ਨਵੀਂ ਦਿੱਲੀ : ਮਾਰਸ਼ਲ ਆੱਫ਼ ਇੰਡੀਅਨ ਫੋਰਸ ਅਰਜਨ ਸਿੰਘ ਦੀ ਯਾਦ ’ਚ ਸਮੂੱਚੀ ਸਿੱਖ ਕੌਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਆਯੋਜਿਤ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਮੁਖ ਦਰਬਾਰ ਹਾਲ ਵਿਖੇ ਹੋਏ ਸਮਾਗਮ ਦੌਰਾਨ ਸਿੱਖ ਪੰਥ ਨਾਲ ਜੁੜੀਆਂ ਕਈ ਸਖਸ਼ੀਅਤਾ ਨੇ ਹਾਜ਼ਰੀ ਭਰੀ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਅਰਜਨ ਸਿੰਘ ਦੇ ਪੁੱਤਰ ਅਰਵਿੰਦ ਸਿੰਘ ਅਤੇ ਪੁੱਤਰੀ ਨੂੰ ਵੀ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਪਰਿਵਾਰ ਵੱਲੋਂ ਕੀਤੀ ਗਈ ਬੇਨਤੀ ਦੇ ਆਧਾਰ ’ਤੇ ਪੰਥ ਵੱਲੋਂ ਅਰਜਨ ਸਿੰਘ ਦੇ ਪਰਿਵਾਰ ਦਾ ਧੰਨਵਾਦ ਕਰਨ ਦੀ ਰਸ਼ਮ ਨਿਭਾਈ। ਜੀ.ਕੇ. ਨੇ ਕਿਹਾ ਕਿ ਅਰਜਨ ਸਿੰਘ ਨੇ ਬਹਾਦਰ ਸਿੱਖ ਜਰਨੈਲ ਵਾਂਗ ਕਾਰਜ ਕਰਕੇ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਭਾਅ ਦੀ ਜੇਕਰ ਗੱਲ ਕਰੀਏ ਤਾਂ ਆਮ ਤੌਰ ’ਤੇ ਸ਼ਾਂਤ ਰਹਿਣ ਵਾਲੇ ਅਰਜਨ ਸਿੰਘ ਮੁਲਕ ਵੱਲੋਂ ਜੰਗ ਦੇ ਮੈਦਾਨ ’ਚ ਉਤਰਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਪੁੱਤਰ ਵਾਂਗ ਬਹਾਦਰੀ ਵਿਖਾਉਂਦੇ ਸਨ। ‘‘ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ’’ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਵਿਸ਼ਵ ਯੁੱਧ ਦੌਰਾਨ ਬਹਾਦਰੀ ਵੱਜੋਂ ਕਰਾਸ ਸਨਮਾਨ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਸੀ। 1962 ’ਚ ਚੀਨ ਨਾਲ ਜੰਗ ਦੌਰਾਨ ਭਾਰਤ ਦੇ ਹਵਾਈ ਬੇੜੇ ਦੇ ਹੋਏ ਵੱਡੇ ਨੁਕਸਾਨ ਉਪਰੰਤ ਉੱਚ ਅਧਿਕਾਰੀਆਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਗਿਆ ਸੀ। 1965 ’ਚ ਜਦੋਂ ਪਾਕਿਸਤਾਨ ਨਾਲ ਜੰਗ ਦੌਰਾਨ ਪਾਕਿਸਤਾਨੀ ਫ਼ੌਜ ਸਾਡੇ ’ਤੇ ਹਾਵੀ ਹੋ ਗਈ ਸੀ ਉਸ ਵੇਲੇ ਅਰਜਨ ਸਿੰਘ ਨੇ ਖੁਦ ਏਅਰ ਫੋਰਸ ਦਾ ਮੁਖੀ ਹੋਣ ਦੇ ਬਾਵਜੂਦ ਜੰਗੀ ਜਹਾਜਾਂ ਦੇ ਬੇੜੇ ਦੀ ਅਗਵਾਈ ਕਰਕੇ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ ਸੀ।
ਪਾਕਿਸਤਾਨ ’ਤੇ ਜਿੱਤ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਗਭਗ 52 ਸਾਲ ਪਹਿਲੇ ਦਿੱਲੀ ਕਮੇਟੀ ਵੱਲੋਂ ਬਹਾਦਰ ਫ਼ੌਜੀਆਂ ਦੇ ਕੀਤੇ ਗਏ ਸਨਮਾਨ ਨੂੰ ਚੇਤਾ ਕਰਦੇ ਹੋਏ ਜੀ.ਕੇ. ਨੇ ਉਕਤ ਸਨਮਾਨ ਸਮਾਗਮ ’ਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਭਾਗ ਲੈਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਦੇਸ਼ ਪ੍ਰਤੀ ਸਿੱਖ ਕੌਮ ਵੱਲੋਂ 1965 ਦੀ ਜੰਗ ’ਚ ਪਾਏ ਗਏ ਯੋਗਦਾਨ ਦੀ ਸਲਾਘਾ ਕਰਦੇ ਹੋਏ ਸ਼ਾਸ਼ਤਰੀ ਨੇ ਇਸ ਮੌਕੇ ਸਿੱਖਾਂ ਨੂੰ ਸਰਕਾਰ ਸਾਹਮਣੇ ਆਪਣੀ ਮੰਗ ਰੱਖਣ ਦੀ ਵੀ ਅਪੀਲ ਕੀਤੀ ਸੀ। ਜਿਸ ਉਪਰੰਤ ਜਥੇਦਾਰ ਸੰਤੋਖ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਤਾਨੀਆਂ ਵਿਚਲੇ ਸ਼ਸ਼ਤਰਾਂ ਨੂੰ ਭਾਰਤ ਲਿਆ ਕੇ ਸਿੱਖਾਂ ਦੇ ਹਵਾਲੇ ਕਰਨ ਦੀ ਮੰਗ ਰੱਖੀ ਸੀ। ਉਸ ਵੇਲੇ ਮੌਕੇ ’ਤੇ ਮੌਜੂਦ ਅਰਜਨ ਸਿੰਘ ਅਤੇ ਹਰਬਖ਼ਸ਼ ਸਿੰਘ ਦਾ ਵੀ ਕਮੇਟੀ ਵੱਲੋਂ ਬੁਲੰਦ ਹੌਸਲੇ ਵਿਖਾਉਣ ਵਾਸਤੇ ਸਨਮਾਨ ਕੀਤਾ ਗਿਆ ਸੀ।
ਜੀ.ਕੇ. ਨੇ ਖੁਲਾਸਾ ਕੀਤਾ ਕਿ ਸਿਰਫ਼ ਬਹਾਦਰ ਸਿੱਖਾਂ ਦੀ ਕੁਰਬਾਨੀਆਂ ਸੱਦਕਾ ਹੀ ਅੱਜ ਮੁਲਕ ਆਜ਼ਾਦ ਨਹੀਂ ਹੈ ਸਗੋਂ ਅਰਜਨ ਸਿੰਘ ਨੇ ਆਪਣੀ ਕੁਝ ਨਿਜ਼ੀ ਜਾਇਦਾਦ ਵੇਚਕੇ ਸ਼ਹੀਦ ਫ਼ੌਜੀ ਪਰਿਵਾਰਾਂ ਦੀ ਮਦਦ ’ਚ ਵੀ ਵੱਡਾ ਹਿੱਸਾ ਪਾਇਆ ਸੀ। ਜੀ.ਕੇ. ਨੇ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਆਪਣੇ ਜਰਨੈਲਾਂ ਨੂੰ ਮਾਣ ਦਿੱਤਾ ਹੈ। ਅਰਜਨ ਸਿੰਘ ਨੇ ਸਿੱਖ ਕੌਮ ਅਤੇ ਪੱਗ ਦਾ ਮਾਨ ਵੱਧਾ ਕੇ ਦੁਨੀਆਭਰ ’ਚ ਵਸਦੀ ਮਨੁੱਖਤਾ ’ਤੇ ਛਾਪ ਛੱਡੀ ਹੈ। 52 ਸਾਲ ਪਹਿਲੇ ਵੀ ਅਸੀਂ ਕੌਮ ਵੱਲੋਂ ਜਰਨੈਲ ਦਾ ਸਨਮਾਨ ਕੀਤਾ ਸੀ ਤੇ ਅੱਜ ਵੀ ਉਨ੍ਹਾਂ ਦੀ ਅੰਤਿਮ ਯਾਤਰਾ ਦੀ ਸਮਾਪਤੀ ਮੌਕੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ ਕਿ ਅਰਜਨ ਸਿੰਘ ਨੇ ਸਾਬਤ ਸੂਰਤ ਰਹਿੰਦੇ ਹੋਏ ਕੌਮ ਦੀ ਸੇਵਾ ਕਰਕੇ ਸਿੱਖੀ ਦਾ ਮਾਨ ਵਧਾਇਆ ਹੈ। ਅਰਜਨ ਸਿੰਘ ਜਦੋਂ ਵਰਦੀ ’ਚ ਦੇਸ਼-ਵਿਦੇਸ਼ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸੀ ਤਾਂ ਸਿੱਖ ਕੌਮ ਪ੍ਰਤੀ ਉਸਾਰੂ ਸੁਨੇਹਾ ਦੇਸ਼ਵਾਸੀਆਂ ਨੂੰ ਪ੍ਰਾਪਤ ਹੁੰਦਾ ਸੀ। ਦਿੱਲੀ ਕਮੇਟੀ ਇਸੇ ਕਰਕੇ ਉਨ੍ਹਾਂ ਦੇ ਨਾਂ ’ਤੇ ਅਵਾਰਡ ਸ਼ੁਰੂ ਕਰਨ ’ਤੇ ਮਾਨ ਮਹਿਸੂਸ ਕਰ ਰਹੀ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।