ਸਰਕਾਰਾਂ ਦੇ ਤਿ੍ਸਕਾਰ ਭਰੇ ਰਵਈਏ, ਨੌਜਵਾਨ ਵਿਰੋਧੀ ਵਾਤਾਵਰਣ, ਅਥਾਹ ਮੁਸ਼ਕਿਲਾਂ ਹੋਣ ਦੇ ਬਾਵਜੂਦ ਪੰਜਾਬ ਦੇ ਕਈ ਗੱਭਰੂ ਆਪਣੇ ਪੱਧਰ ਤੇ, ਉੱਚਾ ਉਠਣ ਦੀਆਂ ਨਿੱਜੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਜਿਸ ਦੀ ਉੱਘੜਵੀ ਮਿਸਾਲ ਹੈ ਮੋਗਾ ਜਿਲੇ ਦੇ ਪਿੰਡੇ ਦਾਤੇ ਵਾਲ ਦਾ ਨੌਜਵਾਨ ਸੁਰਿੰਦਰਪਾਲ ਸਿੰਘ ਖਾਲਸਾ ਜਿਸ ਨੇ ਭਾਰਤ ਦੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ 6 ਮੈਡਲ ਜਿੱਤੇ ਹਨ।
ਸਕੂਲੀ ਸਮੇਂ ਦੌਰਾਨ ਕ੍ਰਿਕਟ, ਬਾਸਕਟਬਾਲ, ਐਥਲੈਟਿਕ ਦਾ ਵਧੀਆ ਖਿਡਾਰੀ ਰਿਹਾ ਸੁਰਿੰਦਰਪਾਲ ਬਿਨ੍ਹਾਂ ਕਿਸੇ ਦੀ ਸਰਪ੍ਰਸਤੀ ਤੇ ਕੋਚਿੰਗ ਦੀ ਘਾਟ ਕਾਰਨ ਅੱਗੇ ਨਹੀ ਵੱਧ ਸਕਿਆ। ਉਸ ਦੀ ਖੇਡ ਕਲਾ ਰੁਲ ਗਈ। ਸਕੂਲੀ ਸਮੇਂ ਦੌਰਾਨ ਇੱਕ ਵਾਰ ਦਿੱਤੇ ਟਰਾਇਲਾਂ ਵਿੱਚ 100 ਮੀਟਰ ਦੀ ਫਰਾਟਾ ਦੌੜ 10.60 ਸਕਿੰਟਾਂ ਵਿੱਚ ਪੂਰੀ ਕਰ ਦਿੱਤੀ ਜਦਕਿ 2005 ਵਿੱਚ ਭਾਰਤ ਦਾ 100 ਮੀਟਰ ਦਾ ਰਿਕਾਰਡ 10.30 ਸਕਿੰਟਾਂ ਦਾ ਬਣਿਆ ਹੈ। ਉਸ ਦੀ ਚੋਣ ਨੈਸ਼ਨਲ ਓਪਨ ਮੀਟ ਵਾਸਤੇ ਹੋਈ ਸੀ ਪਰ ਗਾਈਡੈਂਸ ਦੀ ਘਾਟ ਕਾਰਨ ਉਹ ਨੈਸ਼ਨਲ ਖੇਡਾਂ ਵਿੱਚ ਭਾਗ ਨਹੀ ਲੈ ਸਕਿਆ। ਸਕੂਲ ਦੀ ਪੜਾਈ ਛੱਡਣ ਤੋਂ 18 ਸਾਲ ਬਾਅਦ, ਆਪਣੀ ਅੰਤਰ ਆਤਮਾ ਦੀ ਆਵਾਜ ਸੁਣ ਕੇ ਉਸ ਨੇ ਮੁੜ ਗਰਾਊਂਡ ਵੱਲ ਰੁੱਖ ਕੀਤਾ। ਐਥਲੈਟਿਕ ਦੇ ਵੱਖ-ਵੱਖ ਈਵੈਟ ਦਾ ਬਿਨ੍ਹਾਂ ਕਿਸੇ ਕੋਚ ਦੀ ਮੱਦਦ ਦੇ ਆਪਣੀ ਸਮਝ ਅਨੁਸਾਰ ਅਭਿਆਸ ਸੂਰੁ ਕਰ ਦਿੱਤਾ।
ਛੇ ਮਹੀਨੇ ਦੇ ਸਖਤ ਅਭਿਆਸ ਤੋਂ ਬਾਅਦ ਉਸ ਨੇ ਭਾਰਤ ਸਰਕਾਰ ਵੱਲੋ ਅਯੋਜਿਤ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਇਲਾਹਾਬਾਦ ਅਤੇ ਵਿਦੇਸ਼ਾਂ ਵਿੱਚ ਛੇ ਈਵੈਂਟਾ ਵਿੱਚ ਭਾਗ ਲਿਆ ਤੇ 110 ਮੀਟਰ ਹਰਡਲ ਵਿੱਚ ਕਾਸਾ ਤਮਗਾ, 400 ਮੀਟਰ ਹਰਡਲ ਕਾਸਾ ਤਮਗਾ, ਲੰਬੀ ਛਾਲ ਵਿੱਚ ਕਾਸਾ ਤਮਗਾ, ਪੋਲ ਵਾਲਟ ਵਿੱਚ ਕਾਸਾ ਤਮਗਾ, 100 ਮੀਟਰ ਰਿਲੇਅ ਦੌੜ ਕਾਸੇ ਦਾ ਤਮਗਾ, 400 ਮੀਟਰ ਰਿਲੇਅ ਦੌੜ ਵਿੱਚ ਸਿਲਵਰ ਦੇ ਛੇ ਮੈਡਲ ਜਿੱਤੇ। ਦੂਜੇ ਰਾਜਾ ਦੀਆਂ ਸਰਕਾਰਾਂ ਜਿੱਥੇ ਆਪਣੇ ਐਥਲੀਟਾਂ ਨੂੰ ਨੌਕਰੀਆਂ ਅਤੇ ਤਮਗਿਆਂ ਅਨੁਸਾਰ 75 ਹਜਾਰ, 50 ਹਜਾਰ ਰੁਪਏ ਇਨਾਮ ਦੇਂਦੀਆਂ ਹਨ ਪਰ ਪੰਜਾਬ ਸਰਕਾਰ ਜਾਂ ਕਿਸੇ ਵੀ ਖੇਡ ਸੰਸਥਾ ਨੇ ਕੋਈ ਬਾਤ ਨਹੀਂ ਪੁੱਛੀ।
ਰੌਚਕ ਗੱਲ ਇਹ ਹੈ ਕਿ ਇਲਾਹਾਬਾਦ ਮੀਟ ਦੌਰਾਨ ਪੰਜਾਬ ਤੋਂ ਗਈ ਇੱਕ ਔਰਤ ਦੌੜਾਕ ਜੋ 400 ਮੀਟਰ ਦੀ ਰੇਸ ਲਗਾਉਦੀਂ ਸੀ। ਸੁਰਿੰਦਰਪਾਲ ਸਿੰਘ ਨੇ ਉਸ ਨੂੰ ਹਰਡਲ ਦੌੜ ਦਾ ਸੁਝਾਅ ਦਿੱਤਾ ਤਾਂ ਉਸ ਨੇ ਕਿਹਾ ਕਿ ਉਸ ਨੇ ਕਦੇ ਦੌੜ ਨਹੀ ਲਗਾਈ। ਬਸ ਸੂਰੁ ਹੋ ਗਈ ਕੋਚਿੰਗ ਤੇ ਅਗਲੇ ਦਿਨ ਉਸ ਦਾ ਗੋਲਡ ਮੈਡਲ ਆ ਗਿਆ। ਇਸ ਤਰ੍ਹਾਂ ਕੇਰਲ ਦੀ ਇੱਕ ਜੰਪਰ ਨੂੰ ਇੱਕ ਦਿਨ ਦੀ ਟ੍ਰਿਪਲ ਜੰਪ ਦੀ ਕੋਚਿੰਗ ਦਿੱਤੀ ਤੇ ਉਸ ਦਾ ਅਗਲੇ ਦਿਨ ਟ੍ਰਿਪਲ ਜੰਪ ਵਿੱਚੋਂ ਸਿਲਵਰ ਮੈਡਲ ਆ ਗਿਆ। ਜਿੱਤ ਤੋਂ ਬਾਅਦ ਭਾਰਤ ਦੇ ਵੱਖ-ਵੱਖ ਭਾਗਾ ਵਿੱਚੋਂ ਆਏ ਖਿਡਾਰੀਆਂ ਨੇ ਉਸ ਦੇ ਵਿਸ਼ੇਸ ਖਾਲਸਾ ਪਹਿਚਾਣ ਸਿੱਖੀ ਸਰੂਪ ਨੂੰ ਅਥਾਹ ਪਿਆਰ ਕੀਤਾ ਤੇ ਫੋਟੋਆ ਖਿਚਾਉਣ ਅਤੇ ਆਟੋਗਰਾਫ ਲੈਣ ਵਿੱਚ ਮਾਣ ਮਹਿਸੂਸ ਕੀਤਾ।
ਸਾਲਾ ਬੱਧੀ ਬੇਰੁਜਗਾਰੀ, ਕਦੇ ਸਾਲ ਵਿੱਚ ਕੁਝ ਮਹੀਨੇ ਪ੍ਰਾਈਵੇਟ ਸਕੂਲ ਵਿੱਚ ਕੋਚ ਦੀ ਨੌਕਰੀ, ਸਥਾਈ ਆਮਦਨ ਦਾ ਕੋਈ ਵਸੀਲਾ ਨਾ ਹੋਣਾ, ਪਰਿਵਾਰ ਦੀ ਆਮਦਨ ਦਾ ਇੱਕੋ ਸੋਮਾ ਪਿਤਾ ਨੂੰ ਲੈਂਡਮਾਰਕ ਬੈਂਕ ਵਿੱਚੋ ਮਿਲਦੀ ਪੈਨਸ਼ਨ ਦਾ ਬੰਦ ਹੋ ਜਾਣਾ, ਬਿਨ੍ਹਾਂ ਕਿਸੇ ਵਿਸ਼ੇਸ ਖੁਰਾਕ ਦੇ ਰੋਜਾਨਾ ਪ੍ਰੈਕਟਿਸ ਕਰਨਾ, ਆਰਥਿਕ ਤੰਗੀਆਂ ਦੀਆਂ ਮੰਦੀਆਂ ਹਾਲਤਾਂ ਕਾਰਨ ਏਸ਼ੀਆ ਐਥਲਿਟਿਕ ਮੀਟ ਸ੍ਰੀ ਲੰਕਾ ਵਿੱਚ ਭਾਗ ਨਹੀ ਲੈ ਸਕਿਆ। ਭਾਂਵੇ ਉਸ ਨੂੰ ਸੱਦੇ ਚੀਨ ਅਤੇ ਮਲੇਸੀਆ ਤੋਂ ਵੀ ਆਏ ਹਨ ਪਰ ਕਿਸੇ ਵੀ ਸੰਸਥਾ ਨੇ ਉਸ ਦੀ ਹਵਾਈ ਜਹਾਜ ਦੀ ਟਿਕਟ ਖਰੀਦਣ ਵਿੱਚ ਮੱਦਦ ਨਹੀ ਕੀਤੀ।
ਫੌਲਾਦ ਵਰਗੇ ਹੌਂਸਲੇ ਨਾਲ ਭਰਪੂਰ, ਚੜਦੀ ਕਲਾ ਵਿੱਚ ਰਹਿਣ ਵਾਲਾ ਸੁਰਿੰਦਰਪਾਲ ਸਿੰਘ ਖਾਲਸਾ ਭਾਰਤ ਦੇ ਫਰਾਟਾ ਦੌੜ ਦੇ 100 ਮੀਟਰ ਦੇ ਰਿਕਾਰਡ ਜੋ ਕਿ 10.30 ਸੈਕੰਡ ਹੈ, ਨੂੰ ਚੰਲੈਜ ਮੰਨਦਾ ਹੈ ਤੇ ਇਸ ਰਿਕਾਰਡ ਨੂੰ ਰੌਦਣਾ (ਤੋੜਨਾ) ਉਸ ਨੇ ਜਿੰਦਗੀ ਦਾ ਟੀਚਾ ਮਿੱਥ ਲਿਆ ਹੈ। ਭਾਂਵੇ ਕਿਸੇ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਸ਼ਾਬਾਸ਼ ਜਾਂ ਆਰਥਿਕ ਮੱਦਦ ਨਹੀਂ ਦਿੱਤੀ ਪਰ ਉਹ ਪੰਜਾਬ ਤੇ ਸਿੱਖ ਸਮਾਜ ਦਾ ਨਾਮ ਚਮਕਾਉਣ ਲਈ ਰੋਜਾਨਾ ਆਪਣੀ ਕਿਰਤ ਵਿੱਚੋ ਦੀ ਰੁੱਖੀ-ਮਿਸੀ ਖਾ ਕੇ ਗਰਾਊਂਡ ਵਿੱਚ ਨਿਰੰਤਰ ਅਭਿਆਸ ਕਰਦਾ ਹੈ। ਬੜੀ ਜਲਦੀ ਹੈ ਭਾਰਤ ਦੇ ਫਰਾਟਾ ਦੌੜ ਦਾ ਰਿਕਾਰਡ, ਪੰਜਾਬ ਦੇ ਖਾਲਸੇ ਦੌੜਾਕ ਦੇ ਨਾਮ ਹੋਣ ਦੀ ਖਬਰ ਆ ਸਕਦੀ ਹੈ।