ਨਵੀਂ ਦਿੱਲੀ – ਭਾਰਤ-ਪਾਕਿਸਤਾਨ ਦਰਮਿਆਨ 1965 ਵਿੱਚ ਹੋਈ ਜੰਗ ਦੇ ਹੀਰੋ ਚੀਫ਼ ਮਾਰਸ਼ਲ ਅਰਜਨ ਸਿੰਘ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਆਰਮੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਸ਼ਨਿਚਰਵਾਰ ਸ਼ਾਮ ਦੇ ਸਾਢੇ ਸਤ ਵਜੇ ਉਨ੍ਹਾਂ ਨੇ ਆਪਣੇ ਆਖਰੀ ਸਵਾਸ ਪੂਰੇ ਕੀਤੇ। ਸ੍ਰ. ਅਰਜਨ ਸਿੰਘ ਭਾਰਤੀ ਹਵਾਈ ਸੈਨਾ ਦੇ ਕੇਵਲ ਅਜਿਹੇ ਇੱਕ ਅਫ਼ਸਰ ਸਨ, ਜਿੰਨ੍ਹਾਂ ਨੂੰ ਫੀਲਡ ਮਾਰਸ਼ਲ ਦੇ ਬਰਾਬਰ ਅਹੁਦਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਫਾਈਵ ਸਟਾਰ ਰੈਂਕ ਵੀ ਦਿੱਤਾ ਗਿਆ ਸੀ।
2016 ਵਿੱਚ ਪੱਛਮੀ ਬੰਗਾਲ ਦੇ ਪਾਨਾਗੜ੍ਹ ਏਅਰਬੇਸ ਦਾ ਨਾਮ ਬਦਲ ਕੇ ਅਰਜਨ ਸਿੰਘ ਏਅਰਬੇਸ ਰੱਖ ਦਿੱਤਾ ਗਿਆ ਸੀ। ਉਨ੍ਹਾਂ ਦੇ 97ਵੇਂ ਜਨਮਦਿਨ ਤੇ ਪਾਨਾਗੜ੍ਹ ਨੂੰ ਉਨ੍ਹਾਂ ਦਾ ਨਾਮ ਦਿੱਤਾ ਗਿਆ ਸੀ। ਉਹ ਪਹਿਲੇ ਸੈਨਾ ਚੀਫ਼ ਸਨ ਜਿੰਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਜਿਊਂਦੇ ਜੀਅ ਕਿਸੇ ਏਅਰਬੇਸ ਦਾ ਨਾਮ ਰੱਖਿਆ ਗਿਆ ਹੈ। ਭਾਰਤੀ ਸੈਨਾ ਦੇ ਲਈ ਮਿਸਾਲ ਪੇਸ਼ ਕਰਨ ਵਾਲੇ ਇਸ ਜਾਂਬਾਜ਼ ਨੇ 1965 ਵਿੱਚ ਸੱਭ ਤੋਂ ਨੌਜਵਾਨ ਹਵਾਈ ਸੈਨਾ ਪ੍ਰਮੁੱਖ ਦੇ ਰੂਪ ਵਿੱਚ ਜਿੰਮੇਵਾਰੀ ਸੰਭਾਲੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 44 ਸਾਲ ਸੀ। ਉਨ੍ਹਾਂ ਨੇ 1965 ਵਿੱਚ ਪਾਕਿਸਤਾਨ ਦੇ ਖਿਲਾਫ਼ ਯੁੱਧ ਵਿੱਚ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਸੀ। ਉਨ੍ਹਾਂ ਨੂੰ ਪਦਮ ਵਿਭੂਸ਼ਣ ਅਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਦਾ ਜਨਮ ਪੰਜਾਬ ਦੇ ਲਾਇਲਪੁਰ ਵਿੱਚ 15 ਅਪਰੈਲ 1919 ਨੂੰ ਹੋਇਆ ਸੀ। ਇਹ ਇਲਾਕਾ ਹੁਣ ਪਾਕਿਸਤਾਨ ਵਿੱਚ ਹੈ ਅਤੇ ਅੱਜਕਲ੍ਹ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 1938 ਵਿੱਚ 19 ਸਾਲ ਦੀ ਉਮਰ ਵਿੱਚ ਆਰਏਐਫ ਕਰੇਨਵੇਲ ਵਿੱਚ ਉਨ੍ਹਾਂ ਨੂੰ ਐਮਪਾਇਰ ਪਾਈਲਟ ਟਰੇਨਿੰਗ ਦੇ ਲਈ ਸਲੈਕਟ ਕੀਤਾ ਗਿਆ ਸੀ। ਆਪਣੇ ਗੌਰਵਸ਼ਾਲੀ ਕੈਰੀਅਰ ਵਿੱਚ ਉਨ੍ਹਾਂ ਨੇ 60 ਵੱਖ-ਵੱਖ ਤਰ੍ਹਾਂ ਦੇ ਜਹਾਜ਼ ਉਡਾਏ ਸਨ। ਅਰਜਨ ਸਿੰਘ ਨੇ ਸਵਿਟਜਰਲੈਂਡ ਵਿੱਚ ਰਾਜਦੂਤ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। 1989 ਵਿੱਚ ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਦਾ ਅਹੁਦਾ ਦਿੱਤਾ ਗਿਆ ਸੀ।