ਮੈਨੂੰ ਅੱਜ ਤੁਹਾਡੀ ਮਾਨਸਿਕ ਹਾਲਤ ਪਤਾ ਹੈ। ਤੁਸੀਂ ਆਪਣੇ ਘਰਾਂ ਦੇ ਹਨੇਰੇ ਖੂੰਜਿਆਂ ਵਿੱਚ ਲੱਗ ਕੇ ਰੋ ਰਹੇ ਹੋੇ। ਤੁਹਾਡਾ ਮੁਖੀ, ਜਿਸ ਨ ਤੁਸੀਂ ਗੁਰੂ ਜੀ ਜਾਂ ਪਿਤਾ ਜੀ ਕਹਿੰਦੇ ਸੀ ਉਸ ਨੇ ਤੁਹਾਡਾ ਸਿਰ ਨੀਵਾਂ ਕਰ ਦਿੱਤਾ ਹੈ। ਤੁਹਾਨੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। ਥਾਂ-ਥਾਂ ਤੇ ਤੁਸੀਂ ਮਜ਼ਾਕ ਦੇ ਪਾਤਰ ਬਣ ਗਏ ਹੋ। ਅਜਿਹੀਆਂ ਹਾਲਤਾਂ ਵਿੱਚੋਂ ਤੁਸੀਂ ਬਾਹਰ ਨਿਕਲ ਸਕਦੇ ਹੋ। ਇਸ ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਆਪਣੀ ਜ਼ਿੰਦਗੀ ਦੀ ਜਵਾਨੀ ਦੇ ਦਸ-ਵੀਹ ਵਰ੍ਹੇ ਡੇਰੇ ਨੂੰ ਸਮਰਪਿਤ ਕੀਤੇ ਸਨ। ਪਰ ਤੁਹਾਡੇ ਮੁਖੀ ਨੇ ਤੁਹਾਨੂੰ ਆਹ ਦਿਨ ਦਿਖਾ ਦਿੱਤੇ ਹਨ।
ਇਸ ਸਬੰਧੀ ਮੈਂ ਇੱਕ ਪਰਿਵਾਰ ਨੂੰ ਮਿਲਿਆ। ਉਹ ਕਹਿਣ ਲੱਗਿਆ ਕਿ ‘‘ਅਸੀਂ ਤਾਂ ਪਤੰਗ ਸਾਂ। ਅਸੀਂ ਤਾਂ ਆਪਣੀ ਜ਼ਿੰਦਗੀ ਦੀ ਡੋਰ ਉਸ ਮੁਖੀ ਨੂੰ ਫੜਾਈ ਹੋਈ ਸੀ। ਹੁਣ ਉਹ ਸਾਨੂੰ ਦਗਾ ਦੇ ਗਿਆ ਹੈ ਤੇ ਸਾਡੀ ਡੋਰ ਟੁੱਟ ਗਈ ਹੈ, ਅਸੀਂ ਭਟਕ ਗਏ ਹਾਂ। ਹੁਣ ਸਾਡਾ ਕੀ ਬਣੇਗਾ?’’
ਮੈਂ ਲਗਭਗ ਘੰਟਾ ਕੁ ਉਸ ਪਰਿਵਾਰ ਨਾਲ ਗੱਲਾਂ ਕੀਤੀਆਂ। ਮੇਰੀ ਰਿਸ਼ਤੇਦਾਰੀ ’ਚੋਂ ਮੇਰੇ ਨਾਲ ਜੁੜਿਆ ਹੋਇਆ ਪਰਿਵਾਰ ਸੀ। ਉਨ੍ਹਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ। ਮੈਂ ਸੋਚਿਆ ਕਿਉਂ ਨਾ ਤੁਹਾਡੇ ਵੱਡੇ ਪਰਿਵਾਰ ਨਾਲ ਮੈਂ ਇਸ ਵਿਸ਼ੇ ਤੇ ਗੱਲਬਾਤ ਕਰਾਂ। ਤੁਹਾਡੇ ਜਖ਼ਮਾਂ ਤੇ ਥੋੜੀ ਬਹੁਤ ਮੱਲ੍ਹਮ-ਪੱਟੀ ਲਾਵਾਂ। ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਹੋਣ ਤਾਂ ਜ਼ਰੂਰ ਦੱਸ ਦਿਉ। ਨਹੀਂ ਤਾਂ ਇੰਨ੍ਹਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਓ। ਇਹ ਕੋਈ ਧਾਰਮਿਕ ਗ੍ਰੰਥ ਤਾਂ ਹੈ ਨਹੀਂ ਕਿ ਇਨ੍ਹਾਂ ਦੀ ਬੇਅਦਬੀ ਹੋ ਜਾਵੇਗੀ।
ਸਾਲ 2002 ਵਿੱਚ ਅਸੀਂ ਆਪਣੀ ਜਾਨ ਤੇ ਖੇਲ੍ਹ ਕੇ ਤੁਹਾਡੀਆਂ ਅੱਖਾਂ ਤੇ ਬੰਨ੍ਹੀਆਂ ਪੱਟੀਆਂ ਨੂੰ ਖੋਲ੍ਹਣ ਦਾ ਯਤਨ ਕੀਤਾ ਸੀ ਪਰ ਮੁਖੀ ਨੇ ਆਪਣੇ ਸਵਾਰਥ ਲਈ ਅਜਿਹਾ ਹੋਣ ਨਾ ਦਿੱਤਾ।
ਜਿਵੇਂ ਕਿ ਧਰਤੀ ਤੇ ਵਸਣ ਵਾਲੇ ਮਨੁੱਖ, ਹਰੇਕ ਸੰਸਥਾ, ਹਰੇਕ ਸਮਾਜ, ਹਰੇਕ ਆਸ਼ਰਮ ਵਿੱਚ ਕੁੱਝ ਗੁਣ ਚੰਗੇ ਹੁੰਦੇ ਹਨ ਅਤੇ ਕੁੱਝ ਮਾੜੇ ਹੁੰਦੇ ਹਨ। ਚੰਗੇ ਜਾਂ ਮਾੜੇ ਗੁਣਾਂ ਲਈ ਸਾਡੇ ਮਾਪੇ, ਸਾਡੇ ਅਧਿਆਪਕ, ਸਾਡਾ ਸਮਾਜ, ਸਾਡਾ ਆਲਾ-ਦੁਆਲਾ ਹੀ ਜ਼ਿੰਮੇਵਾਰ ਹੁੰਦਾ ਹੈ। ਅਸੀਂ ਆਪਣੇ ਮਾਂ-ਪਿਓ ਤੋਂ ਇੱਕ-ਇੱਕ ਸੈਲ ਲੈ ਕੇ ਆਪਣੀ ਸ਼ੁਰੂਆਤ ਮਾਂ ਦੇ ਪੇਟ ਵਿੱਚ ਹੀ ਕਰਦੇ ਹਾਂ। ਸਾਡੀ ਮਾਂ ਦੀ ਖਾਧੀ ਹੋਈ ਖੁਰਾਕ ਵਿੱਚੋਂ ਕੁੱਝ ਖੁਰਾਕ ਉਨ੍ਹਾਂ ਸੈਲਾਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸੈਲ ਵਧਣੇ ਸ਼ੁਰੂ ਹੋ ਜਾਂਦੇ ਹਨ। ਕੁੱਝ ਸਮੇਂ ਬਾਅਦ ਸੈਲ ਟੁੱਟ ਕੇ ਦੋ ਹੋ ਜਾਂਦੇ ਹਨ। ਇਹ ਦੋ ਸੈਲ ਸਮੇਂ ਦੇ ਸੰਖੇਪ ਵਕਫ਼ੇ ਵਿੱਚ ਦੋ ਤੋਂ ਚਾਰ ਹੋ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਸੈਲਾਂ ਦੀ ਗਿਣਤੀ ਹੌਲੀ-ਹੌਲੀ ਕਰੋੜਾਂ ਵਿੱਚ ਹੋ ਜਾਂਦੀ ਹੈ। ਲਗਭਗ 280 ਦਿਨਾਂ ਬਾਅਦ ਅਸੀਂ ਮਾਂ ਦੇ ਪੇਟ ਵਿੱਚੋਂ ਬਾਹਰ ਆ ਜਾਂਦੇ ਹਾਂ ਅਤੇ ਖੇਤਾਂ ਵਿੱਚੋਂ ਪੈਦਾ ਹੋਈ ਖੁਰਾਕ ਬਾਹਰੋਂ ਲੈਣੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡਾ ਵਿਕਾਸ ਤੇ ਵਾਧਾ ਹੁੰਦਾ ਰਹਿੰਦਾ ਹੈ। ਲਗਭਗ ਚਾਲੀ ਸਾਲ ਦੀ ਉਮਰ ਤੱਕ ਜਿੰਨੇ ਸੈਲ ਹਰ ਰੋਜ ਬਣਦੇ ਹਨ, ਲਗਭਗ ਉਨੇ ਹੀ ਮਰ ਜਾਂਦੇ ਹਨ। 40-50 ਸਾਲ ਦੀ ਉਮਰ ਤੱਕ ਇਨ੍ਹਾਂ ਦੀ ਗਿਣਤੀ ਲਗਭਗ ਸਾਵੀਂ ਰਹਿੰਦੀ ਹੈ। 50 ਸਾਲ ਤੋਂ ਬਾਅਦ ਇਹ ਗਿਣਤੀ ਘਟਣਾ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਹੌਲੀ-ਹੌਲੀ ਸਾਡੀ ਕੋਈ ਮਹੱਤਵਪੂਰਨ ਅੰਗ ਪ੍ਰਣਾਲੀ ਜਵਾਬ ਦੇ ਜਾਂਦੀ ਹੈ। ਇਸ ਤਰ੍ਹਾਂ ਅਸੀਂ ਮੌਤ ਨੂੰ ਪਿਆਰੇ ਹੋ ਜਾਂਦੇ ਹਾਂ। ਸਾਨੂੰ ਸਿਵਿਆਂ ਵਿੱਚ ਲਿਜਾ ਕੇ ਫੂਕ ਦਿੱਤਾ ਜਾਂਦਾ ਹੈ। ਸਾਡੇ ਸਰੀਰ ਵਿੱਚੋਂ ਪੈਦਾ ਹੋਈ ਗਰਮੀ ਅਤੇ ਗੈਸਾਂ ਮੁੜ ਖੇਤਾਂ ਨੂੰ ਵਾਪਸ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਚੱਕਰ ਚਲਦਾ ਰਹਿੰਦਾ ਹੈ।
ਤੁਹਾਡੇ ਡੇਰਾ ਮੁਖੀ ਦਾ ਜੀਵਨ ਚੱਕਰ ਵੀ ਇਹੀ ਹੈ ਤੇ ਇਹ ਹੀ ਹੋਵੇਗਾ। ਉਹ ਵੀ ਆਮ ਇਨਸਾਨ ਹੀ ਹੈ। ਹਰੇਕ ਇਨਸਾਨ ਦੀਆਂ ਕੁੱਝ ਜਰੂਰਤਾਂ ਹੁੰਦੀਆਂ। ਜਿਵੇਂ ਖੁਰਾਕ ਸਾਡੀ ਸਭ ਤੋਂ ਜਰੂਰੀ ਲੋੜ ਹੈ, ਇਸ ਤੋ ਬਗੈਰ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਕਾਮ ਵੀ ਹਰੇਕ ਵਿਅਕਤੀ ਦੀ ਦੂਜੀ ਵੱਡੀ ਜ਼ਰੂਰਤ ਹੈ। ਭਾਵੇਂ ਇਸ ਤੋਂ ਬਗੈਰ ਜਿਉਂਦੇ ਰਿਹਾ ਜਾ ਸਕਦਾ ਹੈ ਪਰ ਫਿਰ ਵੀ ਖੁਰਾਕ ਤੋਂ ਬਾਅਦ ਇਹ ਦੂਜੀ ਵੱਡੀ ਲੋੜ ਹੈ। ਤੁਹਾਡਾ ਡੇਰਾ ਮੁਖੀ ਬਣਾਉਣ ਸਮੇਂ ਇਹ ਜ਼ਰੂਰੀ ਸ਼ਰਤ ਸੀ ਕਿ ਤੁਹਾਡਾ ਮੁਖੀ ਕਾਮ ਦਾ ਤਿਆਗ ਕਰਦਾ। ਇਸ ਤੋਂ ਪਹਿਲਾਂ ਤੁਹਾਡੇ ਡੇਰਾ ਮੁਖੀਆਂ ਨੇ ਇਹ ਤਿਆਗ ਕੀਤਾ ਵੀ ਸੀ। ਪਰ 1990 ਤੋਂ ਬਾਅਦ ਤੁਹਾਡੀਆਂ ਅੱਖਾਂ ਸਾਹਮਣੇ ਇਹ ਆਪਣੇ ਪਰਿਵਾਰ ਨੂੰ ਤਾਂ ਅਲਵਿਦਾ ਕਹਿ ਆਇਆ ਪਰ ਇਹ ਕਾਮ ਨਾ ਤਿਆਗ ਸਕਿਆ। ਜਿਵੇਂ ਹੁੰਦਾ ਹੈ – ਜੇ ਤੁਹਾਨੂੰ ਖੁਰਾਕ ਨਰੋਈ ਮਿਲਦੀ ਰਹੇ ਤਾਂ ਤੁਹਾਡੀ ਕਾਮ ਇੱਛਾ ਵੀ ਜਿਆਦਾ ਹੋ ਜਾਂਦੀ ਹੈ। ਮੈਂ ਤਰਕਸ਼ੀਲ ਲਹਿਰ ਦੇ 33 ਵਰ੍ਹਿਆਂ ਦੇ ਤਜ਼ਰਬੇ ਵਿੱਚ ਇਸ ਸਿੱਟੇ ਤੇ ਪੁੱਜਿਆ ਹਾਂ ਕਿ ਕੋਈ ਵੀ ਚੰਗੀ ਖੁਰਾਕ ਖਾਣ ਵਾਲਾ ਮਨੁੱਖ ਤੁਹਾਡੀਆਂ ਅੱਖਾਂ ਤੇ ਪਰਦਾ ਪਾ ਕੇ ਬੇਸ਼ੱਕ ਤੁਹਾਨੂੰ ਬ੍ਰਹਮਚਾਰੀ ਕਹੀ ਜਾਵੇ ਪਰ ਜੇ ਉਸਨੂੰ ਆਲੇ-ਦੁਆਲੇ ਵਿੱਚੋਂ ਕਾਮ ਤ੍ਰਿਪਤੀ ਲਈ ਵਸੀਲਾ ਮਿਲ ਜਾਂਦਾ ਹੈ ਤਾਂ ਉਹ ਇਸਦਾ ਜ਼ਰੂਰ ਇਸਤੇਮਾਲ ਕਰਦਾ ਹੈ। ਤੁਹਾਡੇ ਡੇਰਾ ਮੁਖੀ ਨੇ ਵੀ ਇਹੀ ਗਲਤੀ ਕੀਤੀ ਹੈ। ਫਿਰ ਉਹ ਗਲਤੀਆਂ ਲਗਾਤਾਰ ਕਰਦਾ ਰਿਹਾ ਤੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਉਹ ਤੁਹਾਨੂੰ ਹਿੰਸਾ ਕਰਨ ਦੇ ਆਦੇਸ਼ ਦਿੰਦਾ ਰਿਹਾ ਹੈ। ਕਿਉਂਕਿ ਤੁਸੀਂ ਆਪਣੇ ਗੁਰੂ ਲਈ ਸਿਰ ਦੇ ਵੀ ਸਕਦੇ ਸੀ ਤੇ ਸਿਰ ਲੈ ਵੀ ਸਕਦੇ ਸੀ। ਤੁਸੀਂ ਇਸ ਮਾਮਲੇ ਵਿੱਚ ਉਸ ਦੇ ਕਹਿਣ ਤੇ ਕੁੱਝ ਵਿਅਕਤੀਆਂ ਦੇ ਸਿਰ ਲੈ ਵੀ ਲਏ। ਇਸ ਅਸਲੀਅਤ ਨੂੰ ਛੁਪਾਇਆ ਨਹੀਂ ਜਾ ਸਕਦਾ। ਤੁਹਾਡੇ ਬਾਬੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਜਿਹੜੀ ਗਊ ਜਾਂ ਮੱਝ ਦਾ ਦੁੱਧ ਪੀਂਦਾ ਸੀ ਉਸ ਮੱਝ ਨੂੰ ਤਾਂ ਖੁਰਾਕ ਵਿੱਚ ਬਦਾਮ ਪਾਏ ਜਾਂਦੇ ਸਨ।
ਤੁਸੀਂ ਉਸ ਡੇਰੇ ਤੋਂ ਕੁੱਝ ਚੰਗੇ ਗੁਣ ਵੀ ਪ੍ਰਾਪਤ ਕੀਤੇ ਹਨ। ਚੰਗੇ ਗੁਣ ਕਿਸੇ ਦੀ ਮਾਂ ਦੀ ਜਾਇਦਾਦ ਤਾਂ ਹੁੰਦੇ ਨਹੀਂ। ਤੁਸੀਂ ਸਾਦਗੀ, ਇਮਾਨਦਾਰੀ ਅਤੇ ਮਿਹਨਤ ਕਰਨ ਦੇ ਗੁਣ ਡੇਰੇ ਵਾਲੇ ਸਮਾਜ ਵਿੱਚੋਂ ਪ੍ਰਾਪਤ ਕੀਤੇ ਹਨ। ਪਰ ਇਹ ਕੋਈ ਜਰੂਰੀ ਨਹੀਂ ਕਿ ਇਹ ਗੁਣ ਤੁਹਾਡੇ ਵਿੱਚ ਹੀ ਹੋਣ। ਕੀ ਇਹ ਗੁਣ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ? ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਦੁਨੀਆਂ ਦੇ ਅਰਬਾਂ ਲੋਕਾਂ ਕੋਲ ਇਹ ਗੁਣ ਪਹਿਲਾਂ ਹੀ ਹਨ। ਉਨ੍ਹਾਂ ਨੇ ਤੁਹਾਡੇ ਡੇਰੇ ਤੋਂ ਪ੍ਰਾਪਤ ਨਹੀਂ ਕੀਤੇ। ਉਨ੍ਹਾਂ ਨੂੰ ਇਹ ਗੁਣ ਉਨ੍ਹਾਂ ਦੇ ਮਾਪਿਆਂ ਤੇ ਸਮਾਜ ਚੋਂ ਮਿਲੇ ਹਨ।
ਮੈਨੂੰ ਕਿਸੇ ਗੁਰੂਦੁਆਰੇ ਦੇ ਅਪਾਹਜ ਗ੍ਰੰਥੀ ਦਾ ਇੰਗਲੈਂਡ ਤੋਂ ਫੋਨ ਆਇਆ। ਉਹ ਕਹਿਣ ਲੱਗਿਆ, ‘ਮੈਂ ਤਾਂ ਪਹਿਲਾਂ ਹੀ ਪੋਲੀਓ ਦਾ ਮਰੀਜ਼ ਸਾਂ, ਹੁਣ ਐਕਸੀਡੈਂਟ ਵਿੱਚ ਮੇਰੀ ਲੱਤ ਟੁੱਟ ਗਈ ਹੈ। ਮੈਂ ਲੰਡਨ ਦੇ ਕਿਸੇ ਹਸਪਤਾਲ ਵਿੱਚ ਦਾਖਲ ਹਾਂ। ਇਸ ਹਸਪਤਾਲ ਦੀਆਂ ਨਰਸਾਂ ਮੈਨੂੰ ‘ਜਵਾਈਆਂ’ ਨਾਲੋਂ ਵੀ ਵਧੀਆ ਢੰਗ ਨਾਲ ਰੱਖਦੀਆਂ ਹਨ। ਇੱਥੇ ਮੇਰੀ ਕੋਈ ਵੀ ਜਾਤ ਧਰਮ ਹੋਵੇ, ਉਨ੍ਹਾਂ ਲਈ ਮੈਂ ਸਿਰਫ਼ ਤੇ ਸਿਰਫ਼ ਮਰੀਜ਼ ਹਾਂ। ਕਿਹਾ ਜਾਂਦਾ ਹੈ ਸਾਡਾ ਦੇਸ਼ ਗੁਰੂਆਂ-ਪੀਰਾਂ ਦਾ ਮੁਲਕ ਹੈ ਪਰ ਇੰਗਲੈਂਡ ਦੀਆਂ ਨਰਸਾਂ ਨੇ ਮੇਰੇ ਜੀਵਨ ਨੂੰ ਸਵਰਗ ਬਣਾ ਰੱਖਿਆ ਹੈ। ਸਾਡੇ ਪੀਰ-ਫਕੀਰ ਉਨ੍ਹਾਂ ਦੀ ਕੀ ਰੀਸ ਕਰਨਗੇ। ਪਰ ਫਿਰ ਵੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਗੁਣ ਨਾਲ ਹੀ ਰੱਖਣੇ ਚਾਹੀਦੇ ਹਨ।
ਤੁਸੀਂ ਆਪਣੇ ਸਾਥੀ ਪ੍ਰੇਮੀਆਂ ਦੀ ਮੱਦਦ ਜੀਅ ਤੋੜ ਕੇ ਕਰਦੇ ਰਹੇ ਹੋ। ਇਸ ਪਿਰਤ ਨੂੰ ਨਾਲ ਰੱਖਿਓ ਤੇ ਇਸ ਦਾ ਘੇਰਾ ਹੋਰ ਵਿਸ਼ਾਲ ਕਰਿਓ। ਤੁਹਾਡੇ ਆਲੇ-ਦੁਆਲੇ ਕੋਈ ਕਿਸੇ ਵੀ ਧਰਮ, ਦੇਸ਼ ਅਤੇ ਜਾਤ ਦਾ ਕੋਈ ਵਿਅਕਤੀ ਜੇਕਰ ਕਿਸੇ ਮੁਸੀਬਤ ਵਿੱਚ ਹੈ, ਉਸਦੇ ਦੁੱਖਾਂ ਨੂੰ ਵੰਡਾਉਣ ਜਾਂ ਘਟਾਉਣ ਦਾ ਯਤਨ ਜ਼ਰੂਰ ਕਰਦੇ ਰਹੋ। ਤੁਸੀਂ ਖੂਨ ਦਾਨ, ਨੇਤਰ ਦਾਨ, ਅੰਗ ਦਾਨ, ਸਰੀਰ ਦਾਨ ਦੀ ਵਧੀਆ ਪਿਰਤ ਡੇਰੇ ਤੋਂ ਵਗੈਰ ਵੀ ਕਰ ਸਕਦੇ ਹੋ। ਮੈਨੂੰ ਪਤਾ ਹੈ ਕਿ ਤੁਸੀਂ ਹਰ ਸਾਲ ਆਪਣੀਆਂ ਜੇਬਾਂ ਨੂੰ ਗੱਠਾਂ ਦੇ ਕੇ ਵੀ ਡੇਰੇ ਲਈ ਪੰਜ ਦਸ ਹਜ਼ਾਰ ਰੁਪਇਆ ਖਰਚ ਕਰਦੇ ਰਹੇ ਹੋ। ਖਰਚ ਦੀ ਇਹ ਪਿਰਤ ਜਾਰੀ ਰਹਿਣੀ ਚਾਹੀਦੀ ਹੈ। ਪਰ ਤੁਹਾਡਾ ਮੂੰਹ ਸਿਰਸੇ ਵੱਲੋਂ ਮੁੜ ਕੇ ਕਪੂਰਥਲੇ ਵੱਲ ਨੂੰ ਹੋ ਜਾਣਾ ਚਾਹੀਦਾ ਹੈ। ਕਪੂਰਥਲੇ ਏਸ਼ੀਆ ਦਾ ਸਭ ਤੋਂ ਵੱਡਾ ਵਿਗਿਆਨਕ ਕੇਂਦਰ ਹੈ। ਜਿਸ ਨੂੰ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ’ ਕਿਹਾ ਜਾਂਦਾ ਹੈ। ਬ੍ਰਹਿਮੰਡ ਦੀ ਪੈਦਾਇਸ਼, ਜੀਵ ਉ¤ਤਪਤੀ ਤੋਂ ਮਨੁੱਖ ਤੱਕ ਦਾ ਸਫ਼ਰ ਅਤੇ ਸਰੀਰਕ ਬਣਤਰ ਤੁਸੀਂ ਇੱਕ ਦੋ ਚੱਕਰਾਂ ਵਿੱਚ ਸਿੱਖ ਸਕਦੇ ਹੋ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉ¤ਥੇ ਚੱਕਰ ਲਾ ਆਵੋਗੇ ਤਾਂ ਮੈਨੂੰ ਪਤਾ ਹੈ ਕਿ ਪਹਿਲਾਂ ਨਾਲੋਂ ਵੱਧ ਖਰਚਾ ਤੁਹਾਡਾ ਉ¤ਥੇ ਨਹੀਂ ਹੋਵੇਗਾ। ਸਿਰਸੇ ਵੱਲ ਤੁਹਾਡੇ ਚੱਕਰ ਤੁਹਾਡੇ ਬੱਚਿਆਂ ਨੂੰ ਲਾਈਲੱਗ ਬਣਾਉਂਦੇ ਸਨ। ਪਰ ਕਪੂਰਥਲੇ ਦੇ ਚੱਕਰ ਤੁਹਾਡਾ ਅਤੇ ਤੁਹਾਡੇ ਬੱਚਿਆਂ ਵਿੱਚ ਕੀ, ਕਿਉਂ, ਕਿਵੇਂ, ਕਦੋਂ ਅਤੇ ਕਿੱਥੇ ਦੇ ਔਜ਼ਾਰ ਪੈਦਾ ਕਰਨਗੇ। ਇਹ ਸੰਦ ਤੁਹਾਨੂੰ ਇਸ ਗੱਲ ਦੇ ਸਮਰੱਥ ਬਣਾ ਦੇਣਗੇ ਕਿ ਸਾਡੇ ਬ੍ਰਹਿਮੰਡ ਵਿੱਚ ਅਰਬਾਂ ਖਰਬ ਰਹੱਸ ਹਨ। ਜਿਨ੍ਹਾਂ ਰਹੱਸਾਂ ਤੋਂ ਵਿਗਿਆਨੀਆਂ ਨੇ ਪਰਦਾ ਲਾ ਦਿੱਤਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਕਪੂਰਥਲੇ ਦੀ ਸਾਇੰਸ ਸਿਟੀ ਵਿੱਚ ਬਿਰਾਜਮਾਨ ਹਨ। ਰਹੱਸਾਂ ਦੇ ਲਾਹੇ ਪਰਦੇ ਦੇਖਣ ਨਾਲ ਤੁਹਾਡੇ ਬੱਚੇ ਵੀ ਰਹਿੰਦੇ ਰਹੱਸਾਂ ਦੇ ਪਰਦੇ ਲਾਹੁਣੇ ਸਿੱਖ ਜਾਣਗੇ। ਕੱਲ੍ਹ ਨੂੰ ਤੁਹਾਡਾ ਬੱਚਾ ਵੀ ਦੁਨੀਆਂ ਦਾ ਵੱਡਾ ਵਿਗਿਆਨਕ ਡਾਕਟਰ ਜਾਂ ਇੰਜੀਨੀਅਰ ਬਣ ਸਕਦਾ ਹੈ। ਜੇ ਅਜਿਹਾ ਨਹੀਂ ਹੋਵੇਗਾ ਤਾਂ ਘੱਟੋ-ਘੱਟ ਤੁਹਾਡੇ ਬੱਚੇ ਵਿਗਿਆਨਕ ਸੋਚ ਦੇ ਮਾਲਕ ਤਾਂ ਹੋ ਜਾਣਗੇ। ਉਹ ਆਪਣੀ ਜ਼ਿੰਦਗੀ ਵਿੱਚ ਅਜਿਹੇ ਨਵੇਂ ਜਾਂ ਪੁਰਾਣੇ ਡੇਰਾ ਮੁਖੀਆਂ ਦੇ ਚੁੰਗਲ ਵਿੱਚ ਨਹੀਂ ਫਸਣਗੇ। ਸਗੋਂ ਉਨ੍ਹਾਂ ਦੇ ਪਰਦੇ ਫਾਸ ਕਰਨੇ ਸਿੱਖਣਗੇ ਅਤੇ ਇਹ ਗੱਲਾਂ ਤੁਹਾਡੀ ਜ਼ਿੰਦਗੀ ਦੀਆਂ ਲੋੜਾਂ ਨੂੰ, ਤੁਹਾਡੇ ਘਰਾਂ ਵਿੱਚ ਖਾਧੀਆਂ ਜਾਂਦੀਆਂ ਖੁਰਾਕਾਂ ਨੂੰ, ਤੁਹਾਡੇ ਦੁਆਰਾ ਕੀਤੇ ਗਏ ਕਿੱਤਿਆ ਨੂੰ, ਤੁਹਾਡੇ ਘਰਾਂ ਨੂੰ ਹੋਰ ਸੁੰਦਰ ਬਣਾਉਣ ਲਈ ਸਹਾਈ ਹੋਣਗੀਆਂ। ਉਥੋਂ ਦੇ ਚੱਕਰ ਤਾਂ ਤੁਹਾਨੂੰ ਦੁਨੀਆਂ ਦੇ ਹਾਣ ਦੇ ਬਣਾਉਣਗੇ। ਇੱਥੇ ਟੈਲੀਵਿਜ਼ਨ ਤੇ ਬੈਠਾ ਕੋਈ ਸਾਧ-ਸੰਤ, ਜੋਤਸ਼ੀ ਜਾਂ ਨੀਮ-ਹਕੀਮ ਤੁਹਾਡੇ ਅਤੇ ਤੁਹਾਡੇ ਗੁਆਂਢੀਆਂ ਦੇ ਘਰ ਬਰਬਾਦ ਨਹੀਂ ਕਰ ਸਕੇਗਾ। ਤੁਸੀਂ ਤੁਰੰਤ ਵਿਗਿਆਨਕ ਸੋਚ ਅਪਣਾ ਕੇ ਉਸ ਦੁਆਰਾ ਦੱਸੀਆਂ ਗਈਆਂ ਗੱਲਾਂ ਨੂੰ ਵਿਗਿਆਨਕ ਕਸੌਟੀ ਤੇ ਪਰਖੋਗੇ ਤੇ ਸੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ। ਦੁਨੀਆਂ ਜਿੱਥੇ ਚੰਗੇ ਲੋਕਾਂ ਨਾਲ ਭਰੀ ਪਈ ਹੈ, ਉਥੇ ਕੁੱਝ ਘਟੀਆ ਵਿਅਕਤੀ ਵੀ ਲੋਕਾਂ ਨੂੰ ਲੁੱਟ ਕੇ ਗੁੰਮਰਾਹ ਕਰ ਰਹੇ ਹਨ। ਅੱਜ 21ਵੀਂ ਸਦੀ ਵਿੱਚ ਸੱਚ ਲੱਭਣਾ ਔਖਾ ਹੋ ਗਿਆ ਹੈ ਪਰ ਇਹ ਅਸੰਭਵ ਨਹੀਂ। ਕੀ, ਕਿਉਂ, ਕਿਵੇਂ,ਕਦੋਂ ਅਤੇ ਕਿੱਥੇ ਇਹ ਪੰਜ ਸ਼ਬਦ ਜੇਕਰ ਤੁਹਾਡੇ ਬੱਚਿਆਂ ਕੋਲ ਹਨ ਤਾਂ ਤੁਸੀਂ ਸਹਿਜੇ ਹੀ ਸੱਚ ਦਾ ਪਤਾ ਲਾ ਸਕਦੇ ਹੋ। ਡੇਰੇ ਵਿੱਚ ਤੁਹਾਨੂੰ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਣਾ ਸਿਖਾਇਆ ਜਾਂਦਾ ਸੀ। ਹੁਣ ਤੁਸੀਂ ਕਿਸੇ ਅਜਿਹੇ ਜਾਲ ਵਿੱਚ ਨਾ ਫਸਿਓ ਜਿੱਥੇ ਤੁਹਾਨੂੰ ਰੱਟਾਲਾਈਜੇਸ਼ਨ ਮੁੜ ਸਿਖਾਈ ਜਾਵੇ। ਸਮਝਾਉਣ ਅਤੇ ਰੱਟਾਲਾਈਜੇਸ਼ਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਆਪਣਂੀ ਜ਼ਮੀਰ ਨੂੰ ਆਪਣੇ ਨਾਲ ਰੱਖੋ। ਯਾਦ ਰੱਖਿਓ ਉਨ੍ਹਾਂ ਬੰਦਿਆਂ ਨੂੰ, ਉਨ੍ਹਾਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਵਗੈਰ ਕਿਸੇ ਵਾਜਵ ਕਾਰਨ ਤੋਂ ਜਲੀਲ ਕੀਤਾ ਸੀ। ਭੁਲਿਓ ਨਾ। ਡੇਰੇ ਵਿੱਚ ਤੁਹਾਨੂੰ ਪਾਠ-ਪੂਜਾ ਅਤੇ ਸਖਸ਼ੀਅਤ ਪੂਜਾ ਸਿਖਾਈ ਜਾਂਦੀ ਸੀ। ਪੂਜਾ ਅਤੇ ਸਤਿਕਾਰ ਵਿੱਚ ਫਰਕ ਹੁੰਦਾ ਹੈ। ਪੂਜਾ ਰਾਹੀਂ ਲੁੱਟ ਹੁੰਦੀ ਹੈ ਪਰ ਸਤਿਕਾਰ ਤੁਹਾਡੇ ਮਾਪਿਆਂ ਲਈ, ਲੇਖਕਾਂ, ਵਿਦਵਾਨਾਂ, ਗੁਰੂਆਂ, ਬਜ਼ੁਰਗਾਂ, ਵਿਗਿਨਕਾਂ, ਡਾਕਟਰਾਂ ਲਈ ਅਤੇ ਹੋਰ ਨਜ਼ਦੀਕੀਆਂ ਲਈ ਹੋ ਸਕਦਾ ਹੈ। ਪਵਿੱਤਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਮਾਰਤਾਂ, ਮੂਰਤੀਆਂ ਅਤੇ ਗ੍ਰੰਥ ਸਿੱਖਿਆਦਾਇਕ ਹੋ ਸਕਦੇ ਹਨ। ਜਿਵੇਂ ਤੁਸੀਂ ਆਪਣੇ ਨਾਮ-ਚਰਚਾ ਘਰਾਂ ਦੀ ਸਫ਼ਾਈ ਕਰਦੇ ਸੀ, ਉਸੇ ਤਰ੍ਹਾਂ ਆਪਣੇ ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਿਓ। ਪੌਦੇ, ਪੰਛੀਆਂ ਨਾਲ ਵਾਤਾਵਰਣ ਨੂੰ ਸੁੰਦਰ ਬਣਾਉਣ ਦੇ ਯਤਨ ਜਾਰੀ ਰੱਖਿਓ। ਕੁਦਰਤ ਨਾਲ ਛੇੜਛਾੜ ਤੁਸੀਂ ਡੇਰੇ ਵਿੱਚ ਵੀ ਨਹੀਂ ਕਰਦੇ ਸੀ। ਹੁਣ ਵੀ ਇਸ ਪਿਰਤ ਨੂੰ ਜਾਰੀ ਰੱਖਿਓ। ਇਸ ਗੱਲ ਦਾ ਧਿਆਨ ਰੱਖਿਓ।
ਅਗਲੀ ਗੱਲ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਪੂਰੇ ਸੰਸਾਰ ਵਿੱਚ ਤੁਹਾਡੇ ਡੇਰੇ ਵਰਗੇ 4200 ਧਰਮ, ਮੱਠ ਅਤੇ ਆਸ਼ਰਮ ਹਨ। ਹਰ ਕੋਈ ਆਪਣੇ ਇੱਕ ਨੂੰ ‘ਅੰਤਮ ਸੱਚ’ ਮੰਨ ਕੇ ਬੈਠ ਜਾਂਦਾ ਹੈ ਅਤੇ ਬਾਕੀ 4199 ਨੂੰ ਗਲਤ ਦੱਸਦਾ ਹੈ। ਕਿਉਂ ਨਾ ਇਨ੍ਹਾਂ ਸਾਰਿਆਂ ਨੂੰ ਤਿਲਾਂਜਲੀ ਦੇ ਦਿੱਤੀ ਜਾਵੇ। ਕੁੱਝ ਵਿਅਕਤੀ ਅਜੇ ਵੀ ਆਪਣੇ ਆਪ ਨੂੰ ਡੇਰੇ ਨਾਲ ਜੋੜ ਕੇ ਹੀ ਰੱਖਣਾ ਚਾਹੁੰਦੇ ਹਨ। ਕੀ ਅਗਲਾ ਮੁਖੀ ਤੁਹਾਡੀ ਬੇਇਜ਼ਤੀ ਨਹੀਂ ਕਰਵਾਏਗਾ? ਕਿਸੇ ਵਿਅਕਤੀ ਕੋਲ ਆਪਣੀ ਇੱਜ਼ਤ ਗਹਿਣੇ ਰੱਖਣਾ ਸਿਰੇ ਦੀ ਬੇਵਕੂਫੀ ਹੁੰਦੀ ਹੈ। ਆਪਣੇ ਦਿਮਾਗਾਂ ਨੂੰ ਆਜ਼ਾਦ ਕੀਤਾ ਜਾਵੇ। ਅਸੀਂ ਸਮਝ ਲੈਂਦੇ ਹਾਂ ਕਿ ਜਿਹੜੇ ਬੰਦੇ ਡੇਰੇ ਨਾਲ ਜੁੜੇ ਸਨ ਉਨ੍ਹਾਂ ਦੇ ਘਰਾਂ ਵਿੱਚ ਚੰਗੇ ਕੰਮ ਹੀ ਹੋਏ ਹਨ। ਮੈਂ ਅਜਿਹੇ ਪਰਿਵਾਰ ਨੂੰ ਜਾਣਦਾ ਹਾਂ ਜਿਸਦੇ ਪਤੀ-ਪਤਨੀ ਆਪਣੇ ਵਿਆਹ ਵਾਲੇ ਦਿਨ ਹੀ ਡੇਰੇ ਨਾਲ ਜੁੜ ਗਏ ਸਨ। ਪਰ ਤੁਹਾਡੇ ਡੇਰਾ ਮੁਖੀ ਦੇ ਆਸ਼ੀਰਵਾਦ ਨਾਲ ਪੈਦਾ ਹੋਏ ਦੋਵੇਂ ਬੱਚੇ ਬਚਪਨ ਤੋਂ ਹੀ ਅਪਾਹਜ ਸਨ। ਅਜਿਹੇ ਗੁਣਾਂ ਜਾਂ ਔਗੁਣਾਂ ਦਾ ਸਬੰਧ ਡੇਰੇ ਨਾਲ ਨਹੀਂ ਹੋ ਸਕਦਾ। ਇਹ ਗੱਲਾਂ ਤਾਂ ਸਾਡੇ ਗਿਆਨ ਤੇ ਨਿਰਭਰ ਕਰਦੀਆਂ ਹਨ।
ਇਹ ਗੱਲ ਵੀ ਯਾਦ ਰੱਖਣਾ ਕਿ ਸਾਡੇ ਦੇਸ਼ ਦੇ ਮੌਜੂਦਾ ਸਿਆਸਤਦਾਨ ਬੜੇ ਗੰਦੇ ਹਨ। ਉਹ ਤੁਹਾਡੇ ਦੁਆਰਾ ਉਨ੍ਹਾਂ ਲਈ ਕੀਤੇ ਗਏ ਚੰਗੇ ਕੰਮਾਂ ਨੂੰ ਭੁੱਲ ਜਾਂਦੇ ਹਨ ਤੇ ਮਾੜੇ ਕੰਮਾਂ ਨੂੰ ਹੀ ਯਾਦ ਰੱਖਦੇ ਹਨ। ਤੁਹਾਨੂੰ ਰਾਜਨੀਤੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ। ਪਰ ਇਸ ਨੂੰ ਸਮਝਣਾ ਪਵੇਗਾ। ਅੱਜ ਮੇਰੇ ਦੇਸ਼ ਵਿੱਚ ਅਮੀਰਾਂ ਅਤੇ ਗਰੀਬਾਂ ਵਿੱਚ ਵੱਡਾ ਖੱਪਾ ਹੈ। ਸਿਰਫ਼ 100-200 ਘਰਾਂ ਨੇ ਇੱਕ ਸੌ ਪੱਚੀ ਕਰੋੜ ਲੋਕਾਂ ਨਾਲੋਂ ਵੱਧ ਦੀ ਧਨ ਤੇ ਜਾਇਦਾਦ ਇਕੱਠੀ ਕਰ ਲਈ ਹੈ। ਗਰੀਬ ਜਨਤਾ ਦੀ ਗਿਣਤੀ ਬੇਸ਼ੁਮਾਰ ਹੈ ਤੇ ਅਮੀਰ ਬਹੁਤ ਥੋੜ੍ਹੇ ਹਨ ਪਰ ਉਹ ਜਾਣਦੇ ਹਨ ਕਿ ਸਿਆਸਤ ਹੀ ਇੱਕੋ-ਇੱਕ ਹਥਿਆਰ ਹੈ ਜੋ ਅਮੀਰਾਂ ਦੀ ਰਾਖੀ ਕਰ ਸਕਦਾ ਹੈ। ਜਿਸ ਦਿਨ ਗਰੀਬ ਸਿਆਸਤ ਵਿੱਚ ਆ ਗਏ ਉਸੇ ਦਿਨ ਤੋਂ ਦੇਸ਼ ਦੀ ਕਿਸਮਤ ਨੇ ਕਰਵਟ ਲੈਣੀ ਸ਼ੁਰੂ ਕਰ ਦੇਣੀ ਹੈ। ਸੋ ਰਾਜਨੀਤੀ ਵਿੱਚ ਜ਼ਰੂਰ ਆਵੋ ਪਰ ਸਿਆਸਤ ਉਹ ਕਰੋ ਜੋ ਗਰੀਬ ਜਨਤਾ ਦੇ ਹੱਕ ਵਿੱਚ ਭੁਗਤਦੀ ਹੋਵੇ। ਇਸ ਵਿੱਚ ਹੀ ਲੋਕਾਂ ਦੇ ਵੱਡੇ ਸਮੂਹ ਦਾ ਕਲਿਆਣ ਹੈ। ਸਮਝ ਲਵੋ ਸਾਰੇ ਨਸ਼ੇ, ਸਾਧ-ਸੰਤ, ਡੇਰੇ, ਧਾਰਮਿਕ ਸਥਾਨ ਇੱਥੋਂ ਦੇ ਅਮੀਰਾਂ ਦੇ ਰਾਜ ਸਹਾਈ ਹੋਣ ਦੇ ਸੰਦ ਹਨ।