ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਰਬ ਲੋਕਾਈ ਨੂੰ ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨ ਦਾ ਉਪਦੇਸ਼ ਦਿੱਤਾ, ਉਥੇ ਨਾਲ ਹੀ ਸਦੀਆਂ ਤੋਂ ਗੁਲਾਮਾਂ ਦੀ ਜ਼ਿੰਦਗੀ ਜਿਉਣ ਵਾਲੀ ਔਰਤ ਨੂੰ ਸਮਾਜ ਵਿੱਚ ਉਸਦਾ ਬਣਦਾ ਸਨਮਾਨ ਦਿਵਾਇਆਂ ਅਤੇ ਰਾਜਿਆਂ, ਯੋਧਿਆਂ, ਭਗਤਾਂ ਦੀ ਜਨਨੀ ਕਹਿਕੇ ਮਾਣ ਬਖਸ਼ਿਆ, ਇਹ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੇ ਗੁਰਪੁਰਬ ਮੌਕੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਅਜੌਕੇ ਜੀਵਨ ਵਿੱਚ ਗੁਰੂ ਮਹਾਰਾਜ ਦੇ ਸਬੰਧਤ ਦਿਹਾੜੇ ਮਨਾਉਣੇ ਤਦ ਹੀ ਸਫਲੇ ਹਨ ਜੇਕਰ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਗੁਰੂ ਮਹਾਰਾਜ ਨੇ ਪਰਿਵਾਰਕ ਜੀਆਂ ਦੇ ਮੋਹ ਤੋਂ ਉਪਰ ਉਠ ਕੇ ਸੇਵਾ ਦੇ ਪਾਂਧੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ।
ਇਸ ਮੌਕੇ ’ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੰਗਤਾਂ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਭੰਡਿਆ, ਜ਼ਾਲਮ ਦੇ ਜ਼ੁਲਮਾਂ ਨੂੰ ਵੰਗਾਰਦਿਆਂ ਬਾਬਰ ਤੱਕ ਨੂੰ ਜਾਬਰ ਕਹਿ ਕੇ ਲਲਕਾਰਿਆ। ਅੱਜ ਸੰਸਾਰ ਦੇ ਜੋ ਮੰਦੇ ਹਾਲਾਤ ਬਣੇ ਹੋਏ ਹਨ ਇਹ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ਾਂ ’ਤੇ ਅਮਲ ਕਰਨ ਨਾਲ ਹੀ ਖਤਮ ਹੋ ਸਕਦੇ ਹਨ। ਉਨ੍ਹਾਂ ਨੇ ਉਸ ਸਮੇਂ ਹੀ ਕਿਹਾ ਕਿ ਆਪਸੀ ਚਰਚਾ ਤੇ ਸੰਵਾਦ ਕਰਕੇ ਹੀ ਵੱਡੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ, ਜਿਸ ਸਿਧਾਂਤ ਦੀ ਵਰਤੋਂ ਅਜੋਕੀ ਯੂਨਾਈਟਡ ਨੇਸ਼ਨ ਅਮਲ ਵਿੱਚ ਲਿਆ ਰਹੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਸਾਲ 2019 ਵਿੱਚ ਵੱਡੇ ਪੱਧਰ ’ਤੇ ਮਨਾਉਣ ਦੀ ਜਾਣਕਾਰੀ ਵੀ ਸੰਗਤਾਂ ਨੂੰ ਦਿੱਤੀ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਕੁਲਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਉਸ ਦਾ ਤੁਲਨਾਮਿਕ ਅਧਿਐਨ ਕਰਨ ਚਾਹੀਦਾ ਹੈ। ਉਮਰ ਵਿੱਚ ਭਾਵੇਂ ਸਿੱਖ ਧਰਮ ਸਭ ਧਰਮਾਂ ਨਾਲ ਛੋਟਾ ਹੈ ਉਸ ਸਿਧਾਂਤਕ ਤੌਰ ’ਤੇ ਇਸ ਦੀ ਸਰਬਵਿਆਪਕ ਹੋਂਦ ਸਾਰੇ ਵਿਸ਼ਵ ਵਿੱਚ ਫੈਲੀ ਰਹੀ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਦਾਸੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਤੇ ਅੱਜ ਸਿੱਖੀ ’ਤੇ ਹੋਣ ਵਾਲੇ ਮਾਰੂ ਹਮਲਿਆਂ ਪ੍ਰਤੀ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕੀਤੀ। ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਸਰਾਧਾਂ ਦੇ ਭਰਮ ਭੁਲੇਖਿਆਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਦਿਨ ਪੂਰੇ ਪਰਿਵਾਰ ਨਾਲ ਜਪੁਜੀ ਸਾਹਿਬ ਜਾਂ ਕਿਸੇ ਹੋਰ ਬਾਣੀ ਦਾ ਪਾਠ ਕਰਨ ਦਾ ਸੁਝਾਅ ਦਿੱਤਾ।
ਇਸ ਮੌਕੇ ’ਤੇ ਸ੍ਰ. ਹਰਭਜਨ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸੋਨੇ ਦਾ ਖੰਡਾ ਭੇਟ ਕੀਤਾ ਗਿਆ ਅਤੇ ਦਿੱਲੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰਮਤਿ ਸਮਾਗਮ ਵਿੱਚ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਕਵੀਂ ਸੱਜਣਾਂ ਨੇ ਕਵਿਤਾਵਾਂ ਰਾਹੀਂ ਗੁਰੂ ਜੱਸ ਗਾਇਨ ਕੀਤਾ। ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ, ਸਾਬਕਾ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ। ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ, ਮੈਂਬਰ ਹਰਵਿੰਦਦਰ ਸਿੰਘ ਕੇ।ਪੀ।, ਕਰਤਾਰ ਸਿੰਘ ਚਾਵਲਾ ਨੇ ਵੀ ਹਾਜ਼ਰੀਆਂ ਭਰੀਆਂ।