ਨਵੀਂ ਦਿੱਲੀ : ਗੁਰੂਗ੍ਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ’ਚ ਬੀਤੇ ਦਿਨੀਂ ਕਥਿਤ ਤੌਰ ’ਤੇ ਯੋਨ ਸ਼ੋਸ਼ਣ ਤੋਂ ਬਾਅਦ ਸਕੂਲ ’ਚ ਕਤਲ ਕੀਤੇ ਗਏ ਮਾਸੂਮ ਵਿਦਿਆਰਥੀ ਪ੍ਰਦੁੰਮਨ ਦੀ ਮੌਤ ਦੇ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ’ਚ ਆ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਉੱਚਪੱਧਰੀ ਬੈਠਕ ਨੂੰ ਸੰਬੋਧਿਤ ਕੀਤਾ।
ਇਸ ਬੈਠਕ ’ਚ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਸਾਰੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ। ਜੀ. ਕੇ. ਨੇ ਪ੍ਰਿੰਸੀਪਲਾਂ ਨੂੰ ਬੱਚਿਆਂ ਦੀ ਸੁਰੱਖਿਆ ’ਚ ਕੋਈ ਕੋਤਾਹੀ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਸਕੂਲ ਦੇ ਸੁਰੱਖਿਆ ਤੰਤਰ ’ਚ ਮੌਜੂਦ ਖਾਮੀਆਂ ਨੂੰ ਤੁਰੰਤ ਠੀਕ ਕਰਨ ਦੀ ਹਿਦਾਇਤ ਦਿੱਤੀ।
ਸਕੂਲ ਸੁਰੱਖਿਆ ਲਈ ਜਰੂਰੀ ਸੀ. ਸੀ. ਟੀ. ਵੀ. ਦੀ ਵਿਵਸਥਾ, ਸਕੂਲ ਕਰਮਚਾਰੀਆਂ ਦੇ ਵਿਵਹਾਰ ਦੀ ਪੁਲਿਸ ਤਫ਼ਤੀਸ਼ ਅਤੇ ਸ਼ੱਕੀ ਅਨਸਰਾਂ ਨੂੰ ਸਕੂਲ ’ਚ ਨਾ ਆਉਣ ਦੇਣ ਜਿਹੇ ਸਖ਼ਤ ਆਦੇਸ਼ ਦਿੰਦੇ ਹੋਏ ਜੀ. ਕੇ।. ਨੇ ਸਾਫ਼ ਕਿਹਾ ਕਿ ਮਾਤਾ-ਪਿਤਾ ਵੱਲੋਂ ਜਦੋਂ ਬੱਚਿਆਂ ਨੂੰ ਸਕੂਲ ਬਸ ਜਾਂ ਵੈਨ ’ਚ ਸਕੂਲ ਵੱਲ ਰਵਾਨਾ ਕੀਤਾ ਜਾਂਦਾ ਹੈ ਤਾਂ ਵਾਪਿਸ ਬੱਚਿਆਂ ਦੇ ਘਰਾਂ ਤਕ ਸੁਰੱਖਿਅਤ ਪਹੁੰਚਣ ਤਕ ਸਾਡੀ ਜਿੰਮੇਵਾਰੀ ਬਣਦੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੂਕ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।