ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬਾਦਲਾਂ ਦੀ ਕਠਪੁਤਲੀ ਗਰਦਾਨਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਵਿੱਚ ਸ਼੍ਰੋਮਣੀ ਕਮੇਟੀ ਰੁਕਾਵਟ ਨਾ ਬਣੇ ਸਗੋਂ ਜਸਟਿਸ ਰਣਜੀਤ ਸਿੰਘ ਦੇ ਪੜਤਾਲੀਆ ਕਮਿਸ਼ਨ ਨੂੰ ਸਹਿਯੋਗ ਕਰਕੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਸਹਾਇਤਾ ਕਰੇ ਕਿਉਂਕਿ ਇਹ ਕਮਿਸ਼ਨ ਸੰਗਤਾਂ ਦੀ ਮੰਗ ਤੇ ਹੀ ਬਣਾਇਆ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ . ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਵੀ ਬਾਦਲ ਮੁੱਖ ਮੰਤਰੀ ਬਣਿਆ ਉਸ ਨੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਭਾਂਵੇ ਉਹ ਨਕਸਲੀ ਅੰਦੋਲਨ ਹੋਵੇ, ਭਾਂਵੇ ਉਹ ਪੰਜਾਬ ਵਿੱਚ ਵੱਧ ਅਧਿਕਾਰਾਂ ਦਾ ਮੁੱਦਾ ਹੋਵੇ ਅਤੇ ਭਾਂਵੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹੋਣ। ਉਹਨਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਇਹ ਕਹਿਣਾ ਕਿ ਕਾਂਗਰਸ ਸਰਕਾਰ ਨੇ ਕਮਿਸ਼ਨ ਬਣਾਇਆ ਹੈ ਜਿਹੜੀ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਹੈ ਜਦ ਕਿ ਕਮਿਸ਼ਨ ਸੰਗਤਾਂ ਦੀ ਮੰਗ ਤੇ ਕੈਪਟਨ ਸਰਕਾਰ ਨੇ ਬਣਾਇਆ ਹੈ। ਉਹਨਾਂ ਕਿਹਾ ਕਿ ਉਹ ਸੰਗਤਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਨ ਕਿ ਉਹ ਲੋਕ ਪੰਥ ਹਿਤੈਸ਼ੀ ਨਹੀ ਹੋ ਸਕਦੇ ਜਿਹੜੇ ਪੰਥਕ ਲੀਡਰਾਂ ਤੋ ਗੋਲੀਆਂ ਚਲਾ ਕੇ ਸੌਦਾ ਸਾਧ ਦੀ ਪੁਸ਼ਤਪਨਾਹੀ ਕਰਦੇ ਹਨ। ਉਹਨਾਂ ਕਿਹਾ ਕਿ ਸਭ ਤੋਂ ਵੱਧ ਗ੍ਰਿਫਤਾਰੀਆਂ ਸਿੱਖਾਂ ਦੀਆਂ ਬਾਦਲ ਦੇ 10 ਸਾਲਾ ਕੁਸ਼ਾਸ਼ਨ ਵਿੱਚ ਹੋਈਆਂ ਅਤੇ ਨਸ਼ਿਆਂ ਦਾ ਛੇਵਾਂ ਦਰਿਆ ਵੱਗਦਾ ਰਿਹਾ ਪਰ ਸ਼੍ਰੋਮਣੀ ਕਮੇਟੀ ਚੁੱਪ ਰਹੀ।
ਉਹਨਾਂ ਕਿਹਾ ਕਿ ਪ੍ਰੋ. ਬਡੂੰਗਰ ਨੂੰ ਚਾਹੀਦਾ ਸੀ ਉਹ ਬਾਦਲਾਂ ਦੀ ਕਠਪੁੱਤਲੀ ਨਾ ਬਣਦੇ ਸਗੋਂ ਖੁਦ ਰਿਕਾਰਡ ਲੈ ਕੇ ਜਾਂਦੇ ਤੇ ਕਮਿਸ਼ਨ ਨੂੰ ਸਹਿਯੋਗ ਕਰਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕਰਨ ਵਿੱਚ ਮਦਦ ਕਰਦੇ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਭਾਂਵੇ ਜਸਟਿਸ ਰਣਜੀਤ ਸਿੰਘ ਨੇ ਉਹਨਾਂ ਨੂੰ ਨਹੀਂ ਬੁਲਾਇਆ ਫਿਰ ਵੀ ਉਹ ਪੰਥ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਹੋਏ ਉਸੇ ਤਰ੍ਹਾਂ ਹੀ ਜਸਟਿਸ ਰਣਜੀਤ ਸਿੰਘ ਦੇ ਘਰ ਜਾਂਦੇ ਜਿਸ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਮਰਹੂਮ ਜਥੇਦਾਰ ਪਾਖੰਡੀ ਪਿਆਰਾ ਸਿੰਘ ਭਨਿਆਰੇ ਵਾਲੇ ਦੇ ਖਿਲਾਫ ਬਤੌਰ ਜਥੇਦਾਰ ਅਦਾਲਤ ਵਿੱਚ ਗਵਾਹੀ ਦੇਣ ਗਏ ਸਨ। ਉਸ ਸਮੇਂ ਵੀ ਪੰਥਕ ਮਸਲਾ ਸੀ ਤੇ ਹੁਣ ਵੀ ਪੰਥਕ ਮਸਲਾ ਹੈ। ਉਹਨਾਂ ਕਿਹਾ ਕਿ ਜਥੇਦਾਰ ਦਾ ਇਹ ਕਹਿਣਾ ਕਿ ਅਜਿਹਾ ਰਿਕਾਰਡ ਉਹਨਾਂ ਕੋਲ ਮੌਜੂਦ ਨਹੀਂ ਹੈ ਕੰਧ ਤੇ ਲਿਖਿਆ ਝੂਠ ਹੈ ਤੇ ਉਸ ਸਮੇਂ ਦੀਆ ਅਖਬਾਰਾਂ ਤੇ ਟੀ ਵੀ ਚੈਨਲਾਂ ਦਾ ਪਿੱਛਲਾ ਰਿਕਾਰਡ ਅੱਜ ਵੀ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਜਥੇਦਾਰ ਸੌਦਾ ਸਾਧ ਦਾ ਪੱਤਰ ਵਿਖਾ ਕੇ ਰਿਪੋਰਟਰਾਂ ਨੂੰ ਦੱਸ ਰਹੇ ਹਨ ਸੌਦਾ ਸਾਧ ਦੀ ਮੁਆਫੀ ਦਾ ਇਹ ਪੱਤਰ ਆਇਆ ਹੈ।
ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਇੱਕ ਕਾਬਲ ਜੱਜ ਹਨ ਤੇ ਉਹ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾ ਕਰਨ ਦੇ ਬਾਵਜੂਦ ਵੀ ਦੋਸ਼ੀਆਂ ਤੱਕ ਪਹੁੰਚ ਜਾਣਗੇ ਪਰ ਉਸ ਸਮੇਂ ਸ਼੍ਰੋਮਣੀ ਕਮੇਟੀ ਪਰਧਾਨ ਦੀ ਕੀ ਵੁਕਤ ਰਹਿ ਜਾਵੇਗੀ। ਉਹਨਾਂ ਕਿਹਾ ਕਿ ਪ੍ਰੋ. ਬਡੂੰਗਰ ਇੱਕ ਪੜੇ ਲਿਖੇ ਵਿਅਕਤੀ ਹਨ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੂੰ ਪ੍ਰਧਾਨ ਦੀਆਂ ਜਿੰਮੇਵਾਰੀਆ ਤੋ ਜਾਣਕਾਰੀ ਨਹੀ ਤਾਂ ਉਹ ਮਾਸਟਰ ਤਾਰਾ ਸਿੰਘ ਦਾ ਇਤਿਹਾਸ ਪੜਣ ਜਿਹੜੇ ਅਕਸਰ ਕਿਹਾ ਕਰਦੇ ਸਨ ਕਿ ਪੰਥ ਜੀਵੈ ਮੈਂ ਮਰਾਂ ਅਤੇ ਪੰਥ ਦੀ ਭਲਾਈ ਲਈ ਹੀ ਉਹ ਜੂਝਦੇ ਹੋਏ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਕਿਹਾ ਕਿ ਇਸ ਦੁਨੀਆਂ ਤੋਂ ਹਰ ਇਨਸਾਫ ਨੇ ਤੁਰ ਜਾਣਾ ਹੈ ਅਤੇ ਪ੍ਰੋ. ਬਡੂੰਗਰ ਨੇ ਕਮਿਸ਼ਨ ਨਾ ਸਹਿਯੋਗ ਕਰਨ ਦਾ ਬਿਆਨ ਦਾਗ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੂੰ ਲੈ ਕੇ ਇਤਿਹਾਸ ਕਦੇ ਮੁਆਫ ਨਹੀ ਕਰੇਗਾ। ਉਹਨਾਂ ਕਿਹਾ ਕਿ ਪ੍ਰੋ. ਬਡੂੰਗਰ ਵੱਲੋਂ ਕਮਿਸ਼ਨ ਸਹਿਯੋਗ ਨਾ ਦੇਣ ਦਾ ਸਿੱਧਾ ਸਾਧਾ ਅਰਥ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬੇਅਦਬੀ ਨਾਲ ਬਡੂੰਗਰ ਦੇ ਆਕਾ ਬਾਦਲਾਂ ਦਾ ਨਾਤਾ ਜੁੜਦਾ ਹੈ।