ਮੈਕਸੀਕੋ – ਮੈਕਸੀਕੋ ਸ਼ਹਿਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ 250 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਅਮਰੀਕੀ ਮਾਹਿਰਾਂ ਅਨੁਸਾਰ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਤੋਂ ਪਹਿਲਾਂ 1985 ਵਿੱਚ ਇਸੇ ਹੀ ਦਿਨ ਤਬਾਹਕੁੰਨ ਭੂਚਾਲ ਆਇਆ ਸੀ, ਜਿਸ ਨਾਲ 10,000 ਹਜ਼ਾਰ ਲੋਕ ਮਾਰੇ ਗਏ ਸਨ। ਇਸ ਭੂਚਾਲ ਨੇ ਮੈਕਸੀਕੋ ਸਿਟੀ,ਮੋਰਲਿਓਮ ਅਤੇ ਪੁਏਬਲਾ ਵਿੱਚ ਭਾਰੀ ਤਬਾਹੀ ਮਚਾਈ ਹੈ।
ਇਸ ਭੂਚਾਲ ਦਾ ਕੇਂਦਰ ਪੁਏਬਲ ਸੂਬੇ ਦੇ ਅਟੇਂਸਿਗੋ ਦੇ ਨਜ਼ਦੀਕ ਸੀ। ਇਹ ਇਲਾਕਾ ਮੈਕਸੀਕੋ ਸਿਟੀ ਤੋਂ 120 ਕਿਲੋਮੀਟਰ ਦੀ ਦੂਰੀ ਤੇ ਹੈ। ਅਮਰੀਕੀ ਜਿਓਲਾਜਿਕਲ ਅਨੁਸਾਰ ਸਰਵੇ ਦੇ ਮੁਤਾਬਿਕ ਭੂਚਾਲ ਦੀ ਗਹਿਰਾਈ 51 ਕਿਲੋਮੀਟਰ ਸੀ। ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਫ਼ੋਨ ਅਤੇ ਬਿਜਲੀ ਸੇਵਾ ਠੱਪ ਹੋ ਗਈ ਹੈ ਅਤੇ 40 ਲੱਖ ਦੇ ਕਰੀਬ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ। ਮੈਕਸੀਕੋ ਸਿਟੀ ਦੇ ਏਅਰਪੋਰਟ ਤੇ ਵੀ ਥੋੜੀ ਦੇਰ ਦੇ ਲਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਪੂਰੇ ਸ਼ਹਿਰ ਦੀਆਂ ਇਮਾਰਤਾਂ ਖਾਲੀ ਕਰਵਾ ਦਿੱਤੀਆਂ ਗਈਆਂ ਹਨ।
ਰਾਸ਼ਟਰਪਤੀ ਐਨਰਿਕ ਪੇਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ੳਹ ਸੜਕਾਂ ਤੇ ਨਾ ਰੁਕਣ ਤਾਂ ਜੋ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਮੱਦਦ ਜਲਦੀ ਪਹੁੰਚਾਈ ਜਾ ਸਕੇ। 1985 ਤੋਂ ਬਾਅਦ ਇਹ ਮੈਕਸੀਕੋ ਵਿੱਚ ਇਹ ਸੱਭ ਤੋਂ ਵੱਡੀ ਤਰਾਸਦੀ ਹੈ। ਭਚਾਲ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਰਮਚਾਰੀਆਂ ਦੁਆਰਾ ਐਮਰਜੈਂਸੀ ਪੱਧਰ ਤੇ ਸੇਵਾਵਾਂ ਅਰਪਣ ਕੀਤੀਆਂ ਜਾ ਰਹੀਆਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਟਵੀਟ ਕਰ ਕੇ ਕਿਹਾ ਹੈ, ‘ ਪ੍ਰਮਾਤਮਾ ਮੈਕਸੀਕੋ ਸਿਟੀ ਦੇ ਲੋਕਾਂ ਦਾ ਖਿਆਲ ਰੱਖੇ। ਅਸੀਨ ਤੁਹਾਡੇ ਨਾਲ ਹਾਂ ਅਤੇ ਸਦਾ ਨਾਲ ਰਹਾਂਗੇ।’