ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਰੋਹਿੰਗਾ ਫਿਰਕੇ ਦੇ ਮੀਆਮਾਰ ਦੇ ਨਿਵਾਸੀਆ ਨੂੰ ਗੈਰ-ਦਲੀਲ ਢੰਗ ਨਾਲ ਦਹਿਸਤਗਰਦ ਐਲਾਨਕੇ ਅਤੇ ਵਿਦੇਸ਼ੀ ਕਹਿਕੇ ਬਿਲਕੁਲ ਹੀ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਕਦਰਾ-ਕੀਮਤਾ ਨੂੰ ਨਜ਼ਰ ਅੰਦਾਜ ਕਰਕੇ ਰੋਹਿੰਗਿਆ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ । ਇਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਧਰਤੀ ਇਕ ਉਪ-ਮਹਾਦੀਪ ਹੈ । ਇਸ ਦੀਆਂ ਇਨਸਾਨੀਅਤ ਅਤੇ ਮਨੁੱਖਤਾ ਲਈ ਉਪਰੋਕਤ ਆਗੂ ਅਤੇ ਆਰ.ਐਸ.ਐਸ. ਦੇ ਸ੍ਰੀ ਭਗਵਤ ਜੋ ਬਣਾਉਟੀ ਹੱਦਾ ਬਣਾਕੇ ਮਨੁੱਖਤਾ ਨੂੰ ਦੁਰਕਾਰ ਰਹੇ ਹਨ, ਉਹ ਵੀ ਇਨਸਾਨ ਹਨ । ਜਦੋਂਕਿ ਇਹ ਜੋ ਮੋਦੀ, ਰਾਜਨਾਥ ਸਿੰਘ, ਭਗਵਤ ਅਤੇ ਹੋਰ ਹਿੰਦੂ ਆਗੂ ਜੋ ਆਰੀਆ ਹਨ, ਇਹ ਵੀ ਤਾ ਬਾਹਰੋ ਆਏ ਹੋਏ ਹਨ । ਪਾਰਸੀ ਵੀ ਬਾਹਰੋ ਆਏ ਹੋਏ ਹਨ, ਪਰ ਉਹ ਵਫ਼ਾਦਾਰ ਸ਼ਹਿਰੀ ਹਨ । ਅਰਬ ਤੋ ਆਏ ਮੁਸਲਮਾਨ ਵੀ ਤਾਂ ਬਾਹਰੋ ਆਏ ਸਨ, ਜੋ ਕੇਰਲਾ ਵਿਚ ਵੱਸਦੇ ਹਨ । ਜਦੋਂ ਦਾ ਅਰਬ ਵਿਚ ਤੇਲ ਲੱਭਿਆ ਹੈ, ਇਹ ਸਭ ਉੱਧਰ ਆਪਣੇ ਕਾਰੋਬਾਰ ਤੇ ਨੌਕਰੀਆਂ ਲਈ ਚਲੇ ਗਏ ਹਨ, ਬੇਸ਼ੱਕ ਰਹਿੰਦੇ ਇਥੇ ਹਨ । ਯਹੂਦੀ 1800 ਈਸਵੀ ਵਿਚ ਇਥੇ ਆਏ, ਜਦੋਂ 1948 ਵਿਚ ਉਨ੍ਹਾਂ ਦਾ ਮੁਲਕ ਇਜਰਾਇਲ ਬਣਿਆ, ਉਹ ਇਜਰਾਇਲ ਚਲੇ ਗਏ । ਅਸਲੀ ਤੌਰ ਤੇ ਇਥੋ ਦੇ ਨਿਵਾਸੀ ਟ੍ਰਿਬਿਲੀਅਨ ਹਨ । ਜੋ ਕਰਨਾਟਕਾ, ਆਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲਾ ਵਿਚ ਵੱਸੇ ਹੋਏ ਹਨ । ਇਸ ਤਰ੍ਹਾਂ ਮਨੁੱਖਤਾ ਅਤੇ ਇਨਸਾਨੀਅਤ ਨੂੰ ਵਿਦੇਸ਼ੀ ਅਤੇ ਦਹਿਸਤਗਰਦ ਕਹਿਕੇ, ਮੌਤ ਦੇ ਮੂੰਹ ਵਿਚ ਧਕੇਲਣਾ ਜਾਂ ਉਨ੍ਹਾਂ ਦੀ ਜਿੰਦਗੀ ਜਿਊਣ ਦੀ ਆਜ਼ਾਦੀ ਦੇ ਹੱਕ ਨੂੰ ਖੋਹਣਾ ਨਹੀਂ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ, ਰਾਜਨਾਥ ਸਿੰਘ ਅਤੇ ਮੋਹਨ ਭਗਵਤ ਆਦਿ ਵੱਲੋਂ ਰੋਹਿੰਗਾ ਫਿਰਕੇ ਦੇ ਨਿਵਾਸੀਆ ਨੂੰ ਗੈਰ-ਦਲੀਲ ਢੰਗ ਨਾਲ ਦਹਿਸਤਗਰਦ ਐਲਾਨਣ ਅਤੇ ਵਿਦੇਸ਼ੀ ਕਹਿਣ ਦੀ ਨਫ਼ਰਤ ਭਰੀ ਸੋਚ ਅਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਹਿੰਦੂ ਆਗੂਆਂ ਨੂੰ ਵੀ ਬਤੌਰ ਆਰੀਅਨ ਵਿਦੇਸ਼ੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੌਮਾਂਤਰੀ ਕਾਨੂੰਨ ਸਪੱਸਟ ਵਿਚ ਕਹਿੰਦਾ ਹੈ ਕਿ ਕਿਸੇ ਵੀ ਕੌਮ, ਫਿਰਕੇ ਜਾਂ ਕਬੀਲੇ ਆਦਿ ਦੀ ਪ੍ਰਭੂਸਤਾ (ਸੋਵੲਰੲਗਿਨਟੇ) ਨੂੰ ਨਜ਼ਰ ਅੰਦਾਜ ਕਰਕੇ ਅਜਿਹੇ ਸਥਾਂਨ ਤੇ ਨਹੀਂ ਭੇਜਿਆ ਜਾ ਸਕਦਾ, ਜਿਥੇ ਉਸਦੀ ਜਿੰਦਗੀ ਖ਼ਤਰੇ ਵਿਚ ਹੋਵੇ । ਅੱਜ ਫ਼ੌਜ ਕਸ਼ਮੀਰੀਆਂ ਨੂੰ ਮਾਰ ਰਹੀ ਹੈ । ਬਰਮਾ ਰੋਹਿੰਗਿਆ ਨੂੰ ਮਾਰ ਰਿਹਾ ਹੈ । ਪਰ ਇਹ ਸਭ ਹਨ ਤਾਂ ਪੰਜਾਬੀ । ਜਦੋਂ ਪੰਜਾਬੀ ਨੂੰ ਮਾਰੋਗੇ, ਤਾਂ ਸਾਨੂੰ ਦਰਦ ਹੋਣਾ ਤਾ ਕੁਦਰਤੀ ਹੈ । ਅਜਿਹਾ ਦਰਦ ਜਾਣਬੁੱਝ ਕੇ ਕਿਉਂ ਪਹੁੰਚਾਉਦੇ ਹੋ ? ਕਿਸੇ ਦੇ ਵੀ ਧਰਮ, ਮਜ੍ਹਬ ਨੂੰ ਠੇਸ ਜਾਂ ਦਰਦ ਨਹੀਂ ਪਹੁੰਚਾਉਣੀ ਚਾਹੀਦੀ । ਬੀਜੇਪੀ ਦੇ ਆਗੂ ਅਤੇ ਸਾਬਕਾ ਵਜ਼ੀਰ ਸ੍ਰੀ ਜਸਵੰਤ ਸਿਨ੍ਹਾ ਨੇ ਸੱਚ ਨੂੰ ਹੀ ਸਪੱਸਟ ਕੀਤਾ ਹੈ ਕਿ ਨੋਟਬੰਦੀ ਅਤੇ ਜੀ.ਐਸ.ਟੀ. ਨੇ ਹੀ ਇਥੋ ਦੇ ਵਪਾਰ, ਕਾਰੋਬਾਰ, ਮਾਲੀ ਹਾਲਾਤ ਅਤੇ ਜਨ-ਜੀਵਨ ਨੂੰ ਤਬਾਹ ਕੀਤਾ ਹੈ । ਜਿਸ ਲਈ ਇਹ ਆਗੂ ਆਪਣੀ ਜਿੰਮੇਵਾਰੀ ਤੋ ਬਚ ਨਹੀਂ ਸਕਦੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਪੈਟ੍ਰੋਲ, ਡੀਜ਼ਲ ਮਹਿੰਗਾ ਕਰਕੇ ਵਪਾਰ, ਜਿੰਮੀਦਾਰ, ਖੇਤ ਮਜ਼ਦੂਰ ਅਤੇ ਪੰਜਾਬ ਦੀ ਮਾਲੀ ਸਥਿਤੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ । ਕਿਉਂਕਿ ਪੰਜਾਬ ਸੂਬਾ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ । ਅਸੀਂ ਪੁੱਛਣਾ ਚਾਹਵਾਂਗੇ ਕਿ ਪੰਜਾਬ ਦਾ ਜਿੰਮੀਦਾਰ ਤੇ ਖੇਤ ਮਜ਼ਦੂਰ ਹੀ ਖੁਦਕਸ਼ੀਆ ਕਰ ਰਿਹਾ ਹੈ । ਜਦੋਂਕਿ ਗੁਆਢੀ ਸੂਬੇ ਹਰਿਆਣਾ, ਹਿਮਾਚਲ, ਰਾਜਸਥਾਂਨ, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਨਾਲ ਲੱਗਦੇ ਪਾਕਿਸਤਾਨ ਮੁਲਕ ਵਿਚ ਖੁਦਕਸੀਆ ਕਿਉਂ ਨਹੀਂ ਹੋ ਰਹੀਆ ? ਇਹ ਸਾਡੇ ਨਾਲ ਮੌਜੂਦਾ ਹੁਕਮਰਾਨਾਂ ਵੱਲੋ ਘੋਰ ਬੇਇਨਸਾਫ਼ੀ ਹੋ ਰਹੀ ਹੈ। ਹੁਣੇ ਹੀ ਇਹ ਫਿਗਰ ਆਈ ਹੈ ਕਿ 1 ਲੱਖ 10 ਹਜ਼ਾਰ ਕਰੋੜ ਰੁਪਏ ਵਪਾਰੀਆ ਅਤੇ ਉਦਯੋਗਪਤੀਆ ਦਾ ਮੋਦੀ ਨੇ ਕਰਜਾ ਮੁਆਫ਼ ਕੀਤਾ ਹੈ, ਜਦੋਂਕਿ ਕਿਸੇ ਵੀ ਵਪਾਰੀ ਤੇ ਉਦਯੋਗਪਤੀ ਨੂੰ ਇਕ ਖਰੋਚ ਵੀ ਨਹੀਂ ਆਈ।
ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂ ਅਜਮੇਰ ਸਿੰਘ ਲੱਖੋਵਾਲ 10 ਸਾਲਾ ਤੋ ਬਾਦਲਾਂ ਨਾਲ ਆਪਣੇ ਹਿੱਤਾ ਦੀ ਪੂਰਤੀ ਲਈ ਚੱਲਦੇ ਆ ਰਹੇ ਹਨ । ਬਲਵੀਰ ਸਿੰਘ ਰਾਜੇਵਾਲ ਵੀ ਬਾਦਲਾਂ ਦੀ ਹੀ ਗੱਲ ਕਰ ਰਿਹਾ ਹੈ । ਸ. ਭੁਪਿੰਦਰ ਸਿੰਘ ਮਾਨ ਕਾਂਗਰਸ ਨਾਲ ਚੱਲ ਰਹੇ ਹਨ । ਜਦੋਂ ਇਥੋ ਦੇ ਵਜ਼ੀਰਾਂ, ਆਗੂਆਂ ਨੇ ਕੀੜੇਮਾਰ ਦਵਾਈਆ, ਖਾਦਾ, ਡੀਜ਼ਲ ਅਤੇ ਜੈਵਿਕ ਪਦਾਰਥਾਂ ਵਿਚ ਮਿਲਾਵਟਾ ਕਰਕੇ ਇਥੋ ਦੇ ਮਿਹਨਤਕਸ ਕਿਸਾਨ ਅਤੇ ਖੇਤ ਮਜ਼ਦੂਰ ਨਾਲ ਅਤੇ ਉਨ੍ਹਾਂ ਦੀ ਮਾਲੀ ਹਾਲਤ ਨਾਲ ਧੋਖਾ ਕੀਤਾ ਤਾਂ ਕਿਸਾਨਾਂ ਦੀਆਂ ਫਸਲਾਂ ਖ਼ਤਮ ਹੋ ਗਈਆ । ਕਿਸਾਨ ਅਤੇ ਖੇਤ ਮਜ਼ਦੂਰ ਖੁਦਕਸੀਆ ਲਈ ਮਜ਼ਬੂਰ ਹੋਏ । ਮਹਾਰਾਸਟਰ, ਯੂਪੀ ਦੀਆਂ ਖੰਡ ਮਿੱਲਾ ਨੂੰ ਮੋਦੀ ਹਕੂਮਤ ਨੇ ਹਜ਼ਾਰਾਂ ਕਰੋੜ ਰੁਪਏ ਮਦਦ ਦਿੱਤੀ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਗੰਨੇ ਦਾ ਭੁਗਤਾਨ ਹੀ ਨਹੀਂ ਕੀਤਾ, ਬਲਕਿ ਸੂਗਰ ਮਿੱਲਾ ਨੂੰ ਵੀ ਅੱਗੇ ਤੋਰਿਆ । ਪਰ ਪੰਜਾਬ ਦੀਆਂ ਸੂਗਰ ਮਿੱਲਾ ਅਤੇ ਇਥੋ ਦੇ ਕਿਸਾਨਾਂ ਦੇ ਗੰਨੇ ਦੀ ਫ਼ਸਲ ਦਾ ਕਰੋੜਾਂ ਰੁਪਏ ਦਾ ਭੁਗਤਾਨ ਅਤੇ ਤੱਕ ਬਕਾਇਆ ਖੜ੍ਹਾ ਹੈ । ਅੰਗਰੇਜ਼ਾਂ ਦੀ ਹਕੂਮਤ ਸਮੇਂ ਇਹ ਹੁਕਮ ਸੀ ਕਿ ਕਿਸਾਨ ਦਾ ਇਕ ਵੱਡਾ ਲੜਕਾ ਫ਼ੌਜ ਵਿਚ ਭਰਤੀ ਕੀਤਾ ਜਾਵੇ। ਉਸਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਨੂੰ ਫ਼ੌਜ ਵਿਚ ਭਰਤੀ ਲਈ ਨੌਜ਼ਵਾਨ ਨਹੀਂ ਸਨ ਮਿਲਦੇ, ਬਲਕਿ ਉਹ ਪੰਜਾਬ ਸੂਬੇ ਤੇ ਕਿਸਾਨਾਂ ਨੂੰ ਮਾਲੀ ਤੌਰ ਤੇ ਸਦਾ ਲਈ ਮਜ਼ਬੂਤ ਰੱਖਣਾ ਲੋਚਦੇ ਸਨ । ਉਸ ਸਮੇਂ ਸਿੱਖ ਕੌਮ ਅਤੇ ਕਿਸਾਨਾਂ ਦਾ ਭਰਤੀ ਦਾ ਕੋਟਾ 25% ਸੀ ਜੋ ਕਿ ਮੁਤੱਸਵੀ ਹੁਕਮਰਾਨਾਂ ਨੇ ਘਟਾਕੇ ਕੇਵਲ 2% ਕਰ ਦਿੱਤਾ ਹੈ । ਕਹਿਣ ਤੋ ਭਾਵ ਹੈ ਕਿ ਹੁਕਮਰਾਨ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਕੰਮਜੋਰ ਕਰਨ ਲਈ ਜਿੰਮੇਵਾਰ ਹਨ ਅਤੇ ਸਾਜਿ਼ਸਾਂ ਕਰਦੇ ਰਹਿੰਦੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅੰਗਰੇਜ਼ਾਂ ਸਮੇ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਵਧੇਰੇ ਪ੍ਰਫੁੱਲਿਤ ਕਰਨ ਲਈ ਸਿੱਖਾਂ ਨੂੰ ਵਿਦੇਸ਼, ਗ੍ਰਹਿ ਜਾਂ ਵਿੱਤ ਵਿਭਾਗ ਵਿਜਾਰਤ ਵਿਚ ਦੇ ਕੇ ਉਪਰ ਰੱਖਿਆ ਜਾਂਦਾ ਸੀ । ਜੋ ਕਿ ਲੰਮਾਂ ਸਮਾਂ ਇਹ ਰਵਾਇਤ ਚੱਲਦੀ ਰਹੀ ਹੈ । ਪਰ ਹੁਣ ਇਨ੍ਹਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਵਲ ਜੂਸਾ ਅਤੇ ਸਬਜੀਆ ਦਾ ਮਹਿਕਮਾ ਦੇ ਕੇ ਅਤੇ ਕੈਬਨਿਟ ਵਿਚ ਸਿੱਖ ਕੌਮ ਨੂੰ ਸਤਿਕਾਰ ਨਾ ਦੇ ਕੇ ਖੁਦ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਆਪਣੀ ਸੌੜੀ ਸੋਚ ਅਤੇ ਅਮਲਾਂ ਦਾ ਪ੍ਰਗਟਾਵਾ ਕਰ ਦਿੱਤਾ ਹੈ । ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ । ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਹੋ ਰਹੀਆ ਬੇਇਨਸਾਫ਼ੀਆ ਬੰਦ ਹੋਣ ਤਦ ਹੀ ਇਥੋ ਦੇ ਹੁਕਮਰਾਨ ਕੌਮਾਂਤਰੀ ਪੱਧਰ ਤੇ ਕੋਈ ਆਪਣੀ ਸਾਖ ਬਾਰੇ ਗੱਲ ਕਰ ਸਕਦੇ ਹਨ, ਵਰਨਾ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਹੋ ਰਿਹਾ ਹਨਨ ਅਤੇ ਘੱਟ ਗਿਣਤੀ ਕੌਮਾਂ ਨਾਲ ਹੋ ਰਹੇ ਜ਼ਬਰ-ਜੁਲਮ ਕੌਮਾਂਤਰੀ ਪੱਧਰ ਤੇ ਇਨ੍ਹਾਂ ਹੁਕਮਰਾਨਾਂ ਦਾ ਜਨਾਜਾ ਕੱਢਣ ਵਿਚ ਆਖਰੀ ਕਿੱਲ ਸਾਬਤ ਹੋਣਗੇ ।