ਪਟਿਆਲਾ – ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਨਹੀਂ ਰਹੇ। ਉਹ 19 ਸਤੰਬਰ, 2017 ਨੂੰ ਸਵੇਰੇ ਸਵਾ ਇੱਕ ਵਜੇ ਫੈਸਲਾਬਾਦ ਵਿਖੇ ਵਫ਼ਾਤ ਪਾ ਗਏ। ਇਹ ਸੂਚਨਾ ਦਿੰਦੇ ਹੋਏ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1 ਸਤੰਬਰ 1937 ਨੂੰ ਅੰਮ੍ਰਿਤਸਰ ਦੇ ਹੁਸੈਨਪੁਰਾ ਇਲਾਕੇ ਵਿੱਚ ਪੈਦਾ ਹੋਏ ਅਫ਼ਜ਼ਲ ਅਹਿਸਨ ਰੰਧਾਵਾ ਦੇਸ਼ ਦੀ ਵੰਡ ਉਪਰੰਤ ਪਾਕਿਸਤਾਨ ਚਲੇ ਗਏ ਸਨ ਅਤੇ ਉਥੇ ਉਨ੍ਹਾਂ ਨੇ ਵਕਾਲਤ ਅਤੇ ਰਾਜਨੀਤੀ ਦੇ ਖੇਤਰਾਂ ਵਿੱਚ ਕਾਰਜਸ਼ੀਲ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨਾਲ ਅੰਤਲੇ ਸਮੇਂ ਤੱਕ ਜੁੜੇ ਰਹੇ। ਰੰਧਾਵਾ ਨੇ ਸ਼ੀਸ਼ਾ ਇੱਕ ਨਿਸ਼ਕਾਰੇ ਦੋ, ਰੇਤ ਦੇ ਚਾਰ ਸਫ਼ਰ, ਪੰਜਾਬ ਦੀ ਵਾਰ, ਛੇਵਾਂ ਦਰਿਆ ਤੋਂ ਇਲਾਵਾ ਕਹਾਣੀ ਸੰਗ੍ਰਹਿ ਰੰਨ,ਤਲਵਾਰ ਤੇ ਘੋੜਾ, ਮੁੰਨਾ ਕੋਹ ਲਾਹੌਰ ਅਤੇ ਦੋ ਸੁਪ੍ਰਸਿੱਧ ਨਾਵਲ ਦੁਆਬਾ ਅਤੇ ਦੀਵਾ ਅਤੇ ਦਰਿਆ ਲਿਖੇ। ਉਨ੍ਹਾਂ ਨੇ ਇੱਕ ਪੰਜਾਬੀ ਨਾਟਕ ਸੱਪ ਸ਼ੀਂਹ ਤੇ ਫਕੀਰ ਦੀ ਸਿਰਜਣਾ ਤੋਂ ਇਲਾਵਾ ਅਨੁਵਾਦ ਕਾਰਜ ਵੀ ਕੀਤਾ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ ਜੋ ਚੜ੍ਹਦੇ ਪੰਜਾਬ ਤੋਂ ਡਾ. ਦਰਸ਼ਨ ਸਿੰਘ ਆਸ਼ਟ, ਹਰਭਜਨ ਸਿੰਘ ਬਰਾੜ, ਡਾ. ਜਤਿੰਦਰਪਾਲ ਸਿੰਘ ਜੌਲੀ, ਡਾ. ਜੋਗਿੰਦਰ ਸਿੰਘ ਕੈਰੋਂ ਆਦਿ ਲੇਖਕਾਂ ਨੇ ਲਾਹੌਰ ਵਿਖੇ ਜਾ ਕੇ ਪ੍ਰਦਾਨ ਕੀਤਾ ਸੀ ਕਿਉਂਕਿ ੳਹ ਉਸ ਸਮੇਂ ਪਟਿਆਲਾ ਵਿਖੇ ਪੁਰਸਕਾਰ ਪ੍ਰਾਪਤ ਕਰਨ ਲਈ ਨਹੀਂ ਸਨ ਆ ਸਕੇ। ਵਿਸ਼ਵ ਦੇ ਮਹਾਨ ਪੰਜਾਬੀ ਸਾਹਿਤਕਾਰ ਰੰਧਾਵਾ ਦੇ ਵਫ਼ਾਤ ਪਾ ਜਾਣ ਨਾਲ ਮਾਂ ਬੋਲੀ ਪੰਜਾਬੀ ਦਾ ਸਾਹਿਤ ਉਦਾਸ ਹੋ ਗਿਆ ਹੈ।