆ। ਸਿੱਖ ਧਰਮ ਦੇ ਅਨੁਆਈਆਂ ਵਿਚ ਇੱਕ ਗੁਣ ਹੈ ਕਿ ਉਹ ਜਿਸ ਵੀ ਅਦਾਰੇ ਵਿਚ ਨੌਕਰੀ ਕਰਦੇ ਹਨ, ਹਮੇਸ਼ਾਂ ਉਸ ਅਦਾਰੇ ਦੇ ਵਫ਼ਾਦਾਰ ਰਹਿੰਦੇ ਹਨ, ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਦੀ ਵੀ ਆਹੂਤੀ ਦੇਣੀ ਪਵੇ। ਸਾਰਾਗੜ੍ਹੀ ਦੀ ਲੜਾਈ ਵਿਚ ਵੀ ਉਨ੍ਹਾਂ ਉਸੇ ਵਫ਼ਦਾਰੀ ਦਾ ਸਬੂਤ ਦਿੱਤਾ ਸੀ। ਇਸ ਸਾਲ ਸਾਰਾਗੜ੍ਹੀ ਦੀ ਜੰਗ ਦੀ 120ਵੀਂ ਬਰਸੀ ਮਨਾਈ ਜਾ ਰਹੀ ਹੈ। ਸਿੱਖ ਧਰਮ ਦੁਨੀਆਂ ਦਾ ਸਰਵੋਤਮ ਅਤੇ ਆਧੁਨਿਕ ਧਰਮ ਹੈ, ਜਿਹੜਾ ਪਰਜਾਤੰਤਰਿਕ ਪ੍ਰਣਾਲੀ, ਇਨਸਾਫ, ਬਰਾਬਰਤਾ, ਸਰਬੱਤ ਦਾ ਭਲਾ, ਜਬਰ ਅਤੇ ਜ਼ੁਲਮ ਵਿਰੁਧ ਅਵਾਜ਼ ਬੁ¦ਦ ਕਰਨ ਵਾਲਾ ਅਤੇ ਕਲਿਆਣਕਾਰੀ ਰਾਜ ਪ੍ਰਬੰਧ ਦੇਣ ਦੀ ਵਕਾਲਤ ਕਰਦਾ ਹੈ।
ਸਿੱਖ ਕੌਮ ਸੰਸਾਰ ਵਿਚ ਮਾਰਸ਼ਲ ਕੌਮ ਦੇ ਤੌਰ ਤੇ ਜਾਣੀ ਜਾਂਦੀ ਹੈ। ਜਦੋਂ ਤੋਂ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਅਤੇ ਬਾਬਰ ਦੇ ਜ਼ੁਲਮ ਦੀ ਦਾਸਤਾਨ ਦਾ ਪ੍ਰਗਟਾਵਾ ਗੁਰਬਾਣੀ ਰਾਹੀਂ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਹੱਕ ਤੇ ਸੱਚ ਤੇ ਪਹਿਰਾ ਦਿੰਦਿਆਂ ਜ਼ੁਲਮ ਦਾ ਮੁਕਾਬਲਾ ਕਰਨ ਲਈ ਤਲਵਾਰ ਚੁੱਕਣ ਲਈ ਸਿੱਖ ਕੌਮ ਨੂੰ ਵੰਗਾਰਿਆ ਤੇ ਕਿਹਾ ਕਿ ਸਵਾ ਲੱਖ ਨਾਲ ਇੱਕੋ ਖਾਲਸਾ ਲੜਾਵਾਂਗਾ ਤਦ ਤੋਂ ਹੀ ਸਿੱਖ ਕੌਮ ਮਾਰਸ਼ਲ ਕੌਮ ਵਿਚ ਬਦਲ ਗਈ। ਸਿੱਖ ਕੌਮ ਵਿਚ ਭਾਵੇਂ ਗਦਾਰ ਵੀ ਪੈਦਾ ਹੋਏ ਪ੍ਰੰਤੂ ਬਹੁਤੇ ਸਿੱਖ ਆਪਣੀ ਜ਼ਿੰਮੇਵਾਰੀ, ਕੌਮ ਅਤੇ ਫ਼ਰਜਾਂ ਪ੍ਰਤੀ ਹਮੇਸ਼ਾ ਵਫ਼ਾਦਾਰ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਤਾਂ ਜਿਹੜੇ ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਨੌਕਰੀ ਕਰਦੇ ਸਨ, ਉਨ੍ਹਾਂ ਨੇ ਬਹਾਦਰੀ ਨਾਲ ਸਰਹੱਦਾਂ ਉਪਰ ਦੁਸ਼ਮਣਾ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪ੍ਰੰਤੂ ਕਦੀਂ ਵੀ ਪਿੱਠ ਨਹੀਂ ਵਿਖਾਈ। ਸਿੱਖ ਕੌਮ ਦੀ ਤਰਾਸਦੀ ਇਹੋ ਰਹੀ ਕਿ ਅੰਗਰੇਜ਼ਾਂ ਨੇ ਉਨ੍ਹਾਂ ਦੀ ਕਾਬਲੀਅਤ, ਦਲੇਰੀ, ਹਿੰਮਤ ਅਤੇ ਦ੍ਰਿੜ੍ਹਤਾ ਦਾ ਆਪਣੇ ਲਾਭ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤਾ। ਸਿੱਖ ਪਹਿਲੇ ਅਤੇ ਦੂਜੇ ਸੰਸਾਰ ਜੰਗ ਵਿਚ ਵੀ ਅੰਗਰੇਜ਼ਾਂ ਵੱਲੋਂ ਲੜਦੇ ਰਹੇ। ਹਾਲਾਂ ਕਿ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਅਣਸੁਖਾਵੇਂ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ। ਸਿੱਖਾਂ ਵਿਚ ਇਹ ਬਹਾਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਹੀ ਪੈਦਾ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਲਾਮਬੰਦ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸ਼ਕਤੀ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਸਾਰਾਗੜ੍ਹੀ ਦਾ ਕਿਲ੍ਹਾ ਪਿਸ਼ਾਵਰ ਅਤੇ ਅਫ਼ਗਾਨਿਸਤਾਨ ਦੇ ਦਰਮਿਆਨ ਹੈ। ਏਥੇ ਹੀ ਅੰਗਰੇਜ਼ਾਂ ਨੇ ਇਕ ਪਹਾੜੀ ਉਪਰ ਚੌਕੀ ਬਣਾਈ ਹੋਈ ਸੀ, ਜਿਹੜੀ ਲੋਕਹਾਰਟ ਅਤੇ ਗੁਲਿਸਤਾਂ ਦੇ ਕਿਲਿਆਂ ਤੋਂ ਥੋੜ੍ਹੀ ਦੂਰ ਸੀ। ਉਸ ਚੌਕੀ ਵਿਚ 36ਵੀਂ ਸਿੱਖ ਬਟਾਲੀਅਨ ਦੇ 21 ਸਿੱਖ ਫ਼ੌਜੀ ਤਾਇਨਾਤ ਸਨ। ਇਸ ਬਟਾਲੀਅਨ ਵਿਚ ਸਾਬਤ ਸੂਰਤ ਕੇਸਧਾਰੀ ਸਿੱਖ ਹੀ ਭਰਤੀ ਕੀਤੇ ਜਾਂਦੇ ਸਨ। 12 ਸਤੰਬਰ 1897 ਨੂੰ ਅਚਾਨਕ 12, 000 ਅਫ਼ਗਾਨੀ ਕਬਾਇਲੀਆਂ ਨੇ ਸਾਰਾਗੜ੍ਹੀ ਦੀ ਚੌਕੀ ਉਪਰ ਹਮਲਾ ਕਰ ਦਿੱਤਾ। ਚੌਕੀ ਦੇ ਮੁੱਖ ਦਰਵਾਜੇ ਉਪਰ ਉਸ ਸਮੇਂ ਲਾਭ ਸਿੰਘ ਅਤੇ ਭਗਵਾਨ ਸਿੰਘ ਤਾਇਨਾਤ ਸਨ। ਜਦੋਂ ਇਨਾਂ ਜਾਂਬਾਜ਼ ਫ਼ੌਜੀਆਂ ਨੇ ਮੁੱਖ ਦਰਵਾਜੇ ਰਾਹੀਂ ਗੜ੍ਹੀ ਵਿਚ ਦਾਖ਼ਲ ਹੋਣ ਨਾ ਦਿੱਤਾ ਤਾਂ ਕਬਾਇਲੀ ਅਫਗਾਨਾ ਨੇ ਗੜ੍ਹੀ ਦੀ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ ਜਿਸਨੂੰ ਵੀ ਅਸਫਲ ਬਣਾ ਦਿੱਤਾ। ਕਬਾਇਲੀਆਂ ਨੂੰ ਸ਼ੱਕ ਹੋ ਗਿਆ ਕਿ ਇਸ ਗੜ੍ਹੀ ਵਿਚ ਵਧੇਰੇ ਫ਼ੌਜਾਂ ਹਨ। ਇਸ ਗੜ੍ਹੀ ਤੇ ਕਬਜ਼ਾ ਕਰਕੇ ਅਫਗਾਨੀ ਗੁਲਿਸਤਾਂ ਅਤੇ ਲੋਕ ਹਾਰਟ ਦੇ ਕਿਲਿਆਂ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ। ਲੋਕਹਾਰਟ ਕਿਲੇ ਵਿਚੋਂ ਹੋਰ ਫ਼ੌਜ ਮੰਗਵਾਉਣ ਲਈ ਸੰਦੇਸ਼ ਪਹੁੰਚਾਉਣਾ ਬਹੁਤ ਮੁਸ਼ਕਲ ਸੀ। ਸਿੱਖ ਰਜਮੈਂਟ ਦੇ 21 ਸਿੱਖ ਫ਼ੌਜੀਆਂ ਦੀ ਟੁਕੜੀ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਿਹਾ ਸੀ। ਅਖ਼ੀਰ ਉਨ੍ਹਾਂ ਫ਼ੈਸਲਾ ਕੀਤਾ ਕਿ ਇਕੱਲਾ-ਇਕੱਲਾ ਫ਼ੌਜੀ ਜਵਾਨ ਚੌਕੀ ਤੋਂ ਬਾਹਰ ਜਾ ਕੇ ਦੁਸ਼ਮਣਾਂ ਨਾਲ ਲੋਹਾ ਲਵੇਗਾ ਤਾਂ ਜੋ ਲੜਾਈ ¦ਮੇ ਸਮੇਂ ਤੱਕ ਲੜੀ ਜਾ ਸਕੇ ਅਤੇ ਦੁਸ਼ਮਣ ਸਾਰਾਗੜ੍ਹੀ ਉਪਰ ਕਬਜ਼ਾ ਨਾ ਕਰ ਸਕਣ ਅਤੇ ਇਤਨੀ ਦੇਰ ਨੂੰ ਪਿਛਿਓਂ ਹੋਰ ਫ਼ੌਜ ਦੀ ਟੁਕੜੀ ਪਹੁੰਚ ਸਕੇ। ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਸਿੱਖ ਫ਼ੌਜੀ ਮੁਕਾਬਲਾ ਕਰਦੇ ਰਹੇ। ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ। ਇਕੱਲਾ ਫ਼ੌਜੀ ਜਦੋਂ ਕਬਾਇਲੀਆਂ ਤੇ ਟੁੱਟ ਕੇ ਪੈ ਜਾਂਦਾ ਤਾਂ ਉਨ੍ਹਾਂ ਵਿਚ ਇੱਕ ਵਾਰ ਤਾਂ ਘਬਰਾਹਟ ਪੈਦਾ ਹੋ ਜਾਂਦੀ ਤੇ ਕਈ ਵਾਰ ਉਨ੍ਹਾਂ ਨੂੰ ਪਿੱਛੇ ਹੱਟਣਾ ਪੈਂਦਾ ਸੀ। ਇਸ ਲੜਾਈ ਵਿਚ 1400 ਕਬਾਇਲੀਆਂ ਦਾ ਜਾਨੀ ਨੁਕਸਾਨ ਹੋਇਆ, ਜਿਸ ਕਰਕੇ ਅਫਗਾਨੀਆਂ ਵਿਚ ਹੜਕੰਪ ਮੱਚ ਗਿਆ। ਪ੍ਰੰਤੂ 21 ਸਿੱਖ ਫ਼ੌਜੀਆਂ ਨੇ ਸਵੇਰ ਤੋਂ ਸ਼ਾਮ ਤੱਕ ਅਫ਼ਗਾਨੀ ਕਬਾਇਲੀਆਂ ਨੂੰ ਅੱਗੇ ਵੱਧਣ ਤੋਂ ਰੋਕੀ ਰੱਖਿਆ। ਜਦੋਂ ਅਸਲਾ ਖ਼ਤਮ ਹੋ ਗਿਆ ਤਾਂ ਤਲਵਾਰਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਗਈ ਜਿਸ ਕਰਕੇ ਕਬਾਇਲੀ ਅੱਗੇ ਵੱਧਣੋ ਰੁਕ ਗਏ। ਸਭ ਤੋਂ ਅਖ਼ੀਰ ਵਿਚ ਮੈਦਾਨੇ ਜੰਗ ਵਿਚ ਹਵਾਲਦਾਰ ਈਸ਼ਰ ਸਿੰਘ ਉਤਰਿਆ ਜਿਸਨੇ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ। ਐਨੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੱਖ ਫ਼ੌਜੀਆਂ ਨੇ ਆਤਮ ਸਮਰਪਣ ਕਰਨ ਦੀ ਥਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਠੀਕ ਸਮਝਿਆ। ਜਦੋਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਬਰਤਾਨੀਆਂ ਦੀ ਸੰਸਦ ਵਿਚ ਜਦੋਂ ਇਨ੍ਹਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਜਾਣਕਾਰੀ ਦਿੱਤੀ ਤਾਂ ਮੈਂਬਰਾਂ ਨੇ ਖੜ੍ਹੇ ਹੋ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ ਸਟੈਂਡਿੰਗ ਓਬੇਸ਼ਨ ਦਿੱਤੀ। ਇਨ੍ਹਾਂ ਸਾਰੇ ਸਿੱਖ ਫ਼ੌਜੀਆਂ ਨੂੰ ਮਰਨ ਉਪਰੰਤ ਉਸ ਸਮੇਂ ਦਾ ਸਭ ਤੋਂ ਵੱਡਾ ਅਵਾਰਡ ‘‘ਇੰਡੀਅਨ ਆਰਡਰ ਆਫ਼ ਮੈਰਿਟ’’ ਪ੍ਰਦਾਨ ਕੀਤਾ ਗਿਆ। ਉਦੋਂ ਅਜੇ ਵਿਕਟੋਰੀਆ ਕਰਾਸ ਸ਼ੁਰੂ ਨਹੀਂ ਸੀ ਹੋਇਆ। ਇਹ ਅਵਾਰਡ ਵਿਕਟੋਰੀਆ ਕਰਾਸ ਅਤੇ ਭਾਰਤੀ ਅਵਾਰਡ ਪਰਮਵੀਰ ਚਕਰ ਦੇ ਬਰਾਬਰ ਹੈ।
ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਚੌਕੀ ਦੇ ਸਾਰੇ ਦੇ ਸਾਰੇ 21 ਫ਼ੌਜੀਆਂ ਨੂੰ ਅਜਿਹਾ ਅਵਾਰਡ ਦਿੱਤਾ ਗਿਆ ਹੋਵੇ। ਇਹ ਸਾਰੇ ਫ਼ੌਜੀ ਫਿਰੋਜਪੁਰ ਜਿਲ੍ਹੇ ਦੇ ਸਨ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਨੇ ਆਪਣੀ ਅਮੀਰ ਵਿਰਾਸਤ ਉਪਰ ਪੂਰੀ ਤਰ੍ਹਾਂ ਪਹਿਰਾ ਨਹੀਂ ਦਿੱਤਾ ਅਤੇ ਨਾ ਹੀ ਸਿੱਖਾਂ ਨੂੰ ਇਨ੍ਹਾਂ ਕੁਰਬਾਨੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਯੂਰਪ ਵਿਚ ਸਾਰੇ ਸਕੂਲਾਂ ਵਿਚ ਸਾਰਾਗੜ੍ਹੀ ਦੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਲੇਬਸ ਵਿਚ ਸ਼ਾਮਲ ਕਰਕੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਹੁਣ ਤੱਕ ਜਿਤਨੀਆਂ ਵੀ ਲੜਾਈਆਂ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਹੋਈ ਹੈ, ਉਨ੍ਹਾਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪਾ ਕੇ ਸ਼ਲਾਘਾਯੋਗ ਯੋਗਦਾਨ ਸਿੱਖਾਂ ਦਾ ਰਿਹਾ ਹੈ। ਸਿੱਖ ਸਿਰਫ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਹੀ ਉਸਾਰਦੇ ਰਹੇ ਹਨ ਪ੍ਰੰਤੂ ਕੋਈ ਅਜਿਹੀ ਯਾਦਗਾਰ ਨਹੀਂ ਬਣਾਉਂਦੇ ਜਿਸ ਤੋਂ ਸਾਡੀ ਆਉਣ ਵਾਲੀ ਨੌਜਵਾਨੀ ਪ੍ਰੇਰਨਾ ਲੈ ਕੇ ਆਪਣੀ ਵਿਰਾਸਤ ਤੇ ਮਾਣ ਕਰ ਸਕੇ ਅਤੇ ਨਾ ਹੀ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਗਿਆਨੀ ਜ਼ੈਲ ਸਿੰਘ ਨੇ ਫਿਰੋਜਪੁਰ ਵਿਚ ਪਹਿਲੀ ਵਿਸ਼ਵ ਜੰਗ ਸੰਬੰਧੀ ‘‘ਐਂਗਲੋ ਸਿੱਖ ਮਿਊਜ਼ੀਅਮ’’ ਬਣਵਾਇਆ ਸੀ, ਉਹ ਵੀ ਅਣਵੇਖੀ ਦਾ ਸ਼ਿਕਾਰ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਕੂਲਾਂ ਦੇ ਸਲੇਬਸ ਵਿਚ ਇਹ ਲੜਾਈ ਦੀ ਪੜ੍ਹਾਈ ਕਰਵਾਉਣਗੇ। ਜਦੋਂ ਅੰਗਰੇਜ਼ਾਂ ਨੇ ਇਨਾਂ ਬਹਾਦਰ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਤਾਂ ਸਿੱਖਾਂ ਨੇ ਗੁਰਦੁਆਰਾ ਬਣਾਉਣ ਦੀ ਸਲਾਹ ਦਿੱਤੀ। ਜਿਸ ਕਰਕੇ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਦੋ ਗੁਰਦੁਆਰੇ ਉਸਾਰੇ ਗਏ। ਚਾਹੀਦਾ ਤਾਂ ਇਹ ਹੈ ਕਿ ਆਧੁਨਿਕ ਤਕਨੀਕ ਵਾਲੇ ਅਜਾਇਬ ਘਰ ਬਣਾਏ ਜਾਂਦੇ ਜਿਨ੍ਹਾਂ ਵਿਚ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਇਲੈਕਟਰਾਨਿਕ ਪ੍ਰਣਾਲੀ ਰਾਹੀਂ ਦਰਸਾਈਆਂ ਜਾਣ। ਹੁਣ ਜ਼ਮਾਨਾ ਤਕਨਾਲੋਜੀ ਦਾ ਹੈ। ਹੁਣ ਤੱਕ ਦੋ ਦਰਜਨ ਯਾਦਗਾਰਾਂ ਪੰਜਾਬ ਵਿਚ ਬਣਾਈਆਂ ਗਈਆਂ ਹਨ ਜਿਹੜੀਆਂ ਸਰਕਾਰਾਂ ਦੀ ਅਣਵੇਖੀ ਕਰਕੇ ਗਰਦਸ਼ ਵਿਚ ਹਨ। ਸਿਰਫ ਇੱਕ ਯਾਦਗਾਰ ਵਿਰਾਸਤ-ਏ-ਖਾਲਸਾ ਦੀ ਵੇਖ ਭਾਲ ਸਰਕਾਰ ਸੁਚੱਜੇ ਢੰਗ ਨਾਲ ਕਰ ਰਹੀ ਹੈ। ਸਰਕਾਰਾਂ ਉਹ ਕੰਮ ਕਰਦੀਆਂ ਹਨ ਜਿਨ੍ਹਾਂ ਨਾਲ ਵੋਟਾਂ ਵਟੋਰੀਆਂ ਜਾ ਸਕਣ। ਬਾਬਾ ਬੰਦਾ ਬਹਾਦਰ ਅਤੇ ਛੋਟੇ ਤੇ ਵੱਡੇ ਘਲੂਘਾਰੇ ਦੀਆਂ ਯਾਦਗਾਰਾਂ ਬਣਾਉਣਾ ਵੀ ਚੰਗੀ ਗੱਲ ਹੈ ਪ੍ਰੰਤੂ ਇਹ ਆਧੁਨਿਕ ਤਕਨੀਕ ਨਾਲ ਨਹੀਂ ਬਣਾਈਆਂ ਗਈਆਂ। ਜੇਕਰ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪ੍ਰੰਤੂ ਸਿੱਖ ਇਤਿਹਾਸਕਾਰ ਇਸ ਪ੍ਰਤੀ ਅਵੇਸਲੇ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਅੰਗਰੇਜ਼ ਇਤਿਹਾਸਕਾਰਾਂ ਨੇ ਸਿੱਖਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਗਰਤ ਕੀਤਾ ਜਾਵੇ ਕਿਉਂਕਿ ਪੰਜਾਬ ਵਿਚ ਬਹੁਤੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਸਾਰਾਗੜ੍ਹੀ ਦੀ ਜੰਗ ਵਿਚ ਸਿੱਖਾਂ ਦੀ ਬਹਾਦਰੀ ਬਾਰੇ ਜਾਣਕਾਰੀ ਹੀ ਨਹੀਂ ਹੈ। ਹੁਣ ਪਰਵਾਸ ਵਿਚ ਇਟਲੀ, ਇੰਗਲੈਂਡ ਅਤੇ ਕੈਨੇਡਾ ਵਿਚ ਉਥੋਂ ਦੀਆਂ ਸਰਕਾਰਾਂ ਨੇ ਸਿੱਖ ਫ਼ੌਜੀਆਂ ਦੇ ਯੋਗਦਾਨ ਨੂੰ ਮੁੱਖ ਰਖਦਿਆਂ ਯਾਦਗਾਰਾਂ ਉਸਾਰੀਆਂ ਹਨ ਜੋ ਕਿ ਸਿੱਖ ਜਗਤ ਲਈ ਸ਼ੁਭ ਸੰਕੇਤ ਹਨ। ਸਾਡੀਆਂ ਸਰਕਾਰਾਂ ਅਤੇ ਸਿੱਖ ਜਗਤ ਕਿਉਂ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਹ ਸਮਝ ਤੋਂ ਬਾਹਰ ਹੈ? ਪੰਜਾਬ ਵਿਚ ਇਕ ਕਿਸਮ ਨਾਲ ਸਿੱਖ ਰਾਜ ਹੀ ਰਿਹਾ ਹੈ। ਫੀਰੋਜਪੁਰ ਵਿਖੇ ਸਾਰਾਗੜ੍ਹੀ ਯਾਦਗਾਰ ਟਰੱਸਟ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਹੋਈ ਹੈ ਜਿਥੇ ਹਰ ਸਾਲ 12 ਸਤੰਬਰ ਨੂੰ ਸਾਬਕਾ ਫ਼ੌਜੀ ਇਕੱਤਰ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਇਥੇ ਸਿੱਖ ਰੈਜਮੈਂਟ ਵੱਲੋਂ ਇਸ ਦਿਵਸ ਨੂੰ ‘‘ ਰੈਜੀਮੈਂਟਲ ਬੈਟਲ ਆਨਰਜ਼ ਡੇ’’ ਦੇ ਤੌਰ ਤੇ ਮਨਾਇਆ ਜਾਂਦਾ ਹੈ।
ਇਸ ਵਾਰ ਫਿਰੋਜਪੁਰ ਅਤੇ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਦੇ ਸਮਾਗਮਾਂ ਵਿਚ ਇੰਗਲੈਂਡ ਅਤੇ ਫਰਾਂਸ ਤੋਂ ਰਾਇਲ ਆਰਮੀ ਦੇ 14 ਅਧਿਕਾਰੀ ਡੁਨਕੈਨ ਕੈਂਪਸ ਦੀ ਅਗਵਾਈ ਵਿਚ ਹਿੱਸਾ ਲੈ ਰਹੇ ਹਨ। ਪੰਜਾਬ ਅਤੇ ਲੰਦਨ ਵਿਚ ਸਾਰਾਗੜ੍ਹੀ ਫਾਊਂਡੇਸ਼ਨ ਬਣੀ ਹੋਈ ਹੈ ਜਿਸਦੇ 5 ਸਰਪਰਸਤ ਹਨ ਜਿਨ੍ਹਾਂ ਵਿਚੋਂ 3 ਸਰਪਰਸਤ ਪੰਜਾਬੀ ਸਿੱਖ ਹਨ ਅਤੇ 2 ਅੰਗਰੇਜ਼ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਦਨ ਵਾਲੀ ਫਾਊਂਡੇਸ਼ਨ ਦੇ ਸਰਪਰਸਤ ਹਨ ਜਿਹੜੇ 1965 ਦੀ ਭਾਰਤ ਪਾਕਿ ਜੰਗ ਦੌਰਾਨ ਸਿੱਖ ਰਜਮੈਂਟ ਵਿਚ ਸੇਵਾ ਕਰ ਰਹੇ ਸਨ। ਇਸ ਸਾਲ ਉਨ੍ਹਾਂ ਨੇ ਇੰਗਲੈਂਡ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ 3 ਦਿਨਾ ਦੇ ਸਾਰਾਗੜ੍ਹੀ ਯਾਦਗਾਰੀ ਸਮਾਗਮ ਰੱਖੇ ਹਨ। ਇਨ੍ਹਾਂ ਤਿੰਨਾਂ ਸਮਾਗਮਾ ਵਿਚ ਕੈਪਟਨ ਅਮਰਿੰਦਰ ਸਿੰਘ ਹਿੱਸਾ ਲੈਣਗੇ ਅਤੇ 12 ਸਤੰਬਰ ਨੂੰ ਲੰਦਨ ਵਿਖੇ ਉਨ੍ਹਾਂ ਵਲੋਂ ਸਾਰਾਗੜ੍ਹੀ ਦੀ ਜੰਗ ਬਾਰੇ ਅੰਗਰੇਜ਼ੀ ਵਿਚ ਲਿਖੀ ਪੁਸਤਕ‘‘ਦੀ 36 ਸਿੱਖਸ ਇਨ ਦਾ ਤਿਹਰਾ ਕੰਪੇਨ 1897-98 ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦਾ ਸਮਾਨਾ ਫੋਰਟਸ’’ ਜਾਰੀ ਕੀਤੀ ਜਾਵੇਗੀ। 9 ਸਤੰਬਰ ਨੂੰ ਇੱਕ ਪੋਲੋ ਮੈਚ ‘ ਰੁਆਇਲ ਸਾਰਾਗੜ੍ਹੀ ਚੈਲੰਜ ਕੱਪ-2017’ ਖੇਡਿਆ ਗਿਆ ਅਤੇ 10 ਸਤੰਬਰ ਨੂੰ ਸਾਰਾਗੜ੍ਹੀ ਦੇ ਫ਼ੌਜੀਆਂ ਦੀ ਯਾਦਗਾਰ ਤੇ ਸਮਾਗਮ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਕਦਮ ਚੁੱਕਣਾ ਸਿੱਖ ਫ਼ੌਜੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸੰਸਾਰ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸੋਹਿਲੇ ਗਾਏ ਜਾਣਗੇ। ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ। ਪੰਜਾਬ ਸਰਕਾਰ ਨੇ 12 ਸਤੰਬਰ ਦੀ ਛੁੱਟੀ ਕਰਨ ਦਾ ਜੋ ਫੈਸਲਾ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ