ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦਾ ਇਹ 85ਵਾਂ ਜਨਮ ਦਿਨ ਹੈ। ਉਨ੍ਹਾਂ ਨੇ 10 ਸਾਲ ਤੱਕ ਪ੍ਰਧਾਨਮੰਤਰੀ ਦੇ ਤੌਰ ਤੇ ਦੇਸ਼ ਦੀ ਅਗਵਾਈ ਕੀਤੀ। ਉਹ ਹੁਣ ਤੱਕ ਦੇ ਸੱਭ ਤੋਂ ਵੱਧ ਐਜੂਕੇਟਿਡ ਪ੍ਰਧਾਨਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੇ ਵਿਸ਼ਵਭਰ ਵਿੱਚ ਸੱਭ ਤੋਂ ਵੱਧ ਮਾਣ-ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੂਆਤ 1991 ਵਿੱਚ ਕੀਤੀ ਸੀ।
ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਪੰਜਾਬ ਦੇ ਗਾਹ ਪਿੰਡ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਉਹ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨਮੰਤਰੀ ਰਹੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ਤੇ ਸੇਵਾਵਾਂ ਦਿੱਤੀਆਂ। ਉਹਨਾਂ ਨੇ 1991 ਤੋਂ 1996 ਤੱਕ ਭਾਰਤ ਦੇ ਵਿੱਤਮੰਤਰੀ ਦੇ ਰੂਪ ਵਿੱਚ ਜਿੰਮੇਵਾਰੀ ਸੰਭਾਲੀ ਅਤੇ ਦੇਸ਼ ਦੀ ਆਰਥਿਕਤਾ ਸਬੰਧੀ ਬਹੁਤ ਸਾਰੇ ਸੁਧਾਰ ਅਤੇ ਬਦਲਾਅ ਕੀਤੇ। ਉਨ੍ਹਾਂ ਦੇ ਆਰਥਿਕ ਸੁਧਾਰਾਂ ਦੀਆਂ ਵਿਆਪਕ ਨੀਤੀਆਂ ਦੇ ਲਈ ਅੱਜ ਵੀ ਉਨ੍ਹਾਂ ਨੂੰ ਦੁਨੀਆਂਭਰ ਵਿੱਚ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਦੇ ਸ਼ਾਸਨਕਾਲ ਦੌਰਾਨ ਵਾਈਟ ਹਾਊਸ ਵਿੱਚ ਰਾਇਲ ਡਿਨਰ ਦਿੱਤਾ ਗਿਆ ਸੀ, ਜੋ ਕਿ ਹੁਣ ਤੱਕ ਉਨ੍ਹਾਂ ਸਮੇਤ ਵਿਸ਼ਵ ਦੀਆਂ ਸਿਰਫ਼ ਪੰਜ ਹਸਤੀਆਂ ਨੂੰ ਦਿੱਤਾ ਗਿਆ ਸੀ। ਰਾਸ਼ਟਰਪਤੀ ਜਾਰਜ ਬੁਸ਼ ਨੇ ਖੁਦ ਆਪਣੇ ਹੱਥਾਂ ਨਾਲ ਡਾ. ਮਨਮੋਹਨ ਸਿੰਘ ਦੀ ਪੋਰਟ੍ਰੇਟ ਵੀ ਬਣਾਈ ਹੈ। ਵਾਹਿਗੁਰੂ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ।