ਫ਼ਤਹਿਗੜ੍ਹ ਸਾਹਿਬ – “ਮੀਆਮਾਰ ਦੀ ਚਾਂਸਲਰ ਆਂਗ-ਸਾਨ-ਸੂ ਕੀ ਨੋਬਲ ਪ੍ਰਾਈਜ਼ ਪ੍ਰਾਪਤ ਹੈ । ਉਸਨੇ ਲੰਮਾਂ ਸਮਾਂ ਬਰਮਾ ਦੀ ਫ਼ੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਲੰਮਾਂ ਸਮਾਂ ਹੁਕਮਰਾਨਾਂ ਦੀ ਬੰਦੀ ਰਹੀ । ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ ਤਾਂ ਉਸ ਵੱਲੋਂ ਬਰਮਾ ਦੀ ਘੱਟ ਗਿਣਤੀ ਕੌਮ ਰੋਹਿੰਗਿਆਂ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਨ ਦੇ ਅਮਲ ਅਤਿ ਦੁੱਖਦਾਇਕ ਹਨ । ਕਿਉਂਕਿ ਜਿਸ ਨੇ ਹਕੂਮਤਾਂ ਦੇ ਜ਼ਬਰ-ਜੁਲਮ ਖੁਦ ਸਹਿ ਹੋਣ, ਉਹ ਆਪਣੇ ਹੀ ਲੋਕਾਂ ਤੇ ਜ਼ਬਰ-ਜੁਲਮ ਕਰੇ, ਇਹ ਤਾਂ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਅਮਲ ਹਨ ਅਤੇ ਰੋਹਿੰਗਿਆਂ ਦਾ ਕਤਲੇਆਮ ਕਰਨ, ਜ਼ਬਰੀ ਦੂਸਰੇ ਮੁਲਕਾਂ ਵਿਚ ਸਰਨਾਰਥੀ ਬਣਾਕੇ ਗੁਲਾਮਾਂ ਦੀ ਤਰ੍ਹਾਂ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਕਰਨਾ ਕੌਮਾਂਤਰੀ ਮਨੁੱਖੀ ਅਧਿਕਾਰਾਂ, ਅਮਨ-ਚੈਨ ਅਤੇ ਜਮਹੂਰੀਅਤ ਦੇ ਨਿਯਮਾਂ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੋਇਆ ਰੋਹਿੰਗਿਆਂ ਨੂੰ ਆਪਣੇ ਮੁਲਕ ਦੇ ਨਿਵਾਸੀਆ ਦੀ ਤਰ੍ਹਾਂ ਸਮੁੱਚੇ ਸੰਵਿਧਾਨਿਕ ਹੱਕ ਦੇ ਕੇ ਬਰਾਬਰਤਾ ਦੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਜਿੰਦਗੀ ਜਿਊਣ ਦਾ ਹੱਕ ਦੇਣ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਮਾ ਦੀ ਆਂਗ-ਸਾਗ-ਸੂ ਕੀ ਹਕੂਮਤ ਵੱਲੋਂ ਰੋਹਿੰਗੀ ਫਿਰਕੇ ਦੇ ਬਰਮਾ ਨਿਵਾਸੀਆ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਅਤੇ ਉਨ੍ਹਾਂ ਨੂੰ ਜ਼ਬਰੀ ਦੂਸਰੇ ਮੁਲਕਾਂ ਦੇ ਸਰਨਾਰਥੀ ਬਣਾਉਣ ਦੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਬਰਮਾ ਨਿਵਾਸੀ ਪ੍ਰਵਾਨ ਕਰਕੇ ਜਿੰਦਗੀ ਜਿਊਂਣ ਦੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਦੀ ਸੰਜ਼ੀਦਗੀ ਭਰੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਸਮਰਾਟ ਅਸੋਕ ਨੇ ਕਲਿੰਗਾ ਦੇ ਯੁੱਧ ਵਿਚ ਜੈਬਾਧਾਮ ਦੇ ਸਥਾਨ ਤੇ ਮਨੁੱਖਤਾ ਦਾ ਜੰਗ ਵਿਚ ਵੱਡਾ ਕਤਲੇਆਮ ਕੀਤਾ ਅਤੇ ਬਹੁਤ ਨੁਕਸਾਨ ਹੋਇਆ ਤਾਂ ਉਪਰੰਤ ਸਮਰਾਟ ਅਸੋਕ ਨੇ ਸਦਾ ਲਈ ਯੁੱਧਾਂ-ਜੰਗਾਂ ਤੋਂ ਤੋਬਾ ਕਰ ਲਈ ਕਿਉਂਕਿ ਸਭ ਪਾਸੇ ਮਨੁੱਖਤਾ ਦੀਆਂ ਲਾਸਾ ਦੀ ਬਦਬੂ ਫੈਲ ਗਈ ਸੀ ਜੋ ਉਸ ਖੁਦ ਲਈ ਵੀ ਬਰਦਾਸਤ ਨਹੀਂ ਸੀ ਹੋ ਸਕੀ । ਪਰ ਆਂਗ-ਸਾਗ-ਸੂ ਕੀ ਵੱਲੋਂ ਹਕੂਮਤ ਤੇ ਬਿਰਾਜਮਾਨ ਹੋਣ ਉਪਰੰਤ ਮਨੁੱਖਤਾ ਦਾ ਕਤਲੇਆਮ ਕਰਨ ਦੀ ਕਾਰਵਾਈ ਉਸਦੀ ਪਹਿਲੀ ਸੰਘਰਸਸ਼ੀਲ ਸਖਸੀਅਤ ਉਤੇ ਕਾਲੇ ਧੱਬੇ ਵਾਲੇ ਹਨ ਅਤੇ ਉਸ ਨੂੰ ਦਾਗੀ ਕਰ ਰਹੇ ਹਨ । ਇਸ ਲਈ ਆਂਗ-ਸਾਗ-ਸੂ ਕੀ ਲਈ ਬਿਹਤਰ ਹੋਵੇਗਾ ਕਿ ਉਹ ਵੀ ਸਮਰਾਟ ਅਸੋਕ ਦੀ ਸੋਚ ਤੋ ਅਗਵਾਈ ਲੈਦੇ ਹੋਏ ਇਹ ਹੋ ਰਹੇ ਜ਼ਬਰ-ਜੁਲਮ ਤੋ ਤੋਬਾ ਕਰਕੇ ਰੋਹਿੰਗਾ ਫਿਰਕੇ ਦੇ ਘੱਟ ਗਿਣਤੀ ਨਿਵਾਸੀਆ ਨੂੰ ਆਪਣੇ ਗਲੇ ਨਾਲ ਲਗਾਉਣ ਅਤੇ ਉਨ੍ਹਾਂ ਨੂੰ ਜਮਹੂਰੀਅਤ ਤੇ ਅਮਨਮਈ ਤਰੀਕੇ ਜਿੰਦਗੀ ਜਿਊਣ ਦੇ ਹੱਕ ਦੇਣ ।
ਉਨ੍ਹਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ ਜਰਮਨ ਵਿਚ ਚਾਂਸਲਰ ਦੀਆਂ ਚੋਣਾਂ ਹੋ ਰਹੀਆ ਸਨ, ਤਾਂ ਅਸੀਂ ਪਹਿਲੇ ਹੀ ਬੀਬੀ ਏਜਲਾ ਮਾਰਕਲ ਨੂੰ ਜਿੱਤ ਦੀ ਵਧਾਈ ਦੇ ਦਿੱਤੀ ਸੀ । ਕਿਉਂਕਿ ਬੀਬੀ ਮਾਰਕਲ ਅਮਨ ਤੇ ਜਮਹੂਰੀਅਤ ਦੇ ਮਸੀਹਾ ਹਨ ਅਤੇ ਮਨੁੱਖੀ ਹੱਕਾਂ ਲਈ ਕੌਮਾਂਤਰੀ ਪੱਧਰ ਤੇ ਅੱਗੇ ਹੋ ਕੇ ਉਨ੍ਹਾਂ ਨੇ ਜਿੰਮੇਵਾਰੀਆ ਨਿਭਾਈਆ ਹਨ । ਬੇਸ਼ੱਕ ਬੀਬੀ ਏਜਲਾ ਮਾਰਕਲ ਦੀ ਪਾਰਟੀ ਤੇ ਉਹ ਬਹੁਤ ਘੱਟ ਵੋਟਾਂ ਤੇ ਜਿੱਤੇ ਹਨ, ਪਰ ਉਨ੍ਹਾਂ ਦੀ ਮਨੁੱਖਤਾ ਪੱਖੀ ਕੌਮਾਂਤਰੀ ਪੱਧਰ ਦੀਆਂ ਕਾਰਵਾਈਆ ਦੀ ਬਦੌਲਤ ਇਨਸਾਨੀਅਤ ਦੀ ਜਿੱਤ ਹੋਈ ਹੈ ਅਤੇ ਕੌਮਾਂਤਰੀ ਪੱਧਰ ਤੇ ਉਨ੍ਹਾਂ ਦੀ ਸਖਸ਼ੀਅਤ ਦੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਹੋਇਆ ਹੈ । ਇਸ ਲਈ ਅਸੀਂ ਇਹ ਮੰਗ ਕਰਦੇ ਹਾਂ ਕਿ ਬੀਬੀ ਏਜਲਾ ਮਾਰਕਲ ਦੀਆ ਮਨੁੱਖੀ ਪੱਖੀ ਕਾਰਵਾਈਆ ਦੀ ਬਦੌਲਤ ਉਨ੍ਹਾਂ ਨੂੰ ਇਸ ਵਾਰੀ ਨੋਬਲ ਪ੍ਰਾਈਜ ਲਈ ਚੁਣਿਆ ਜਾਵੇ ਅਤੇ ਮਨੁੱਖੀ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦਿੱਤੀ ਜਾਵੇ । ਜੇਕਰ ਆਂਗ-ਸਾਗ-ਸੂ ਕੀ ਚਾਂਸਲਰ ਮੀਆਮਾਰ ਵੀ ਬੀਬੀ ਏਜਲਾ ਮਾਰਕਲ ਦੇ ਅਮਲਾਂ ਤੇ ਸੋਚ ਤੋ ਅਗਵਾਈ ਲੈਕੇ ਰੋਹਿੰਗਿਆ ਦੇ ਜ਼ਬਰ-ਜੁਲਮ ਨੂੰ ਬੰਦ ਕਰਕੇ ਉਨ੍ਹਾਂ ਨੂੰ ਅੱਛੇ ਬਰਮਾ ਦੇ ਸ਼ਹਿਰੀ ਬਣਨ ਦਾ ਹੱਕ ਦੇਣ ਤਾਂ ਇਸ ਬੀਬੀ ਦੀ ਸਖਸ਼ੀਅਤ ਵੀ ਕੌਮਾਂਤਰੀ ਪੱਧਰ ਤੇ ਉਪਰ ਉੱਠ ਸਕੇਗੀ ਵਰਨਾ ਦਾਗੀ ਹੋਣ ਤੋ ਕੋਈ ਨਹੀਂ ਬਚਾਅ ਸਕੇਗਾ ।
ਸ. ਮਾਨ ਨੇ ਕਿਹਾ ਕਿ ਕੁਰਦ ਕੌਮ ਆਪਣੀ ਕੌਮ ਲਈ ਰਾਏਸੁਮਾਰੀ ਰਾਹੀ ਵੱਖਰੇ ਮੁਲਕ ਦੀ ਮੰਗ ਕਰਦੇ ਹਨ । ਕੁਰਦ ਕੌਮ ਇਰਾਕ, ਇਰਾਨ, ਸੀਰੀਆ ਤੇ ਤੁਰਕੀ ਵਿਚ ਵੱਸਦੀ ਹੈ । ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਸ੍ਰੀ ਬੁੱਸ ਵੱਲੋਂ ਵੀ ਕੁਰਦਿਸ ਕੌਮ ਦੀ ਆਜ਼ਾਦੀ ਦੀ ਹਮਾਇਤ ਕੀਤੀ ਗਈ ਸੀ । ਇਸ ਲਈ ਜੇਕਰ ਕੌਮਾਂਤਰੀ ਪੱਧਰ ਤੇ ਸਭ ਆਜ਼ਾਦੀ ਅਤੇ ਅਮਨ-ਚੈਨ ਚਾਹੁੰਣ ਵਾਲੇ ਮੁਲਕ ਅਤੇ ਹਕੂਮਤਾਂ ਉਪਰੋਕਤ ਚਾਰੇ ਮੁਲਕਾਂ ਦੇ ਕੁਰਦ ਨਿਵਾਸੀਆ ਦੀ ਅੱਛੀ ਜਿੰਦਗੀ ਲਈ ਉਨ੍ਹਾਂ ਦੇ ਬਿਨ੍ਹਾਂ ਤੇ ਆਜ਼ਾਦੀ ਪ੍ਰਦਾਨ ਕਰਨ ਦੀ ਕਾਰਵਾਈ ਸੰਜ਼ੀਦਗੀ ਨਾਲ ਕਰ ਸਕਣ ਤਾਂ ਇਹ ਇਨ੍ਹਾਂ ਮੁਲਕਾਂ ਵਿਚ ਅਮਨ-ਚੈਨ ਸਥਾਈ ਤੌਰ ਤੇ ਕਾਇਮ ਕਰਨ ਲਈ ਵੱਡੀ ਮਦਦ ਮਿਲੇਗੀ । ਇਸੇ ਤਰ੍ਹਾਂ ਸਪੇਨ ਵਿਚ ਕੈਥੋਲੀਨ ਕੌਮ ਵੀ ਆਜ਼ਾਦੀ ਦੀ ਜਮਹੂਰੀਅਤ ਤਰੀਕੇ ਮੰਗ ਕਰ ਰਹੀ ਹੈ ਅਤੇ ਭਾਰਤ ਤੇ ਪੰਜਾਬ ਵਿਚ ਸਿੱਖ ਕੌਮ ਕੌਮਾਂਤਰੀ ਨਿਯਮਾਂ ਅਧੀਨ ਆਜ਼ਾਦੀ ਚਾਹੁੰਦੇ ਹਨ ਅਤੇ ਕਸ਼ਮੀਰ ਵਿਚ ਉਥੋ ਦੀ ਮੁਸਲਿਮ ਕੌਮ ਆਪਣੀ ਆਜ਼ਾਦੀ ਚਾਹੁੰਦੀ ਹੈ ਅਤੇ ਇਹ ਕੌਮਾਂ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਆਪਣੇ ਮੁਲਕ ਆਜ਼ਾਦ ਕਰਨ ਲਈ ਅਤੇ ਗੁਲਾਮੀਅਤ ਤੋ ਛੁਟਕਾਰਾ ਪਾਉਣ ਲਈ ਸੰਘਰਸ਼ ਕਰ ਰਹੀਆ ਹਨ । ਇਨ੍ਹਾਂ ਨੂੰ ਵੀ ਸਭ ਇਨਸਾਫ ਪਸੰਦ ਮੁਲਕ ਆਜ਼ਾਦੀ ਪ੍ਰਦਾਨ ਕਰਨ ਵਿਚ ਕੌਮਾਂਤਰੀ ਪੱਧਰ ਤੇ ਯੋਗਦਾਨ ਪਾਉਣ ਤਾਂ ਕਿ ਇਹ ਕੌਮਾਂ ਵੀ ਆਪੋ-ਆਪਣੇ ਮੁਲਕਾਂ ਵਿਚ ਆਜ਼ਾਦੀ ਅਤੇ ਬਰਾਬਰਤਾ ਦੇ ਹੱਕਾਂ ਦਾ ਨਿੱਘ ਮਾਣ ਸਕਣ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਇਨ੍ਹਾਂ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਅਸੂਲਾਂ ਨੂੰ ਲੈਕੇ ਅਸੀਂ ਗੁਰਦਾਸਪੁਰ ਦੀ ਲੋਕ ਸਭਾ ਜਿਮਨੀ ਚੋਣ ਲੜਨ ਜਾ ਰਹੇ ਹਾਂ । ਇਸ ਸੰਬੰਧ ਵਿਚ ਮਿਤੀ 27 ਸਤੰਬਰ ਨੂੰ ਪਠਾਨਕੋਟ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ । ਸਭ ਅਹੁਦੇਦਾਰ ਅਤੇ ਪੰਥਕ ਸੰਗਠਨ ਸ. ਕੁਲਵੰਤ ਸਿੰਘ ਮਝੈਲ ਉਮੀਦਵਾਰ ਦੀ ਜਿੱਤ ਲਈ ਆਪਣੇ ਸਾਂਝੇ ਤੌਰ ਤੇ ਉਦਮ ਕਰਨ । ਇਹ ਉਦਮ ਵੀ ਸਿੱਖ ਕੌਮ ਦੀ ਆਜ਼ਾਦੀ ਵੱਲ ਇਕ ਪੌੜੀ ਹੋਵੇਗੀ ।