ਨਿਊਯਾਰਕ, (ਪੀ ਡੀ ਬਿਊਰੋ) – ਭਾਰਤ ਦੇ ਮੂਲ ਨਿਵਾਸੀ, ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰ ਬਾਮਸੇਫ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ ਹੋ ਗਿਆ ਹੈ ਜਿਸ ਦਾ ਐਲਾਨ ਬਾਮਸੇਫ ਸੰਗਠਨ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਨਿਊਯਾਰਕ ਵਿੱਚ ਹੋਈ ਵਰਲਡ ਕਾਨਫਰੰਸ ਦੌਰਾਨ ਕੀਤਾ। ਸਾਚੀ ਸਾਖੀ ਅਨੁਸਾਰ ਸੰਨ 1935-36 ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ 60 ਮਿਲੀਅਨ ਮੂਲ ਨਿਵਾਸੀਆਂ ਸਮੇਤ ਸਿੱਖ ਬਣਨ ਦੀ ਇੱਛਾ ਜਾਹਿਰ ਕੀਤੀ ਸੀ। ਜਿਸ ਨੂੰ ਅਕਾਲੀ ਲੀਡਰਸਿ਼ਪ ਨੇ ਆਪਣੀ ਕੁਰਸੀ ਨੂੰ ਖਤਰਾ ਜਾਣ ਕੇ ਠੁਕਰਾਅ ਦਿੱਤਾ ਸੀ। ਹੁਣ 82 ਸਾਲਾਂ ਬਾਅਦ ਮੂਲ ਨਿਵਾਸੀਆਂ ਨੇ ਇਕ ਵਾਰ ਫੇਰ ਹੱਥ ਵਧਾਇਆ ਹੈ ਜਿਸ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਨੇ ਜੀ ਆਇਆ ਕਿਹਾ ਹੈ।
ਕੋਲੰਬੀਆ ਯੂਨੀਵਰਸਿਟੀ ਆਫ ਨਿਊਯਾਰਕ ਜਿਥੋਂ ਡਾ. ਬੀ ਆਰ ਅੰਬੇਦਕਰ ਨੇ 1927 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਸੀ, ਉਸੇ ਯੂਨੀਵਰਸਿਟੀ ਦੇ ਉਸੇ ਹਾਲ ਵਿੱਚ ਬਾਮਸੇਫ ਇੰਟਰਨੈਸ਼ਨਲ ਨੈਟਵਰਕ ਵਲੋਂ ਆਪਣੀ ਦੂਸਰੀ ਵਰਲਡ ਕਾਨਫਰੰਸ ਕਰਵਾਈ ਗਈ। ਇਸ ਵਿਸ਼ਵ ਕਾਨਫਰੰਸ ਵਿੱਚ ਇੰਡੀਆ ਤੋਂ 88 ਦੇ ਕਰੀਬ ਡੇਲੀਗੇਟ ਪਹੁੰਚੇ ਅਤੇ ਬਾਕੀ ਸੰਸਾਰ ਭਰ ਵਿਚੋਂ ਵੀ ਡੈਲੀ ਗੇਟ ਸ਼ਾਮਲ ਹੋਏ।
ਇਸ ਮੌਕੇ ਤੇ ਕੈਨੇਡਾ ਅਤੇ ਅਮਰੀਕਾ ਦੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸਿ਼ਪ ਨੂੰ ਵੀ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਗਿਆ ਸੀ। ਇਸ ਕਾਨਫਰੰਸ ਵਿੱਚ ਅਮਰੀਕਾ ਤੋਂ ਸ੍ਰ ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਸਰਬਜੀਤ ਸਿੰਘ, ਜੋਗਾ ਸਿੰਘ ਨਿਊਜਰਸੀ ਤੋਂ ਇਲਾਵਾ ਦਰਜਨ ਮੈਂਬਰ ਸ਼ਾਮਲ ਹੋਏ ਜਦਕਿ ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ ਨੇ ਸ਼ਮੂਲੀਅਤ ਕੀਤੀ।
ਇਸ ਵਿਸ਼ਵ ਕਾਨਫਰੰਸ ਵਿੱਚ ਭਾਰਤ ਦੇ ਮੂਲ ਨਿਵਾਸੀ ਲੋਕਾਂ ਨੂੰ ਬ੍ਰਾਹਮਣਾਂ ਵਲੋਂ ਗੁਲਾਮ ਬਣਾਉਣ ਦੀ ਗੱਲ ਬੜੇ ਗੰਭੀਰ ਮਹੌਲ ਵਿੱਚ ਕੀਤੀ ਗਈ। ਇਸ ਕਾਨਫਰੰਸ ਵਿੱਚ ਹੋ ਰਹੀ ਵਾਰਤਾਲਾਪ ਨੂੰ ਸੁਣਨ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਹੈ ਕਿ 5 ਹਜ਼ਾਰ ਸਾਲ ਤੋਂ ਯੋਜਨਾਵੱਧ ਢੰਗ ਨਾਲ ਘੱਟ ਗਿਣਤੀ ਲੋਕਾਂ ਨੂੰ ਬੇਵਕੂਫ ਬਣਾ ਕੇ ਰਾਜ ਕਰ ਰਹੇ ਬ੍ਰਾਹਮਣ ਦਾ ਹੁਣ ਅੰਤ ਆ ਗਿਆ ਹੈ। ਇਨ੍ਹਾਂ ਬ੍ਰਾਹਮਣਾਂ ਤੋਂ ਕੁੱਟ ਝਾ ਰਹੀਆਂ ਘੱਟ ਗਿਣਤੀਆਂ ਹੁਣ ਇਕੱਠੇ ਹੋ ਕੇ ਇਨ੍ਹਾਂ ਨੂੰ ਕੁੱਟਣ ਦੇ ਕਾਬਿਲ ਹੋ ਗਈਆਂ ਹਨ, ਇਹ ਵਿਚਾਰ ਬਾਮਸੇਫ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਆਪਣੇ ਵੱਖ ਵੱਖ ਭਾਸ਼ਨਾਂ ਵਿੱਚ ਦਿੱਤੇ।
ਅਸੀਂ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਮਿਲ ਕੇ ਖਾਲਸਾ ਰਾਜ ਸਥਾਪਤ ਕਰਨ ਦੇ ਰਸਤੇ ਤੇ ਚੱਲ ਰਹੇ ਹਾਂ, ਇਹ ਸਾਡਾ ਜਨਮ ਸਿੱਧ ਅਧਿਕਾਰ ਹੈ, ਇਹ ਗੱਲ ਸ੍ਰ ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਕਹੀ। ਸ੍ਰ ਖੜੌਦ ਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਦੱਸਿਆ ਕਿ ਸਿੱਖ ਮੱਤ ਵਿੱਚ ਜਾਤਪਾਤ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਇਹ ਵੀ ਸਵਿਕਾਰ ਕੀਤਾ ਕਿ ਸਾਡੇ ਸਮਾਜ ਵਿੱਚ ਅਜੇ ਇਹ ਬਿਮਾਰੀ ਮੁਕੰਮਲ ਤੌਰ ਤੇ ਖਤਮ ਨਹੀਂ ਹੋਈ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਮੂਲ ਨਿਵਾਸੀਆਂ ਨਾਲੋਂ ਖਾਲਸਾ ਪੰਥ ਦਾ ਮਸਲਾ ਵੱਖਰਾ ਹੈ। ਸਾਡਾ ਆਪਣਾ ਰਾਜ ਭਾਗ ਹੁੰਦਾ ਸੀ। ਖਾਲਸਾ ਰਾਜ ਦੇ ਪਹਿਲੇ ਮੁੱਖੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਬੇ ਕੁਚਲ੍ਹੇ ਲੋਕਾਂ ਨੂੰ ਉਪਰ ਚੁੱਕਣ ਲਈ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਬਰਾਬਰਤਾ ਦਾ ਬੋਲਬਾਲਾ ਸੀ। ਕੈਬਨਿਟ ਵਿੱਚ ਹਰ ਵਰਗ, ਹਰ ਧਰਮ ਦੇ ਲੋਕ ਸ਼ਾਮਲ ਸਨ। ਹੰਸਰਾ ਨੇ ਭਗਤ ਕਬੀਰ ਜੀ ਦੀ ਬਾਣੀ ਚੋਂ ਹਵਾਲੇ ਦਿੰਦਿਆਂ ਕਿਹਾ ਕਿ ਗੁਰੂਕਿਆਂ ਨੇ ਕਦੇ ਵੀ ਬ੍ਰਾਹਮਣ ਨੂੰ ਸਵਿਕਾਰ ਨਹੀਂ ਕੀਤਾ। ਸਿੱਖ ਧਰਮ ਜਾਤਪਾਤ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜਿਹੜਾ ਪ੍ਰਾਣੀ ਜਾਤ ਪਾਤ ਵਿੱਚ ਯਕੀਨ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਉਹ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਚੱਲਦਾ ਹੈ।
ਇਸ ਮੌਕੇ ਬੜੇ ਜਜ਼ਬਾਤੀ ਲਹਿਜ਼ੇ ਵਿੱਚ ਬੋਲਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਆਪਣੀ ਖੁੱਸੀ ਬਾਦਸ਼ਾਹਤ ਹਾਸਿਲ ਕਰਨ ਲਈ ਪੂਰਾ ਯਤਨਸ਼ੀਲ ਹੈ। ਊਨ੍ਹਾਂ ਕਿ 20ਵੀ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭੇਦਭਾਵ ਮਿਟਾ ਕੇ ਅੱਗੇ ਵੱਧਣ ਦੀ ਨੀਤੀ ਅਖਤਿਆਰ ਕੀਤੀ ਹੈ।
ਸਿੱਖ ਭਾਈਚਾਰੇ ਵਲੋਂ ਇਸ ਕਾਨਫਰੰਸ ਵਿੱਚ ਪ੍ਰੋ ਸੁਖਪ੍ਰੀਤ ਸਿੰਘ ਉਦੋਕੇ, ਵਾਇਸ ਆਫ ਖਾਲਸਾ ਰੇਡੀਓ ਤੋਂ ਸੁਖਵਿੰਦਰ ਸਿੰਘ ਅਤੇ ਨਿਊਯਾਰਕ ਸਿਟੀ ਦੇ ਹਿਊਮਨ ਰਾਇਟਸ ਕਮਿਸ਼ਨਰ ਗੁਰਦੇਵ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਵਾਮਨ ਮੇਸ਼ਰਾਮ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਗਠਨ 1 ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਗਰਾਊਂਡ ਵਿੱਚ ਸਿੱਖ ਨਸਲਕੁਸ਼ੀ ਵਿਰੁੱਧ ਅਤੇ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹਾ ਅਸੀਂ ਹਰ ਘੱਟ ਗਿਣਤੀ ਖਿਲਾਫ ਹੋ ਰਹੇ ਜ਼ੁਲਮਾਂ ਖਿਲਾਫ ਕਰਾਂਗੇ।